Representative Image / IANS
ਫੈਡਰਲ ਗ੍ਰੈਂਡ ਜਿਊਰੀ ਵੱਲੋਂ ਜਾਰੀ ਕੀਤੇ ਗਏ ਦੋਸ਼ ਪੱਤਰਾਂ ਅਨੁਸਾਰ, ਨਿਊ ਜਰਸੀ ਵਿੱਚ ਸੰਘੀ ਸਰਕਾਰੀ ਵਕੀਲਾਂ ਨੇ ਦੋ ਵਿਅਕਤੀਆਂ 'ਤੇ ਰਾਸ਼ਟਰਪਤੀ ਚੋਣਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਵੋਟ ਪਾਉਣ ਅਤੇ ਬਾਅਦ ਵਿੱਚ ਅਮਰੀਕੀ ਨਾਗਰਿਕਤਾ ਲਈ ਅਪਲਾਈ ਕਰਦੇ ਸਮੇਂ ਸਹੁੰ ਚੁੱਕ ਕੇ ਝੂਠ ਬੋਲਣ ਦੇ ਦੋਸ਼ ਲਗਾਏ ਹਨ।
22 ਦਸੰਬਰ 2025 ਨੂੰ ਦਾਖ਼ਲ ਕੀਤੇ ਗਏ ਇਲਜ਼ਾਮਾਂ ਵਿੱਚ 37 ਸਾਲਾ ਮੁਹੰਮਦ ਮੁਜ਼ੰਮਲ ਅਤੇ 62 ਸਾਲਾ ਮੁਹੰਮਦ ਸ਼ਕੀਲ ਉੱਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਨਿਊ ਜਰਸੀ ਵਿੱਚ ਵੋਟਰ ਵਜੋਂ ਦਰਜ ਹੋਣ ਲਈ ਆਪਣੇ ਆਪ ਨੂੰ ਝੂਠੇ ਤੌਰ ’ਤੇ ਅਮਰੀਕੀ ਨਾਗਰਿਕ ਦੱਸਿਆ ਅਤੇ ਨਵੰਬਰ 2020 ਦੀ ਆਮ ਚੋਣਾਂ ਵਿੱਚ ਵੋਟ ਪਾਈ, ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਵੀ ਸ਼ਾਮਲ ਸੀ।
ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਵੋਟਰ ਵਜੋਂ ਰਜਿਸਟਰ ਹੋਣ ਸਮੇਂ ਦੋਵੇਂ ਵਿਅਕਤੀ ਗੈਰ-ਨਾਗਰਿਕ ਸਨ। ਦੋਸ਼ ਪੱਤਰਾਂ ਅਨੁਸਾਰ, ਆਪਣੇ ਵੋਟਰ ਰਜਿਸਟ੍ਰੇਸ਼ਨ ਫਾਰਮਾਂ 'ਤੇ ਹਰੇਕ ਵਿਅਕਤੀ ਨੇ ਝੂਠਾ ਪ੍ਰਮਾਣ ਦਿੱਤਾ ਕਿ ਉਹ ਅਮਰੀਕਾ ਦਾ ਨਾਗਰਿਕ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਰਜਿਸਟ੍ਰੇਸ਼ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਅਤੇ ਦੋਵਾਂ ਨੇ ਨਾਗਰਿਕਤਾ ਨਾ ਹੋਣ ਦੇ ਬਾਵਜੂਦ 2020 ਦੀਆਂ ਆਮ ਚੋਣਾਂ ਵਿੱਚ ਵੋਟ ਪਾਈ।
ਸੰਘੀ ਕਾਨੂੰਨ ਅਨੁਸਾਰ ਕੇਵਲ ਅਮਰੀਕੀ ਨਾਗਰਿਕਾਂ ਨੂੰ ਹੀ ਸੰਘੀ ਚੋਣਾਂ ਵਿੱਚ ਵੋਟ ਪਾਉਣ ਅਤੇ ਰਜਿਸਟਰ ਕਰਨ ਦੀ ਆਗਿਆ ਹੈ।
ਦੋਸ਼ ਪੱਤਰ ਵਿੱਚ ਇਹ ਵੀ ਦੱਸਿਆ ਗਿਆ ਕਿ ਵੋਟ ਪਾਉਣ ਤੋਂ ਬਾਅਦ ਦੋਵਾਂ ਨੇ ਅਮਰੀਕੀ ਨਾਗਰਿਕ ਬਣਨ ਲਈ ਅਰਜ਼ੀ ਦਿੱਤੀ। ਇਸ ਲਈ ਉਨ੍ਹਾਂ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਕੋਲ ਨੈਚਰਲਾਈਜ਼ੇਸ਼ਨ ਲਈ ਅਰਜ਼ੀ (ਫਾਰਮ N-400) ਜਮ੍ਹਾਂ ਕਰਵਾਈ। ਇਸ ਫਾਰਮ ਲਈ ਬਿਨੈਕਾਰਾਂ ਨੂੰ ਸਹੁੰ ਚੁੱਕ ਕੇ ਇਹ ਪੁਸ਼ਟੀ ਕਰਨੀ ਪੈਂਦੀ ਹੈ ਕਿ ਉਨ੍ਹਾਂ ਦੁਆਰਾ ਦਿੱਤੀ ਗਈ ਜਾਣਕਾਰੀ ਮੁਕੰਮਲ, ਸੱਚੀ ਅਤੇ ਸਹੀ ਹੈ।
