ADVERTISEMENTs

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਐਲਾਨ! ਬ੍ਰਿਕਸ ਦੇਸ਼ਾਂ 'ਤੇ 10% ਟੈਰਿਫ਼ 'ਬਹੁਤ ਜਲਦ'

8 ਜੁਲਾਈ ਨੂੰ ਵ੍ਹਾਈਟ ਹਾਊਸ ਵਿੱਚ ਹੋਈ ਕੈਬਿਨੇਟ ਮੀਟਿੰਗ ਦੌਰਾਨ ਉਨ੍ਹਾਂ ਇਹ ਐਲਾਨ ਕੀਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / Reuters

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 8 ਜੁਲਾਈ ਨੂੰ ਕਿਹਾ ਕਿ ਅਮਰੀਕਾ “ਬਹੁਤ ਜਲਦ” ਬ੍ਰਿਕਸ ਦੇਸ਼ਾਂ ਤੋਂ ਆਯਾਤ 'ਤੇ 10 ਫੀਸਦੀ ਟੈਰਿਫ਼ ਲਗਾਏਗਾ। ਇਸ ਤੋਂ ਬਾਅਦ, ਬ੍ਰਾਜ਼ੀਲ ਦੇ ਰਾਸ਼ਟਰਪਤੀ ਡਾ ਸਿਲਵਾ, ਜਿਨ੍ਹਾਂ ਨੇ ਹਾਲ ਹੀ ਵਿੱਚ ਬ੍ਰਿਕਸ ਦੇ ਸਾਲਾਨਾ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ, ਉਨ੍ਹਾਂ ਟਰੰਪ ‘ਤੇ ਇੱਕ ਹੋਰ ਤੰਜ ਕੱਸ ਦਿੱਤਾ।

ਟਰੰਪ ਨੇ 6 ਜੁਲਾਈ ਨੂੰ ਇਸ ਟੈਰਿਫ਼ ਦੀ ਧਮਕੀ ਦਿੱਤੀ ਸੀ। 8 ਜੁਲਾਈ ਨੂੰ ਵ੍ਹਾਈਟ ਹਾਊਸ ਵਿੱਚ ਹੋਈ ਕੈਬਿਨੇਟ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਹ ਜਲਦੀ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਜੋ ਵੀ ਬ੍ਰਿਕਸ ਦਾ ਮੈਂਬਰ ਹੈ, ਉਸ ਉੱਤੇ ਬਹੁਤ ਜਲਦ 10% ਟੈਰਿਫ਼ ਲਾਗੂ ਹੋਵੇਗਾ। ਜੇਕਰ ਉਹ ਬ੍ਰਿਕਸ ਦੇ ਮੈਂਬਰ ਹਨ, ਤਾਂ ਉਨ੍ਹਾਂ ਨੂੰ ਇਹ ਟੈਰਿਫ਼ ਦੇਣਾ ਹੋਵੇਗਾ — ਅਤੇ ਉਹ ਜ਼ਿਆਦਾ ਸਮੇਂ ਤੱਕ ਮੈਂਬਰ ਨਹੀਂ ਰਹਿਣਗੇ।”

ਪਿਛਲੇ ਸਾਲ ਬ੍ਰਿਕਸ ਗਰੁੱਪ ਦਾ ਵਿਸਥਾਰ ਕਰਦੇ ਹੋਏ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਤੋਂ ਇਲਾਵਾ ਈਰਾਨ ਅਤੇ ਇੰਡੋਨੇਸ਼ੀਆ ਵਰਗੇ ਨਵੇਂ ਦੇਸ਼ਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਸੀ। ਰਿਓ ਡੀ ਜੇਨੇਰਿਓ ਵਿੱਚ ਹੋਏ ਸ਼ਿਖਰ ਸੰਮੇਲਨ ਦੌਰਾਨ ਨੇਤਾਵਾਂ ਨੇ ਅਮਰੀਕਾ ਦੀ ਫੌਜੀ ਅਤੇ ਵਪਾਰਕ ਨੀਤੀਆਂ ਦੀ ਅਸਿੱਧੇ ਤੌਰ 'ਤੇ ਆਲੋਚਨਾ ਕੀਤੀ ਸੀ।

