ADVERTISEMENTs

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਸਬੰਧੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ‘ਚ ਤਣਾਅ

ਸ਼੍ਰੋਮਣੀ ਕਮੇਟੀ ਵੱਲੋਂ ਐਲਾਨੇ ਪ੍ਰੋਗਰਾਮਾਂ ਦੀਆਂ ਤਰੀਕਾਂ ‘ਤੇ ਸਰਕਾਰ ਵੱਲੋਂ ਵੱਖਰੇ ਸਮਾਗਮ ਐਲਾਨੇ ਗਏ ਹਨ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਵੱਲੋਂ ਸਟੇਟ ਪੱਧਰ ‘ਤੇ ਸਮਾਗਮ ਉਲੀਕਣ ਦਾ ਐਲਾਨ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ ਅਜਿਹਾ ਨਾ ਕਰਨ ਲਈ ਕਿਹਾ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਇਸ ਦਿਹਾੜੇ ਨੂੰ ਸਮਰਪਿਤ ਢੁੱਕਵੀਆਂ ਯਾਦਗਾਰਾਂ ਬਨਾਉਣ ਵੱਲ ਧਿਆਨ ਦੇਵੇ, ਨਾ ਕਿ ਧਾਰਮਿਕ ਸਮਾਗਮਾਂ ਰਾਹੀਂ ਟਕਰਾਅ ਵਾਲਾ ਮਾਹੌਲ ਪੈਦਾ ਕਰੇ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਾਲ ਪਹਿਲਾਂ ਹੀ ਸ਼ਤਾਬਦੀ ਸਬੰਧੀ ਪ੍ਰੋਗਰਾਮ ਉਲੀਕੇ ਜਾ ਚੁੱਕੇ ਹਨ, ਜਿਸ ਦੀ ਸ਼ੁਰੂਆਤ ਅਪ੍ਰੈਲ 2025 ’ਚ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਕੀਤੀ ਗਈ ਸੀ। ਇਸੇ ਤਹਿਤ ਹੁਣ ਦੇਸ਼ ਭਰ ਦੇ ਵੱਖ-ਵੱਖ ਹਿੱਸਿਆ ਵਿਚ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਲੀਕੇ ਸਮਾਗਮਾਂ ਦੀਆਂ ਤਰੀਕਾਂ ਅਨੁਸਾਰ ਹੀ ਸਰਕਾਰ ਵੱਲੋਂ ਵੱਖਰੇ ਪ੍ਰੋਗਰਾਮਾਂ ਦਾ ਐਲਾਨ ਕਰਨਾ ਸੰਗਤਾਂ ਵਿਚ ਦੁਬਿਧਾ ਦਾ ਕਾਰਨ ਬਣੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੇ ਤੰਜ ਕੱਸਦਿਆਂ ਸਵਾਲ ਕੀਤਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ, ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ, ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮੇਤ ਕਰੀਬ 12 ਸ਼ਤਾਬਦੀਆਂ ਪ੍ਰਤੀ ਸਰਕਾਰ ਨੇ ਸੰਜੀਦਗੀ ਕਿਉਂ ਨਹੀਂ ਦਿਖਾਈ?

ਪਿਛਲੇ ਸਮਿਆਂ ਦੌਰਾਨ ਸ਼ਤਾਬਦੀਆਂ ਮੌਕੇ  ਸਰਕਾਰਾਂ ਨੇ ਉਸ ਵਿਚ ਸਹਿਯੋਗ ਕਰਦਿਆਂ ਉਨ੍ਹਾਂ ਦਿਹਾੜਿਆਂ ਨੂੰ ਸਮਰਪਿਤ ਵੱਡੀਆਂ ਯਾਦਗਾਰਾਂ ਬਣਾਈਆਂ। 1969 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਅਤੇ ਗੁਰੂ ਸਾਹਿਬ ਦੇ ਨਾਂ ’ਤੇ ਕਈ ਕਾਲਜ, 1999 ਵਿਚ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰ ਵੱਲੋਂ ਵਿਰਾਸਤ-ਏ-ਖਾਲਸਾ ਤੇ ਪੰਜ ਪਿਆਰਾ ਪਾਰਕ ਅਤੇ 2010 ’ਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫ਼ਤਹਿ ਦਿਵਸ ਨੂੰ ਸਮਰਪਿਤ ਚੱਪੜਚਿੜੀ ਵਿਖੇ ਇਤਿਹਾਸਕ ਯਾਦਗਾਰ ਇਸ ਦੀ ਉਦਾਹਰਣ ਹਨ। 

ਸੋ ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਸ਼ਤਾਬਦੀਆਂ ਮੌਕੇ ਕੁਝ ਅਜਿਹਾ ਕੀਤਾ ਜਾਵੇ ਕਿ ਹਮੇਸ਼ਾਂ ਲਈ ਇਹ ਸਮਾਂ ਯਾਦਗਾਰੀ ਬਣ ਜਾਵੇ। ਧਾਰਮਿਕ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video