ਵਕੀਲਾਂ ਦੇ ਅਨੁਸਾਰ, ਮੁਜ਼ੰਮਲ ਅਤੇ ਸ਼ਕੀਲ ਦੋਵਾਂ ਨੇ ਆਪਣੀਆਂ N-400 ਅਰਜ਼ੀਆਂ ਵਿੱਚ ਝੂਠ ਲਿਖਿਆ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਸੰਘੀ, ਰਾਜੀ ਜਾਂ ਸਥਾਨਕ ਚੋਣ ਵਿੱਚ ਵੋਟ ਪਾਉਣ ਲਈ ਰਜਿਸਟਰ ਨਹੀਂ ਕੀਤਾ ਅਤੇ ਨਾ ਹੀ ਵੋਟ ਪਾਈ।
ਅਰਜ਼ੀਆਂ ਜਮ੍ਹਾਂ ਕਰਵਾਉਣ ਤੋਂ ਬਾਅਦ, ਦੋਵਾਂ ਨਾਲ ਇਮੀਗ੍ਰੇਸ਼ਨ ਸੇਵਾਵਾਂ ਦੇ ਅਧਿਕਾਰੀਆਂ ਵੱਲੋਂ ਇੰਟਰਵਿਊ ਕੀਤੇ ਗਏ। ਇਨ੍ਹਾਂ ਇੰਟਰਵਿਊਆਂ ਦੌਰਾਨ ਉਨ੍ਹਾਂ ਕੋਲੋਂ ਸਹੁੰ ਚੁੱਕਵਾ ਕੇ ਨੈਚੁਰਲਾਈਜ਼ੇਸ਼ਨ ਫਾਰਮਾਂ ਵਿੱਚ ਦਿੱਤੀ ਗਈ ਜਾਣਕਾਰੀ ਬਾਰੇ ਪੁੱਛਗਿੱਛ ਕੀਤੀ ਗਈ। ਦੋਸ਼ ਪੱਤਰਾਂ ਵਿੱਚ ਕਿਹਾ ਗਿਆ ਹੈ ਇਨ੍ਹਾਂ ਇੰਟਰਵਿਊਆਂ ਦੌਰਾਨ ਵੀ ਦੋਵਾਂ ਵਿਅਕਤੀਆਂ ਨੇ ਮੁੜ ਝੂਠਾ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਕਿਸੇ ਸੰਘੀ, ਰਾਜ ਜਾਂ ਸਥਾਨਕ ਚੋਣਾਂ ਵਿੱਚ ਵੋਟ ਨਹੀਂ ਪਾਈ।
ਅਦਾਲਤੀ ਰਿਕਾਰਡਾਂ ਮੁਤਾਬਕ, ਮੁਹੰਮਦ ਮੁਜ਼ੰਮਲ ਬਰਗਨ ਕਾਊਂਟੀ ਵਿੱਚ ਰਹਿੰਦਾ ਇੱਕ ਕਾਨੂੰਨੀ ਸਥਾਈ ਨਿਵਾਸੀ ਸੀ, ਜੋ ਲਗਭਗ ਅਗਸਤ 2017 ਵਿੱਚ F43 ਵੀਜ਼ੇ ’ਤੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਵਕੀਲਾਂ ਦਾ ਦੋਸ਼ ਹੈ ਕਿ ਉਸ ਨੇ 16 ਸਤੰਬਰ 2020 ਨੂੰ ਨਿਊ ਜਰਸੀ ਵਿੱਚ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਕਰਵਾਈ ਅਤੇ ਝੂਠੇ ਤੌਰ ’ਤੇ ਆਪਣੇ ਆਪ ਨੂੰ ਅਮਰੀਕੀ ਨਾਗਰਿਕ ਦੱਸਿਆ।
ਇਸ ਰਜਿਸਟ੍ਰੇਸ਼ਨ ਦੇ ਆਧਾਰ ’ਤੇ ਮੁਜ਼ੰਮਲ ਉੱਤੇ ਨਵੰਬਰ 2020 ਦੀ ਆਮ ਚੋਣ ਵਿੱਚ ਵੋਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਸ 'ਤੇ ਆਪਣੀ ਨੈਚੁਰਲਾਈਜ਼ੇਸ਼ਨ ਇੰਟਰਵਿਊ ਦੌਰਾਨ ਸਹੁੰ ਚੁੱਕ ਕੇ ਝੂਠੇ ਬਿਆਨ ਦੇਣ ਅਤੇ ਆਪਣੇ N-400 ਫਾਰਮ ਵਿੱਚ ਗਲਤ ਜਾਣਕਾਰੀ ਦੇ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵੀ ਲਾਏ ਗਏ ਹਨ।
ਸ਼ਕੀਲ ਖ਼ਿਲਾਫ਼ ਦਾਇਰ ਦੋਸ਼ ਪੱਤਰ ਵਿੱਚ ਵੀ ਇਸੇ ਤਰ੍ਹਾਂ ਦੇ ਦੋਸ਼ ਸ਼ਾਮਲ ਹਨ, ਜਿਨ੍ਹਾਂ ਵਿੱਚ 2020 ਦੀ ਚੋਣ ਵਿੱਚ ਗੈਰਕਾਨੂੰਨੀ ਵੋਟਿੰਗ ਅਤੇ ਨਾਗਰਿਕਤਾ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਝੂਠੇ ਬਿਆਨ ਦੇਣਾ ਸ਼ਾਮਲ ਹੈ। ਜੇਕਰ ਦੋਵੇਂ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਕਾਫ਼ੀ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login