ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਪੰਜਾਬ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਚੁਣੇ ਹੋਏ ਪ੍ਰਤੀਨਿਧੀਆਂ (ਗਵਰਨਰ) ਨੂੰ ਮਿਲਣ ਲਈ ਸਮਾਂ ਹੈ, ਪਰ ਲੋਕਾਂ ਵੱਲੋਂ ਚੁਣੇ ਪ੍ਰਤੀਨਿਧੀਆਂ ਨੂੰ ਉਹ ਅਣਡਿੱਠਾ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਅਜਿਹੇ ਨਾਟਕ ਕਰਕੇ ਲੋਕਾਂ ਦੇ ਫਤਵੇ ਦੀ ਬੇਇੱਜ਼ਤੀ ਕਰ ਰਹੀ ਹੈ ਜੋ "ਪੂਰੀ ਤਰ੍ਹਾਂ ਅਣਉਚਿਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ "ਅਣ-ਐਲਾਨਿਆ ਰਾਸ਼ਟਰਪਤੀ ਰਾਜ" ਲਾਗੂ ਕਰ ਦਿੱਤਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਸੰਵਿਧਾਨ ਦੇ ਮੂਲ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦਾ ਵੀ ਦੋਸ਼ ਲਗਾਇਆ।
ਦਸ ਦਈਏ ਕਿ ਸੀ.ਐਮ. ਮਾਨ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹਾਲ ਹੀ ਵਿਚ ਆਈਆਂ ਹੜ੍ਹਾਂ ਅਤੇ ਰਾਹਤ ਕਾਰਜਾਂ ਨੂੰ ਲੈ ਕੇ ਚਰਚਾ ਵਿੱਚ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੁਆਵਜ਼ਾ ਵਧਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, “ਇਸ ਗੰਭੀਰ ਸੰਕਟ ਦੀ ਘੜੀ ਵਿੱਚ ਵੀ ਕੇਂਦਰੀ ਮੰਤਰੀ ਮਦਦ ਕਰਨ ਦੀ ਥਾਂ ਪੰਜਾਬ ਆ ਕੇ ਸਿਰਫ਼ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸੈਰ ਕਰਕੇ ਚਲੇ ਗਏ।”
ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਵੱਲੋਂ ਐਲਾਨਿਆ 1,600 ਕਰੋੜ ਰੁਪਏ ਦਾ ਮੁਆਵਜ਼ਾ ਪੰਜਾਬ ਲਈ ਇੱਕ ਗੰਦਾ ਮਜ਼ਾਕ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵਿੱਚੋਂ ਵੀ 240 ਕਰੋੜ, ਜੋ ਸੂਬੇ ਨੂੰ ਐਸ.ਡੀ.ਆਰ.ਐਫ. (SDRF) ਤੋਂ ਮਿਲਣੇ ਸਨ, ਉਹ ਵੀ ਸ਼ਾਮਲ ਕਰ ਦਿੱਤੇ ਗਏ ਹਨ। ਇਸ ਦੇ ਉਲਟ ਪ੍ਰਧਾਨ ਮੰਤਰੀ ਚੋਣੀ ਰਾਜਾਂ ਜਿਵੇਂ ਬਿਹਾਰ ਵਿੱਚ ਵੱਡੇ ਪੈਕੇਜ ਦਾ ਐਲਾਨ ਕਰ ਰਹੇ ਹਨ। ਅਸੀਂ ਪੰਜਾਬ ਨਾਲ ਹੋ ਰਹੇ ਇਸ ਸੌਤੇਲੇ ਵਿਵਹਾਰ ਦਾ ਵਿਰੋਧ ਕਰਦੇ ਹਾਂ ਅਤੇ ਮੈਂ ਇਹ ਮਸਲਾ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਰੱਖਾਂਗਾ।”
ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੰਜਾਬ 'ਚ ਆਏ ਹੜ੍ਹ ਤੇ ਕੇਂਦਰ ਸਰਕਾਰ ਵਲੋਂ ਦਿੱਤੇ ਮੁਆਵਜ਼ੇ ਨੂੰ ਲੈਕੇ ਸੀ.ਐਮ. ਮਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ। ਮੀਟਿੰਗ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣਾ ਪੱਖ ਰੱਖਣਾ ਮੇਰੀ ਜ਼ਿੰਮੇਦਾਰੀ ਹੈ। ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਰਸਾਈ ਅਤੇ ਸੂਬੇ ਲਈ ਹੋਰ ਫੰਡ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਸ਼ਾਹ ਨੇ ਭਰੋਸਾ ਦਿਵਾਇਆ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਹੋਰ ਫੰਡ ਦੇਣ ਦੀ ਕੋਸ਼ਿਸ਼ ਕਰਨਗੇ।
ਵਿਧਾਨ ਸਭਾ 'ਚ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ ਦੀ ਹੜ੍ਹ ਪੀੜਤ ਪੰਜਾਬ ਲਈ ਖਾਸ ਵਿੱਤੀ ਪੈਕੇਜ ਨਾ ਦੇਣ ਦੀ ਨਿੰਦਾ ਕੀਤੀ ਗਈ। ਜਦੋਂ ਇਹ ਪ੍ਰਸਤਾਵ ਪਾਸ ਹੋਇਆ, ਬੀਜੇਪੀ ਦੇ ਦੋਵੇਂ ਵਿਧਾਇਕ ਹਾਜ਼ਰ ਨਹੀਂ ਸਨ।
ਵਿਰੋਧੀ ਧਿਰ ਦੇ ਆਗੂ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਸ ਨੇ ਹੜ੍ਹ ਲਈ ਤਿਆਰੀ ਦੇ ਮਾਮਲੇ ‘ਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਵਾਬਦੇਹੀ ਅਤੇ ਸੱਚਾਈ ਚਾਹੀਦੀ ਹੈ, ਨਾ ਕਿ ਧਿਆਨ ਭਟਕਾਉਣ ਵਾਲੀ ਰਾਜਨੀਤੀ।
ਦੂਜੇ ਪਾਸੇ ਪੰਜਾਬ ਬੀਜੇਪੀ ਨੇ ਆਪਣੇ ਦਫ਼ਤਰ ਨੇੜੇ “ਲੋਕ ਸਭਾ” ਕੀਤੀ, ਜਿਸ ਵਿੱਚ ਪਾਰਟੀ ਆਗੂਆਂ ਨੇ ਪੰਜਾਬ ਸਰਕਾਰ ‘ਤੇ ਹੜ੍ਹ-ਰੋਕਥਾਮ ਲਈ ਜ਼ਰੂਰੀ ਕਦਮ ਨਾ ਚੁੱਕਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਇੱਕ ਪ੍ਰਸਤਾਵ ਪਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੜ੍ਹ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਦੀਆਂ ਨਾਕਾਮੀਆਂ ਦੀ ਨਿੰਦਾ ਕੀਤੀ। ਬੀਜੇਪੀ ਨੇ ਐਸ.ਡੀ.ਆਰ.ਐਫ. ਫੰਡਾਂ ਦੇ ਕਥਿਤ ਗ਼ਲਤ ਇਸਤੇਮਾਲ ਦੀ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login