ਸੂਬਾਈ ਸਰਕਾਰਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਸਮੇਤ ਵੱਖ-ਵੱਖ ਹਲਕਿਆਂ ਦੇ ਵਧਦੇ ਦਬਾਅ ਅੱਗੇ ਝੁਕਦਿਆਂ, ਕੈਨੇਡਾ ਨੇ ਆਖਿਰਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਪਰਾਧਿਕ ਕੋਡ (Criminal Code) ਤਹਿਤ ਇੱਕ “ਅੱਤਵਾਦੀ” ਸੰਸਥਾ ਵਜੋਂ ਐਲਾਨ ਕਰ ਦਿੱਤਾ ਹੈ।
ਜਨਤਕ ਸੁਰੱਖਿਆ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਇੱਕ ਅਧਿਕਾਰਿਕ ਘੋਸ਼ਣਾ ਪੱਤਰ ਵਿੱਚ ਕਿਹਾ ਗਿਆ, “ਹਿੰਸਾ ਅਤੇ ਅੱਤਵਾਦ ਦੇ ਕਾਰਜਾਂ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ, ਖਾਸ ਕਰਕੇ ਉਹ ਜੋ ਡਰ ਅਤੇ ਡਰਾਉਣੇ ਮਾਹੌਲ ਪੈਦਾ ਕਰਨ ਲਈ ਖਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸੇ ਲਈ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦਸੰਗਰੀ ਨੇ ਅੱਜ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ ਅਪਰਾਧਿਕ ਕੋਡ ਤਹਿਤ ਇੱਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰ ਦਿੱਤਾ ਹੈ।”
ਇਸ ਐਲਾਨ ਦਾ ਵਿਆਪਕ ਤੌਰ 'ਤੇ ਸਵਾਗਤ ਕੀਤਾ ਗਿਆ ਹੈ, ਕਿਉਂਕਿ ਸਰਕਾਰੀ ਵਿਰੋਧੀ ਧਿਰ, ਕੰਜ਼ਰਵੇਟਿਵਾਂ ਦੇ ਮੈਂਬਰ, ਖਾਸ ਤੌਰ 'ਤੇ ਹਿੰਸਕ ਜਾਂ ਬੰਦੂਕ ਅਪਰਾਧਾਂ ਦੇ ਵਾਧੇ ਨੂੰ ਨਾ ਰੋਕ ਸਕਣ ਕਾਰਨ, ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਦੇ ਅਸਤੀਫ਼ੇ ਜਾਂ ਕੈਬਨਿਟ ਵਿੱਚੋਂ ਬਰਖਾਸਤਗੀ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਮੰਤਰੀ 'ਤੇ ਦਬਾਅ ਵਧ ਰਿਹਾ ਸੀ।
ਲਾਰੈਂਸ ਬਿਸ਼ਨੋਈ ਨੂੰ ਸ਼ਾਮਿਲ ਕਰਨ ਨਾਲ ਹੁਣ ਕੈਨੇਡਾ ਦੇ ਅਪਰਾਧਿਕ ਕੋਡ ਅਧੀਨ 88 ਅੱਤਵਾਦੀ ਸੰਗਠਨ ਸੂਚੀਬੱਧ ਹੋ ਚੁੱਕੇ ਹਨ। ਅਪਰਾਧਿਕ ਕੋਡ ਵਿੱਚ ਕਈ ਅਜਿਹੇ ਅਪਰਾਧ ਹਨ ਜੋ ਅੱਤਵਾਦੀ ਗਰੁੱਪਾਂ ਨਾਲ ਜੁੜੀ ਗਤੀਵਿਧੀਆਂ ਨੂੰ ਲੈ ਕੇ ਬਣਾਏ ਗਏ ਹਨ। ਉਦਾਹਰਨ ਵਜੋਂ, ਇਹ ਕੋਡ ਕਿਸੇ ਵੀ ਜਾਇਦਾਦ ਜਾਂ ਪੈਸੇ ਦੀ ਲੈਣ-ਦੇਣ ਨੂੰ ਰੋਕਦਾ ਹੈ ਜੋ ਕਿ ਕਿਸੇ ਅੱਤਵਾਦੀ ਗਰੁੱਪ ਦੇ ਅਧੀਨ ਹੋਵੇ ਜਾਂ ਉਨ੍ਹਾਂ ਲਈ ਲਾਭਕਾਰੀ ਹੋਵੇ, ਜਿਵੇਂ ਕਿ ਬੈਂਕਾਂ ਜਾਂ ਮਨੀ ਸਰਵਿਸ ਬਿਜ਼ਨਸਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਆਰਥਿਕ ਸੇਵਾਵਾਂ।
ਕੈਨੇਡਾ ਦੀ ਰਾਸ਼ਟਰੀ ਪੁਲਿਸ ਸਰਵਿਸ, RCMP, ਦੀਆਂ ਜ਼ਿੰਮੇਵਾਰੀਆਂ ਵਿੱਚ ਅੱਤਵਾਦ ਨਾਲ ਸੰਬੰਧਿਤ ਅਪਰਾਧਾਂ ਨੂੰ ਰੋਕਣਾ, ਪਛਾਣ ਕਰਨਾ ਅਤੇ ਜਾਂਚ ਕਰਨਾ ਸ਼ਾਮਿਲ ਹੈ ਅਤੇ ਇਹ ਸਾਰਾ ਕੰਮ ਨਿੱਜੀ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਇੱਜ਼ਤ ਕਰਦਿਆਂ ਕੀਤਾ ਜਾਂਦਾ ਹੈ। ਸੂਚੀਬੱਧ ਕਰਨਾ ਇਕ ਮਹੱਤਵਪੂਰਣ ਹਥਿਆਰ ਹੈ ਜੋ ਕਿ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਵਿੱਚ RCMP ਦੀ ਸਮਰਥਾ ਵਧਾਉਂਦਾ ਹੈ।
ਮੰਤਰੀ ਗੈਰੀ ਅਨੰਦਸੰਗਰੀ ਨੇ ਕਿਹਾ, “ਕੈਨੇਡਾ ਵਿੱਚ ਹਰ ਵਿਅਕਤੀ ਨੂੰ ਆਪਣੇ ਘਰ ਅਤੇ ਭਾਈਚਾਰੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ ਅਤੇ ਇੱਕ ਸਰਕਾਰ ਵਜੋਂ, ਇਹ ਸਾਡੀ ਮੁੱਖ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਰੱਖਿਆ ਕਰੀਏ। ਬਿਸ਼ਨੋਈ ਗੈਂਗ ਵੱਲੋਂ ਖਾਸ ਭਾਈਚਾਰਿਆਂ ਨੂੰ ਅੱਤਵਾਦ, ਹਿੰਸਾ ਅਤੇ ਧਮਕੀਆਂ ਦੇ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਇਸ ਗੈਂਗ ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨਾ ਸਾਨੂੰ ਉਨ੍ਹਾਂ ਦੇ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਹਥਿਆਰ ਦਿੰਦਾ ਹੈ।” ਇਸੇ ਦੌਰਾਨ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਅੱਤਵਾਦੀ ਘੋਸ਼ਿਤ ਕਰਨ ਦੇ ਫੈਸਲੇ ਦੀ ਤਾਰੀਫ਼ ਕੀਤੀ।
ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਇਹ ਐਲਾਨ ਕਈ ਮਹੀਨਿਆਂ ਦੀ ਕੋਸ਼ਿਸ਼ਾਂ ਦਾ ਨਤੀਜਾ ਹੈ ਜੋ ਨਗਰ ਪੱਧਰੀ ਆਗੂਆਂ, ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਭਾਈਚਾਰੇ ਦੀਆਂ ਸੰਗਠਨਾਂ ਵੱਲੋਂ ਕੀਤੀਆਂ ਗਈਆਂ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਜੂਨ 2025 ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦਸੰਗਰੀ ਨੂੰ ਲਿਖਿਆ ਪੱਤਰ ਵੀ ਸ਼ਾਮਲ ਸੀ, ਜਿਸ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਸੀ।
"ਬਿਸ਼ਨੋਈ ਗੈਂਗ ਇੱਕ ਅਤਿ-ਆਧੁਨਿਕ, ਅੰਤਰਰਾਸ਼ਟਰੀ ਅਤੇ ਬੇਰਹਿਮ ਸੰਗਠਨ ਹੈ," ਮੇਅਰ ਬ੍ਰਾਉਨ ਨੇ ਕਿਹਾ। ਨਾਲ ਹੀ ਉਹਨਾਂ ਕਿਹਾ, "ਜੇਕਰ ਕਾਨੂੰਨ ਪਾਬੰਦ ਏਜੰਸੀਆਂ ਨੇ ਇਨ੍ਹਾਂ ਦੇ ਜਾਲ ਨੂੰ ਖਤਮ ਕਰਨਾ ਹੈ, ਤਾਂ ਸਾਨੂੰ ਵੀ ਉਨ੍ਹਾਂ ਦੀ ਅਤਿ-ਆਧੁਨਿਕਤਾ ਨਾਲ ਮੇਲ ਖਾਣਾ ਪਵੇਗਾ — ਜਾਂ ਉਸ ਤੋਂ ਵੀ ਅੱਗੇ ਵਧਣਾ ਪਵੇਗਾ। ਇਹ ਨਵੀਂ ਘੋਸ਼ਣਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਪੈਸੇ ਦੀ ਲੇਣ-ਦੇਣ ਦੀ ਜਾਂਚ ਕਰਨ, ਭਰਤੀ ਨੂੰ ਰੋਕਣ ਅਤੇ ਆਵਾਜਾਈ ਤੇ ਕਮਿਊਨਿਕੇਸ਼ਨ ਲਿੰਕ ਨੂੰ ਬੰਦ ਕਰਨ ਦਾ ਅਧਿਕਾਰ ਦਿੰਦੀ ਹੈ, ਜੋ ਉਨ੍ਹਾਂ ਦੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹਨ।”
ਲਾਰੈਂਸ ਬਿਸ਼ਨੋਈ ਵੱਲੋਂ ਭਾਰਤ ਦੀ ਜੇਲ੍ਹ ਤੋਂ ਚਲਾਈ ਜਾ ਰਹੀ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਕਤਲਾਂ, ਵਸੂਲੀ ਦੀਆਂ ਸਕੀਮਾਂ ਅਤੇ ਧਮਕੀ ਦਿੰਦੀਆਂ ਮੁਹਿੰਮਾਂ ਨਾਲ ਜੋੜਿਆ ਗਿਆ ਹੈ, ਖਾਸ ਤੌਰ 'ਤੇ ਦੱਖਣੀ ਏਸ਼ੀਆਈ ਡਾਇਸਪੋਰਾ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਫੈਡਰਲ ਘੋਸ਼ਣਾ ਨੇ ਕੈਨੇਡੀਅਨ ਅਥਾਰਟੀਆਂ ਨੂੰ ਜਾਇਦਾਦ ਜ਼ਬਤ ਕਰਨ, ਬੈਂਕ ਖਾਤੇ ਫ੍ਰੀਜ਼ ਕਰਨ, ਵਾਹਨਾਂ ਨੂੰ ਜਬਤ ਕਰਨ ਅਤੇ ਯਾਤਰਾ ਨੂੰ ਰੋਕਣ ਦਾ ਅਧਿਕਾਰ ਦਿੱਤਾ ਹੈ। ਇਹ ਗੈਂਗ ਦੇ ਵਿੱਤ, ਭਰਤੀ ਅਤੇ ਸਰਹੱਦ ਪਾਰ ਦੀ ਆਵਾਜਾਈ ਨੂੰ ਨਿਸ਼ਾਨਾ ਬਣਾਉਣ ਲਈ ਤਾਕਤ ਪ੍ਰਦਾਨ ਕਰਦਾ ਹੈ। ਬਾਰਡਰ ਅਧਿਕਾਰੀਆਂ ਨੂੰ ਵੀ ਉਹਨਾਂ ਵਿਅਕਤੀਆਂ ਦੀ ਜਾਂਚ ਅਤੇ ਦਾਖ਼ਲਾ ਰੋਕਣ ਦੀ ਹੋਰ ਵਧੀਕ ਸ਼ਕਤੀ ਮਿਲੇਗੀ ਜੋ ਗੈਂਗ ਨਾਲ ਜੁੜੇ ਹੋ ਸਕਦੇ ਹਨ ਜਾਂ ਉਨ੍ਹਾਂ ਦੀ ਸਹਾਇਤਾ ਕਰ ਰਹੇ ਹੋਣ।
