ADVERTISEMENTs

ਏਅਰ ਇੰਡੀਆ ਹਾਦਸੇ ਦੀ ਜਾਂਚ ਰਿਪੋਰਟ 'ਚ ਖੁਲਾਸਾ: ਇਕ ਸਕਿੰਟ ਨੇ ਬਦਲ ਦਿੱਤਾ ਹਵਾਈ ਯਾਤਰਾ ਦਾ ਮੰਜ਼ਰ

ਫਿਓਲ ਕੰਟਰੋਲ ਸਵਿੱਚ ਬੰਦ ਹੋਣ ਨਾਲ ਵਾਪਰਿਆ ਹਾਦਸਾ

ਏਅਰ ਇੰਡੀਆ ਜਹਾਜ਼ / courtesy photo

12 ਜੂਨ ਦੀ ਸਵੇਰ, ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉੱਡਦਾ ਏਅਰ ਇੰਡੀਆ ਦਾ ਬੋਇੰਗ 787-8 ਸਿਰਫ ਕੁਝ ਸਕਿੰਟਾਂ ਵਿੱਚ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਨੇ ਘੱਟੋ-ਘੱਟ 260 ਲੋਕਾਂ ਦੀ ਜਾਨ ਲੈ ਲਈ ਅਤੇ ਕਈ ਸਵਾਲ ਛੱਡ ਗਿਆ ਕਿ ਆਖਿਰ ਕੀ ਗੜਬੜ ਹੋਈ?

ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਵਿੱਚ ਜਹਾਜ਼ ਹਾਦਸੇ ਦੇ ਮੁੱਖ ਕਾਰਨਾਂ 'ਤੇ ਰੌਸ਼ਨੀ ਪਾਈ ਗਈ ਹੈ। ਇਹ ਰਿਪੋਰਟ ਭਾਰਤ ਦੇ ਦਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਜਾਰੀ ਕੀਤੀ ਗਈ ਹੈ।

ਰਿਪੋਰਟ ਦੇ ਅਨੁਸਾਰ, ਜਹਾਜ਼ ਦੇ ਦੋਵੇਂ ਫਿਊਲ ਕੰਟਰੋਲ ਸਵਿੱਚ - ਜਿਨ੍ਹਾਂ ਨਾਲ ਇੰਜਣ ਬੰਦ ਕੀਤੇ ਜਾਂਦੇ ਹਨ, ਜਹਾਜ਼ ਦੇ ਉਡਾਣ ਭਰਦੇ ਹੀ ਕੱਟ-ਆਫ ਸਥਿਤੀ ਵਿੱਚ ਚਲੇ ਗਏ ਸਨ। ਕਾਕਪਿਟ ਵੌਇਸ ਰਿਕਾਰਡਿੰਗ ਵਿੱਚ, ਇੱਕ ਪਾਇਲਟ ਦੂਜੇ ਤੋਂ ਪੁੱਛਦਾ ਹੈ ਕਿ ਉਸਨੇ ਕੱਟ-ਆਫ ਕਿਉਂ ਕੀਤਾ? ਜਵਾਬ ਵਿੱਚ, ਦੂਜਾ ਪਾਇਲਟ ਕਹਿੰਦਾ ਹੈ ਕਿ ਉਸਨੇ ਅਜਿਹਾ ਨਹੀਂ ਕੀਤਾ।

ਰਿਪੋਰਟ ਨੇ ਤਕਨੀਕੀ ਖਾਮੀ ਜਾਂ ਮਕੈਨਿਕਲ ਗੜਬੜ ਦੀ ਸੰਭਾਵਨਾ ਜ਼ਰੂਰ ਦੱਸੀ, ਪਰ ਇਹ ਨਹੀਂ ਖੁਲਾਸਾ ਕੀਤਾ ਕਿ ਆਖਿਰ ਈਂਧਨ ਸਪਲਾਈ ਕੱਟੇ ਜਾਣ ਦਾ ਕਾਰਨ ਕੀ ਸੀ।

