ADVERTISEMENT

ADVERTISEMENT

ਹੜ੍ਹ ਪੀੜਤਾਂ ਲਈ ਅੱਗੇ ਆਈ ਐਸਜੀਪੀਸੀ: ਸਰਕਾਰ ਨੂੰ ਬਣਾਇਆ ਨਿਸ਼ਾਨਾ

ਧਾਮੀ ਨੇ ਕਿਹਾ ਕਿ ਇਹ ਹੜ੍ਹ ਸਿਰਫ਼ ਕੁਦਰਤੀ ਆਫ਼ਤ ਨਹੀਂ, ਸਗੋਂ "ਸਰਕਾਰੀ ਲਾਪਰਵਾਹੀ" ਦਾ ਸਿੱਧਾ ਨਤੀਜਾ ਹੈ

ਹੜ੍ਹ ਪੀੜਤਾਂ ਲਈ ਅੱਗੇ ਆਈ ਐਸਜੀਪੀਸੀ: ਸਰਕਾਰ ਨੂੰ ਬਣਾਇਆ ਨਿਸ਼ਾਨਾ / Wikipedia and instagram

ਪੰਜਾਬ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ ਨੇ ਪੀੜਤ ਲੋਕਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਪਰ ਇਸ ਸੰਕਟ ਦੇ ਵਿਚਕਾਰ ਇਨਸਾਨੀਅਤ ਦੀ ਇਕ ਮਿਸਾਲ ਵੀ ਦੇਖਣ ਨੂੰ ਮਿਲੀ ਹੈ। ਰਾਜਨੀਤਿਕ, ਧਾਰਮਿਕ ਨੇਤਾਵਾਂ ਤੋਂ ਇਲਾਵਾ ਕਲਾਕਾਰਾਂ, ਗਾਇਕਾਂ ਅਤੇ ਹੋਰ ਸੰਸਥਾਵਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਹੜ੍ਹਾਂ ਨੂੰ ਲੈਕੇ ਜਿੱਥੇ  ਸਿਆਸਤ ਗਰਮਾਈ ਹੋਈ ਹੈ ਉਥੇ ਹੀ ਸਰਕਾਰ ਵੀ ਸਵਾਲਾਂ ਦੇ ਘੇਰੇ 'ਚ ਆਈ ਹੋਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ‘ਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ ਲਗਾਇਆ ਕਿ ਇਹ ਹੜ੍ਹ "ਸਰਕਾਰੀ ਲਾਪਰਵਾਹੀ" ਦਾ ਨਤੀਜਾ ਹੈ। ਉਨ੍ਹਾਂ ਪਿੰਡਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਐਸਜੀਪੀਸੀ ਵੱਲੋਂ ਹਰ ਸੰਭਵ ਸਹਾਇਤਾ ਦੇ ਭਰੋਸੇ ਦਿੱਤੇ।

ਧਾਮੀ ਨੇ ਕਿਹਾ ਕਿ ਇਹ ਹੜ੍ਹ ਸਿਰਫ਼ ਕੁਦਰਤੀ ਆਫ਼ਤ ਨਹੀਂ, ਸਗੋਂ "ਸਰਕਾਰੀ ਲਾਪਰਵਾਹੀ" ਦਾ ਸਿੱਧਾ ਨਤੀਜਾ ਹੈ। ਜੇ ਸਮੇਂ ‘ਤੇ ਡੈਮਾਂ ਤੋਂ ਪਾਣੀ ਹੌਲੀ-ਹੌਲੀ ਛੱਡਿਆ ਜਾਂਦਾ ਤਾਂ ਪੰਜਾਬ ਵਿੱਚ ਅਜਿਹੀ ਵੱਡੀ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਲੋਕਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਹੈ, ਜਿਸ ਕਰਕੇ ਲੋਕਾਂ ਨੂੰ ਉਹ ਜ਼ਿੰਮੇਵਾਰੀਆਂ ਨਿਭਾਉਣ ਲਈ ਮਜ਼ਬੂਰ ਹੋਣਾ ਪਿਆ ਜੋ ਸਰਕਾਰ ਦੀਆਂ ਸਨ।