ਟਰੰਪ ਦੀ ਟੈਰਿਫ ਧਮਕੀ 'ਤੇ ਬ੍ਰਾਜ਼ੀਲ ਅਤੇ ਬ੍ਰਿਕਸ ਦਾ ਜਵਾਬ

ਟਰੰਪ ਵੱਲੋਂ ਬ੍ਰਿਕਸ ਦੇਸ਼ਾਂ 'ਤੇ 10% ਟੈਰਿਫ਼ ਲਗਾਉਣ ਦੀ ਧਮਕੀ ਦੇਣ 'ਤੇ, ਬ੍ਰਾਜ਼ੀਲ ਦੇ ਰਾਸ਼ਟਰਪਤੀ ਡਾ ਸਿਲਵਾ ਨੇ 7 ਜੁਲਾਈ ਨੂੰ ਬ੍ਰਿਕਸ ਸ਼ਿਖਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ “ਦੁਨੀਆਂ ਕਿਸੇ ਸਮਰਾਟ ਨੂੰ ਨਹੀਂ ਚਾਹੁੰਦੀ।” 

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਤੋਂ ਬਾਅਦ, ਉਨ੍ਹਾਂ ਨੇ 8 ਜੁਲਾਈ ਨੂੰ ਆਪਣੀ ਹੋਰ ਅਸਹਿਮਤੀ ਪ੍ਰਗਟਾਈ। ਬ੍ਰਾਸੀਲੀਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ: “ਅਸੀਂ ਬ੍ਰਿਕਸ ਸ਼ਿਖਰ ਸੰਮੇਲਨ ਬਾਰੇ ਕਿਸੇ ਵੀ ਕਿਸਮ ਦੀ ਸ਼ਿਕਾਇਤ ਕਬੂਲ ਨਹੀਂ ਕਰਾਂਗੇ। ਅਸੀਂ ਅਮਰੀਕੀ ਰਾਸ਼ਟਰਪਤੀ ਦੇ ਇਸ ਦਾਅਵੇ ਨਾਲ ਸਹਿਮਤ ਨਹੀਂ ਕਿ ਉਹ ਬ੍ਰਿਕਸ ਦੇਸ਼ਾਂ 'ਤੇ ਟੈਰਿਫ਼ ਲਗਾਉਣ ਜਾ ਰਹੇ ਹਨ।”

ਟਰੰਪ ਨੇ ਟੈਰਿਫ਼ ਲਾਗੂ ਹੋਣ ਦੀ ਕੋਈ ਨਿਰਧਾਰਤ ਮਿਤੀ ਨਹੀਂ ਦੱਸੀ। ਹਾਲਾਂਕਿ, 7 ਜੁਲਾਈ ਨੂੰ ਇਸ ਮਾਮਲੇ ਨਾਲ ਜਾਣੂ ਇੱਕ ਸੂਤਰ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਟੈਰਿਫ਼ ਤਦ ਹੀ ਲਗਾਏਗਾ ਜਦੋਂ ਕੋਈ ਦੇਸ਼ ਅਮਰੀਕਾ ਵਿਰੋਧੀ ਨੀਤੀਆਂ ਅਪਣਾਏਗਾ। 

8 ਜੁਲਾਈ ਨੂੰ ਟਰੰਪ ਨੇ ਕੋਈ ਸਬੂਤ ਨਾ ਦਿੰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਬ੍ਰਿਕਸ ਗਰੁੱਪ ਦਾ ਉਦੇਸ਼ ਅਮਰੀਕਾ ਅਤੇ ਵਿਸ਼ਵ ਦੀ ਰਿਜਰਵ ਕਰੰਸੀ ਵਜੋਂ ਅਮਰੀਕੀ ਡਾਲਰ ਦੀ ਭੂਮਿਕਾ ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਕਿਹਾ, “ਪਰ ਅਸੀਂ ਇਹ ਨਹੀਂ ਹੋਣ ਦਿਆਂਗੇ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video