ਮੇਅਰ ਪੈਟ੍ਰਿਕ ਬ੍ਰਾਊਨ ਨੇ ਫੈਡਰਲ ਸਰਕਾਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪੀਲ ਰੀਜਨਲ ਪੁਲਿਸ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਤਤਕਾਲ ਕਾਰਵਾਈ ਲਈ ਕੀਤੀ ਅਪੀਲ ‘ਤੇ ਧਿਆਨ ਦਿੱਤਾ। ਇਸਦੇ ਨਾਲ-ਨਾਲ ਕਈ ਹੋਰ ਨਗਰ ਪੱਧਰੀ ਆਗੂਆਂ ਨੇ ਵੀ ਇਹ ਮੰਗ ਕੀਤੀ ਸੀ, ਜਿਵੇਂ ਕਿ ਸਰੀ ਦੀ ਮੇਅਰ ਬ੍ਰੈਂਡਾ ਲੌਕ, ਐਡਮੰਟਨ ਦੇ ਮੇਅਰ ਅਮਰਜੀਤ ਸੋਹੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਏਲ ਸਮਿਥ।
ਬ੍ਰਾਊਨ ਨੇ ਕਿਹਾ, “ਇਹ ਘੋਸ਼ਣਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਜਿਹੇ ਜ਼ਰੂਰੀ ਹਥਿਆਰ ਦਿੰਦੀ ਹੈ ਜੋ ਭਾਈਚਾਰਿਆਂ ਦੀ ਰੱਖਿਆ ਕਰਨ, ਵਧ ਰਹੀ ਹਿੰਸਾ ਅਤੇ ਵਸੂਲੀ ਨੂੰ ਰੋਕਣ ਅਤੇ ਲੋਕਾਂ ਦਾ ਭਰੋਸਾ ਵਾਪਸ ਲਿਆਉਣ ਲਈ ਜ਼ਰੂਰੀ ਹੈ। ਮੈਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਮੰਤਰੀ ਅਨੰਦਸੰਗਰੀ ਦਾ ਖਾਸ ਤੌਰ 'ਤੇ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਇਸ ਗੰਭੀਰ ਮਾਮਲੇ ਉੱਤੇ ਤਤਕਾਲੀ ਕਾਰਵਾਈ ਕੀਤੀ।” ਮੇਅਰ ਨੇ ਇਸ ਗੱਲ ਨੂੰ ਦੁਹਰਾਇਆ ਕਿ ਬ੍ਰੈਂਪਟਨ ਸ਼ਹਿਰ ਫੈਡਰਲ, ਸੂਬਾ ਅਤੇ ਨਗਰ ਪੱਧਰੀ ਸਾਂਝੇਦਾਰਾਂ ਨਾਲ ਮਿਲਕੇ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਹੁਣ, ਜਦੋਂ ਕਿ ਬਿਸ਼ਨੋਈ ਗੈਂਗ ਨੂੰ ਇੱਕ ਸੂਚੀਬੱਧ ਇਕਾਈ ਵਜੋਂ ਦਰਜ ਕਰ ਦਿੱਤਾ ਗਿਆ ਹੈ, ਇਸਦਾ ਅਰਥ ਹੈ ਕਿ ਇਸ ਗਰੁੱਪ ਨੇ ਕੈਨੇਡਾ ਦੇ ਅਪਰਾਧਿਕ ਕੋਡ ਅਨੁਸਾਰ "ਅੱਤਵਾਦੀ ਸੰਗਠਨ" ਦੀ ਪਰਿਭਾਸ਼ਾ ਨੂੰ ਪੂਰਾ ਕਰ ਲਿਆ ਹੈ। ਅੱਤਵਾਦੀ ਸੂਚੀਕਰਨ ਦਾ ਮਤਲਬ ਹੈ ਕਿ ਉਸ ਸਮੂਹ ਦੀ ਕੈਨੇਡਾ ਵਿੱਚ ਮਲਕੀਅਤ ਵਾਲੀ ਕੋਈ ਵੀ ਚੀਜ਼, ਜਾਇਦਾਦ, ਵਾਹਨ, ਪੈਸਾ, ਫ੍ਰੀਜ਼ ਜਾਂ ਜ਼ਬਤ ਕੀਤੀ ਜਾ ਸਕਦੀ ਹੈ। ਇਹ ਕੈਨੇਡੀਅਨ ਕਾਨੂੰਨ ਅਧਿਕਾਰੀਆਂ ਨੂੰ ਅੱਤਵਾਦੀ ਅਪਰਾਧਾਂ, ਖ਼ਾਸ ਕਰਕੇ ਵਿੱਤੀ ਸਹਾਇਤਾ, ਯਾਤਰਾ ਅਤੇ ਭਰਤੀ ਨਾਲ ਸਬੰਧਤ ਅਪਰਾਧਾਂ ਦੀ ਜਾਂਚ ਅਤੇ ਕਾਰਵਾਈ ਵਿੱਚ ਹੋਰ ਅਧਿਕਾਰ ਦਿੰਦੀ ਹੈ।
ਉਦਾਹਰਨ ਵਜੋਂ, ਕੈਨੇਡਾ ਦੇ ਅੰਦਰ ਜਾਂ ਵਿਦੇਸ਼ ਵਿੱਚ ਕੋਈ ਵੀ ਵਿਅਕਤੀ ਜੇਕਰ ਜਾਣ-ਬੁੱਝ ਕੇ ਕਿਸੇ ਅੱਤਵਾਦੀ ਸੰਗਠਨ ਦੀ ਮਲਕੀਅਤ ਜਾਂ ਸੰਪਤੀ ਨਾਲ ਸੌਦਾ ਕਰਦਾ ਹੈ, ਤਾਂ ਇਹ ਅਪਰਾਧ ਹੈ। ਇੰਨਾ ਹੀ ਨਹੀਂ, ਜੇਕਰ ਕੋਈ ਵਿਅਕਤੀ ਕਿਸੇ ਅੱਤਵਾਦੀ ਸੰਗਠਨ ਨੂੰ ਜਾਣ-ਬੁੱਝ ਕੇ ਸਿੱਧਾ ਜਾਂ ਅਸਿੱਧਾ ਤੌਰ 'ਤੇ ਸੰਪਤੀ ਜਾਂ ਵਿੱਤੀ ਸਹਾਇਤਾ ਦਿੰਦਾ ਹੈ, ਤਾਂ ਉਹ ਵੀ ਅਪਰਾਧ ਮੰਨਿਆ ਜਾਂਦਾ ਹੈ।
ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਹੈ, ਜੋ ਮੁੱਖ ਤੌਰ 'ਤੇ ਭਾਰਤ ਵਿੱਚ ਆਧਾਰਤ ਹੈ। ਇਹ ਗੈਂਗ ਕੈਨੇਡਾ ਵਿੱਚ ਵੀ ਸਰਗਰਮ ਹੈ, ਖ਼ਾਸ ਕਰਕੇ ਉਥੇ ਜਿੱਥੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੀ ਵਧੀਕ ਸੰਖਿਆ ਹੈ। ਇਹ ਗੈਂਗ ਕਤਲ, ਗੋਲੀਆਂ ਚਲਾਉਣ, ਅੱਗ ਲਗਾਉਣ ਅਤੇ ਧਮਕੀ ਰਾਹੀਂ ਅੱਤਵਾਦ ਫੈਲਾਉਣ ਵਿੱਚ ਲਗਾਤਾਰ ਲੱਗੀ ਹੋਈ ਹੈ। ਇਹ ਭਾਈਚਾਰਿਆਂ, ਉਨ੍ਹਾਂ ਦੇ ਪ੍ਰਮੁੱਖ ਮੈਂਬਰਾਂ, ਵਪਾਰੀਆਂ ਅਤੇ ਸੱਭਿਆਚਾਰਕ ਨਾਇਕਾਂ ਨੂੰ ਨਿਸ਼ਾਨਾ ਬਣਾ ਕੇ ਅਸੁਰੱਖਿਆ ਦਾ ਮਾਹੌਲ ਬਣਾਉਂਦੀ ਹੈ।
ਬਿਸ਼ਨੋਈ ਗੈਂਗ ਦੀ ਸੂਚੀਬੱਧਤਾ ਕੈਨੇਡਾ ਦੀਆਂ ਸੁਰੱਖਿਆ, ਖੁਫੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉਨ੍ਹਾਂ ਦੇ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਭਾਈਚਾਰਿਆਂ ਨੂੰ ਹੋਰ ਸੁਰੱਖਿਅਤ ਬਣਾਉਣ ਵਿੱਚ ਮਦਦ ਕਰੇਗੀ।
Comments
Start the conversation
Become a member of New India Abroad to start commenting.
Sign Up Now
Already have an account? Login