ਉਨ੍ਹਾਂ ਕਿਹਾ ਕਿ ਬੰਨ੍ਹਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਡਿਊਟੀ ਹੈ, ਪਰ ਦੁੱਖ ਦੀ ਗੱਲ ਹੈ ਕਿ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਪਿੰਡਵਾਸੀ ਆਪਣੇ ਘਰਾਂ ਦੀ ਰੱਖਿਆ ਲਈ ਮਿੱਟੀ ਪਾ ਕੇ ਬੰਨ੍ਹਾਂ ਨੂੰ ਖੁਦ ਹੀ ਮਜ਼ਬੂਤ ਕਰਨ ‘ਤੇ ਮਜਬੂਰ ਹਨ। ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਹੜ੍ਹ-ਪ੍ਰਭਾਵਿਤ ਪਿੰਡਾਂ ਦੇ ਜ਼ਿੰਮੇਵਾਰ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਜ਼ਰੂਰਤਾਂ ਨੂੰ ਸਮਝਿਆ ਹੈ ਅਤੇ ਐਸਜੀਪੀਸੀ ਹਰ ਤਰੀਕੇ ਨਾਲ ਮਦਦ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਐਸਜੀਪੀਸੀ ਵੱਲੋਂ ਸੁਲਤਾਨਪੁਰ ਲੋਧੀ ਖੇਤਰ ਦੇ ਕਈ ਪਿੰਡਾਂ ਵਿੱਚ ਬੰਨ੍ਹਾਂ ਦੀ ਮਜ਼ਬੂਤੀ ਲਈ 38,000 ਲੀਟਰ ਡੀਜ਼ਲ ਮੁਹੱਈਆ ਕਰਵਾਇਆ ਗਿਆ ਹੈ। ਧਾਮੀ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਕਿਸਾਨਾਂ ਦੀ ਕਣਕ ਬਿਜਾਈ ਵਿੱਚ ਸਹਾਇਤਾ ਕਰਨ ਲਈ ਯਤਨ ਕਰ ਰਹੀ ਹੈ। ਲਗਭਗ ਇੱਕ ਲੱਖ ਏਕੜ ਜ਼ਮੀਨ ਲਈ ਬੀਜ ਦੀ ਵਿਵਸਥਾ ਕੀਤੀ ਜਾਵੇਗੀ, ਜਿਸ ਲਈ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਗੁਣਵੱਤਾ ਵਾਲਾ ਬੀਜ ਮੁਹੱਈਆ ਕਰਵਾਇਆ ਜਾਵੇਗਾ।

ਇਸ ਤੋਂ ਇਲਾਵਾ, ਪ੍ਰਭਾਵਿਤ ਖੇਤਰਾਂ ਦੇ ਗੁਰਦੁਆਰਿਆਂ ਨੂੰ 50,000 ਰੁਪਏ ਪ੍ਰਤੀ ਗੁਰਦੁਆਰਾ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਨੇ ਸਰਕਾਰ ਕੋਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਡੀਜ਼ਲ ‘ਤੇ ਟੈਕਸ ਮੁਆਫ਼ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਇਸ ਮੌਕੇ ਐਸਜੀਪੀਸੀ ਤੋਂ ਇਲਾਵਾ ਮੁੰਬਈ ਸ਼ਹਿਰ ਨੇ ਇਕ ਵੱਡੇ ਏਕਜੁੱਟਤਾ ਦੇ ਕਦਮ ਵਜੋਂ, ਪੰਜਾਬ ਲਈ ਹੜ੍ਹ ਰਾਹਤ ਸਮੱਗਰੀ ਭੇਜੀ ਹੈ, ਜਿਸ ਦੀ ਕੀਮਤ 1 ਕਰੋੜ ਰੁਪਏ ਹੈ।

ਟੀਮ ਰਿਲੀਫ ਪੰਜਾਬ ਫ਼ਲੱਡਜ਼ ਵੱਲੋਂ ਇਹ ਸਮੱਗਰੀ ਨਵੀਂ ਮੁੰਬਈ ਦੇ ਗੁਰਦੁਆਰਾ ਖਾਰਘਰ ਤੋਂ ਰਵਾਨਾ ਕੀਤੀ ਗਈ। ਇਹ ਰਾਹਤ ਕਾਫ਼ਲਾ 1 ਅਤੇ 2 ਅਕਤੂਬਰ 2025 ਨੂੰ ਪੰਜਾਬ ਦੇ ਡੇਰਾ ਬਾਬਾ ਨਾਨਕ ਪਹੁੰਚੇਗਾ, ਜੋ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ‘ਚੋਂ ਇੱਕ ਹੈ।

