ADVERTISEMENT

ADVERTISEMENT

ਡਿਊਟੀ ਦੌਰਾਨ ਭਾਰਤੀ ਮੂਲ ਦੇ ਕੈਨੇਡੀਅਨ ਪੁਲਿਸ ਅਧਿਕਾਰੀ ਦੀ ਮੌਤ

ਓਨਟਾਰੀਓ ਵਿੱਚ ਵਾਹਨ ਰੋਕਣ ਦੀ ਕਾਰਵਾਈ ਦੌਰਾਨ ਪ੍ਰੋਵਿੰਸ਼ੀਅਲ ਕਾਂਸਟੇਬਲ ਤਰੁਣ ਬਾਲੀ ਦੀ ਮੌਤ; 18 ਸਾਲਾ ਨੌਜਵਾਨ ’ਤੇ ਕਤਲ ਸਮੇਤ ਕਈ ਦੋਸ਼

 ਤਰੁਣ ਬਾਲੀ ਤਰੁਣ ਬਾਲੀ / Ontario Provinical Police

ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਡਿਊਟੀ ਦੌਰਾਨ ਭਾਰਤੀ ਮੂਲ ਦੇ ਕੈਨੇਡੀਅਨ ਪੁਲਿਸ ਅਧਿਕਾਰੀ ਪ੍ਰੋਵਿੰਸ਼ੀਅਲ ਕਾਂਸਟੇਬਲ ਤਰੁਣ ਬਾਲੀ ਦੀ ਮੌਤ ਹੋ ਗਈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਦੇ ਕਮਿਸ਼ਨਰ ਥਾਮਸ ਕੈਰਿਕ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ 29 ਸਾਲਾ ਤਰੁਣ ਬਾਲੀ ਹੁਰਸਟ ਸ਼ਹਿਰ ਵਿੱਚ ਡਿਊਟੀ ਨਿਭਾਉਂਦੇ ਹੋਏ ਜਾਨ ਗੁਆ ਬੈਠੇ।

 

ਕਮਿਸ਼ਨਰ ਕੈਰਿਕ ਨੇ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਤਰੁਣ ਬਾਲੀ ਦਾ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਬਾਲੀ ਦੇ ਪਰਿਵਾਰ, ਸਹਿਕਰਮੀਆਂ ਅਤੇ ਸਮੂਹ ਪੁਲਿਸ ਭਾਈਚਾਰੇ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।

 

ਪੁਲਿਸ ਮੁਤਾਬਕ ਤਰੁਣ ਬਾਲੀ ਅਤੇ ਜੇਮਜ਼ ਬੇ ਡਿਟੈਚਮੈਂਟ ਦੇ ਹੋਰ ਅਧਿਕਾਰੀ ਇੱਕ ਜਾਂਚ ਦੇ ਸਬੰਧ ਵਿੱਚ ਹੁਰਸਟ ਵਿੱਚ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਵਾਹਨ ਨੂੰ ਕਾਬੂ ਕਰਨ ਦੀ ਕਾਰਵਾਈ ਵਿੱਚ ਬਾਲੀ ਉਸ ਦੀ ਚਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

ਘਟਨਾ ਤੋਂ ਬਾਅਦ ਪੁਲਿਸ ਨੇ 18 ਸਾਲਾ ਜਸਟਿਨ ਵੈਰੋਨੋ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਦੀ ਪਛਾਣ ਹੁਰਸਟ ਦੇ ਰਹਿਣ ਵਾਲੇ ਵਜੋਂ ਕੀਤੀ ਹੈ। ਉਸ ਖ਼ਿਲਾਫ਼ ਕਤਲ, ਪੁਲਿਸ ਅਧਿਕਾਰੀ ’ਤੇ ਹਮਲਾ, ਪੁਲਿਸ ਤੋਂ ਭੱਜਣ, ਗ੍ਰਿਫ਼ਤਾਰੀ ਦਾ ਵਿਰੋਧ ਕਰਨ, ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਅਤੇ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਦੇ ਦੋਸ਼ ਲਗਾਏ ਗਏ ਹਨ।

 

ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਤਰੁਣ ਬਾਲੀ ਮੂਲ ਰੂਪ ਵਿੱਚ ਬ੍ਰੈਂਪਟਨ ਦੇ ਰਹਿਣ ਵਾਲੇ ਸਨ ਅਤੇ ਪੁਲਿਸ ਅਧਿਕਾਰੀ ਬਣਨਾ ਉਨ੍ਹਾਂ ਦਾ ਸੁਪਨਾ ਸੀ। ਉਨ੍ਹਾਂ ਕਿਹਾ ਕਿ ਬਾਲੀ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਲਈ ਸਮਰਪਿਤ ਸਨ ਅਤੇ ਇਸ ਵੇਲੇ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ।

 

ਓਪੀਪੀ ਵੱਲੋਂ ਜਾਰੀ ਬਿਆਨ ਅਨੁਸਾਰ ਮੁਲਜ਼ਮ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਨੂੰ 24 ਜੂਨ 2026 ਨੂੰ ਹੁਰਸਟ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ।

 

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਐਸੋਸੀਏਸ਼ਨ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਸਬਾਤੀਨੀ ਨੇ ਕਿਹਾ ਕਿ ਇਹ ਪੂਰੇ ਪੁਲਿਸ ਭਾਈਚਾਰੇ ਲਈ ਵੱਡਾ ਸਦਮਾ ਹੈ ਅਤੇ ਹਰ ਪੁਲਿਸ ਅਧਿਕਾਰੀ ਅਤੇ ਉਸ ਦੇ ਪਰਿਵਾਰ ਦਾ ਸਭ ਤੋਂ ਵੱਡਾ ਡਰ ਅਜਿਹੀ ਘਟਨਾ ਹੀ ਹੁੰਦੀ ਹੈ।

 

ਉਨ੍ਹਾਂ ਕਿਹਾ ਕਿ ਇਹ ਘਟਨਾ ਯਾਦ ਦਿਵਾਉਂਦੀ ਹੈ ਕਿ ਓਨਟਾਰੀਓ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਪੁਲਿਸ ਅਧਿਕਾਰੀ ਹਰ ਰੋਜ਼ ਕਿੰਨੇ ਖ਼ਤਰਿਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੇ ਤਰੁਣ ਬਾਲੀ ਦੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕਰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

Comments

Related