ਹਾਦਸੇ ਤੋਂ ਬਾਅਦ AAIB ਦੇ ਡੀਜੀ ਸਮੇਤ ਪੰਜ ਅਧਿਕਾਰੀ ਅਹਿਮਦਾਬਾਦ ਪੁੱਜੇ। DGCA ਦੇ ਏਅਰ ਸੇਫ਼ਟੀ ਡਾਇਰੈਕਟੋਰੇਟ ਦੇ ਤਿੰਨ ਹੋਰ ਅਧਿਕਾਰੀ ਵੀ ਜਾਂਚ ਵਿੱਚ ਸ਼ਾਮਿਲ ਹੋਏ। ਹਾਦਸੇ ਦੀ ਸੂਚਨਾ ਅੰਤਰਰਾਸ਼ਟਰੀ ਨਾਗਰਿਕ ਹਵਾਈ ਸੰਸਥਾ (ICAO) ਦੇ ਨਿਯਮਾਂ ਅਧੀਨ ਅਮਰੀਕੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ (NTSB) ਨੂੰ ਵੀ ਦਿੱਤੀ ਗਈ, ਕਿਉਂਕਿ ਬੋਇੰਗ ਜਹਾਜ਼ ਅਤੇ GE ਇੰਜਣਾਂ ਦਾ ਨਿਰਮਾਣ ਅਮਰੀਕਾ ਵਿੱਚ ਹੋਇਆ ਸੀ। NTSB ਦੇ ਪ੍ਰਤਿਨਿਧੀ ਦੀ ਅਗਵਾਈ ਹੇਠ ਬੋਇੰਗ, GE ਅਤੇ FAA ਦੇ ਤਜਰਬੇਕਾਰ ਅਧਿਕਾਰੀ ਜਾਂਚ ਵਿੱਚ ਸ਼ਾਮਿਲ ਹੋਏ। UK ਦੇ AAIB ਦਾ ਇੱਕ ਦਲ ਵੀ ਇਸ ਜਾਂਚ ਵਿੱਚ ਜੁੜਿਆ। ਭਾਰਤੀ ਜਾਂਚ ਦਲ ਦੀ ਅਗਵਾਈ ਸੰਜੈ ਕੁਮਾਰ ਸਿੰਘ ਨੇ ਕੀਤੀ। 

ਜਾਂਚ ਦੀ ਸ਼ੁਰੂਆਤੀ ਰਿਪੋਰਟ ਅਨੁਸਾਰ, "ਜਹਾਜ਼ ਨੇ ਦੁਪਹਿਰ 1 ਵੱਜ ਕੇ 38 ਮਿੰਟ 42 ਸਕਿੰਟ 'ਤੇ ਵੱਧ ਤੋਂ ਵੱਧ ਰਿਕਾਰਡ ਕੀਤੀ ਗਈ 180 ਨੌਟਸ ਦੀ ਏਅਰਸਪੀਡ ਪ੍ਰਾਪਤ ਕੀਤੀ ਅਤੇ ਇਸ ਤੋਂ ਤੁਰੰਤ ਬਾਅਦ, ਇੰਜਣ 1 ਅਤੇ ਇੰਜਣ 2 ਦੇ ਫਿਊਲ ਕੱਟ-ਆਫ ਸਵਿੱਚ ਇੱਕ-ਇੱਕ ਕਰਕੇ... ਰਨ ਤੋਂ ਕਟ-ਆਫ ਸਥਿਤੀ ਵਿੱਚ ਚਲੇ ਗਏ, ਇਨ੍ਹਾਂ ਵਿਚਕਾਰ 1 ਸਕਿੰਟ ਦਾ ਅੰਤਰ ਸੀ।"