ਪਹਿਲੇ ਪੜਾਅ ‘ਚ 500 ਪ੍ਰਭਾਵਿਤ ਪਰਿਵਾਰਾਂ ਨੂੰ ਖ਼ਾਸ ਤਰੀਕੇ ਨਾਲ ਤਿਆਰ ਕੀਤੇ ਰਾਹਤ ਕਿਟ ਦਿੱਤੇ ਜਾਣਗੇ। ਇਨ੍ਹਾਂ ਵਿੱਚ ਮੰਜੇ ਸਮੇਤ ਗੱਦੇ, ਰਜਾਈਆਂ, ਕੰਬਲ, ਜੈਂਟਸ ਲੋਈ, ਲੇਡੀਜ਼ ਸ਼ਾਲ ਅਤੇ ਬਰਤਨ ਸ਼ਾਮਲ ਹਨ। 2 ਅਕਤੂਬਰ, ਦਸ਼ਹਿਰੇ ਵਾਲੇ ਦਿਨ ਵਾਲੰਟੀਅਰ ਪੂਰਾ ਦਿਨ ਪ੍ਰਭਾਵਿਤ ਪਰਿਵਾਰਾਂ ਨਾਲ ਬਿਤਾਉਣਗੇ ਅਤੇ ਉਨ੍ਹਾਂ ਨੂੰ ਹੌਸਲਾ, ਸਹਿਯੋਗ ਤੇ ਸਾਂਝ ਦਾ ਅਹਿਸਾਸ ਕਰਵਾਉਣਗੇ।

ਇਸ ਯਤਨ ਨੂੰ ਕਈ ਸੰਸਥਾਵਾਂ ਅਤੇ ਵਿਅਕਤਗਤ ਯੋਗਦਾਨਕਾਰੀਆਂ ਦਾ ਸਹਿਯੋਗ ਮਿਲਿਆ ਹੈ, ਜਿਸ ਨਾਲ ਕੁੱਲ 1 ਕਰੋੜ ਰੁਪਏ ਇਕੱਠੇ ਹੋਏ ਹਨ। 1 ਅਕਤੂਬਰ ਨੂੰ ਖਡੂਰ ਸਾਹਿਬ ਤੋਂ ਸਵੇਰੇ 8 ਵਜੇ ਸਥਾਨਕ ਤੌਰ ‘ਤੇ ਖਰੀਦੀ ਸਮੱਗਰੀ ਦੀ ਵੰਡ ਸ਼ੁਰੂ ਕੀਤੀ ਜਾਵੇਗੀ। 2 ਅਕਤੂਬਰ ਨੂੰ ਹੋਰ ਕਾਫ਼ਲੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ‘ਚ ਪਹੁੰਚ ਕੇ ਸਹਾਇਤਾ ਮੁਹੱਈਆ ਕਰਵਾਉਣਗੇ।

ਆਉਣ ਵਾਲੇ ਸਮੇਂ ‘ਚ ਟੀਮ ਡੀਜ਼ਲ, ਬੀਜ, ਕੀਟਨਾਸ਼ਕ ਅਤੇ ਦਵਾਈਆਂ ਪ੍ਰਦਾਨ ਕਰਨ ‘ਤੇ ਧਿਆਨ ਦੇਵੇਗੀ, ਤਾਂ ਜੋ ਖੇਤੀਬਾੜੀ ਮੁੜ ਸ਼ੁਰੂ ਹੋ ਸਕੇ ਅਤੇ ਲੋਕਾਂ ਦੀ ਰੋਜ਼ੀ-ਰੋਟੀ ਵਾਪਸ ਚੱਲ ਸਕੇ। ਇਸ ਤੋਂ ਇਲਾਵਾ, ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਉਨ੍ਹਾਂ ਲਈ ਘਰਾਂ ਦੀ ਮੁੜ-ਨਿਰਮਾਣ ਸਹਾਇਤਾ ਵੀ ਕੀਤੀ ਜਾਵੇਗੀ, ਤਾਂ ਜੋ ਪਰਿਵਾਰਾਂ ਨੂੰ ਦੁਬਾਰਾ ਛੱਤ ਮਿਲ ਸਕੇ।

ਟੀਮ ਰਿਲੀਫ ਪੰਜਾਬ ਫ਼ਲੱਡਜ਼ ਦੇ ਚੇਅਰਮੈਨ ਬਲ ਮਲਕੀਤ ਸਿੰਘ ਨੇ ਕਿਹਾ, "ਇਹ ਸਿਰਫ਼ ਰਾਹਤ ਦੇਣ ਦੀ ਗੱਲ ਨਹੀਂ, ਇਹ ਉਹਨਾਂ ਪਰਿਵਾਰਾਂ ਵਿੱਚ ਉਮੀਦ ਮੁੜ ਜਗਾਉਣ ਦੀ ਗੱਲ ਹੈ ਜਿਨ੍ਹਾਂ ਨੇ ਸਭ ਕੁਝ ਗੁਆ ਲਿਆ ਸੀ। ਅਸੀਂ ਸਭ ਮਿਲ ਕੇ ਇੱਕ ਭਾਈਚਾਰੇ ਵਜੋਂ ਯਕੀਨੀ ਬਣਾਵਾਂਗੇ ਕਿ ਪੰਜਾਬ ਦੁਬਾਰਾ ਹੋਰ ਮਜ਼ਬੂਤੀ ਨਾਲ ਖੜ੍ਹੇ ਹੋਵੇ।"

Comments

Related