ਰਿਪੋਰਟ ਵਿੱਚ ਦੱਸਿਆ ਗਿਆ ਹੈ ਇਸ ਤੋਂ ਬਾਅਦ, "ਕਾਕਪਿਟ ਵੌਇਸ ਰਿਕਾਰਡਿੰਗ ਵਿੱਚ, ਇੱਕ ਪਾਇਲਟ ਦੂਜੇ ਨੂੰ ਪੁੱਛਦਾ ਸੁਣਿਆ ਜਾਂਦਾ ਹੈ ਕਿ ਉਸਨੇ ਕੱਟ-ਆਫ ਕਿਉਂ ਕੀਤਾ। ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ।"

ਲਗਭਗ 10 ਸਕਿੰਟਾਂ ਬਾਅਦ, ਇੰਜਣ 1 ਦਾ ਫਿਊਲ ਕੱਟ-ਆਫ ਸਵਿੱਚ 'ਕੱਟ-ਆਫ' ਤੋਂ 'ਰਨ' ਵੱਲ ਚਲਾ ਗਿਆ। ਫਿਰ ਚਾਰ ਸਕਿੰਟਾਂ ਬਾਅਦ, ਇੰਜਣ 2 ਦਾ ਫਿਊਲ ਕੱਟ-ਆਫ ਸਵਿੱਚ ਵੀ 'ਕੱਟ-ਆਫ' ਤੋਂ 'ਰਨ' ਵੱਲ ਚਲਾ ਗਿਆ। ਹੁਣ ਸਮਾਂ 1 ਵੱਜ ਕੇ 38 ਮਿੰਟ 56 ਸਕਿੰਟ ਸੀ।

1 ਵੱਜ ਕੇ 39 ਮਿੰਟ 50 ਸਕਿੰਟ 'ਤੇ ਨੌਂ ਸਕਿੰਟ ਬਾਅਦ, ਇੱਕ ਪਾਇਲਟ ਨੇ ਜ਼ਮੀਨ 'ਤੇ ਮੌਜੂਦ ਹਵਾਈ ਆਵਾਜਾਈ ਨਿਯੰਤਰਣ ਅਧਿਕਾਰੀਆਂ ਨੂੰ "ਮੇਅ ਡੇਅ ਮੇਅ ਡੇਅ ਮੇਅ ਡੇਅ" ਸੁਨੇਹਾ ਭੇਜਿਆ। ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਅਤੇ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੇ ਜਹਾਜ਼ ਨੂੰ ਕਰੈਸ਼ ਹੁੰਦਾ ਦੇਖਿਆ।  ਮਲਬੇ ਨੂੰ ਸੁਰੱਖਿਅਤ ਇਲਾਕੇ ਵਿੱਚ ਰੱਖ ਕੇ ਜਾਂਚ ਜਾਰੀ ਹੈ। ਇੰਜਣਾਂ ਅਤੇ ਇੰਧਨ ਦੇ ਨਮੂਨੇ ਚਾਨਣੀ ਕੀਤੇ ਜਾ ਰਹੇ ਹਨ। ਮਾਹਿਰ ਕਾਕਪਿਟ ਰਿਕਾਰਡਿੰਗ, ਸੀਸੀਟੀਵੀ ਅਤੇ ਡਾਟਾ ਰਿਕਾਰਡਰ ਤੋਂ ਮਿਲੇ ਸਬੂਤਾਂ ਨੂੰ ਮਿਲਾ ਕੇ ਤਸਵੀਰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸ਼ੁਰੂਆਤੀ ਰਿਪੋਰਟ ਕਹਿੰਦੀ ਹੈ ਕਿ ਇਸ ਵੇਲੇ B787-8 ਜਾਂ GE GEnx-1B ਇੰਜਣਾਂ ਲਈ ਕਿਸੇ ਤੁਰੰਤ ਸੁਰੱਖਿਆ ਸਿਫ਼ਾਰਸ਼ ਦੀ ਲੋੜ ਨਹੀਂ ਹੈ। ਜਾਂਚ ਅਜੇ ਵੀ ਜਾਰੀ ਹੈ ਅਤੇ ਹਕੀਕਤਾਂ ਖੁੱਲਦੀਆਂ ਜਾ ਰਹੀਆਂ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video