ਭਾਈ ਮਨੀ ਸਿੰਘ ਜੀ ਆਪਣੇ ਸਮੇਂ ਦੇ ਇਤਿਹਾਸ ਵਿਚ ਨਿਰਭੈ ਯੋਧਾ, ਧਾਰਮਿਕ ਤੇ ਸਮਾਜਿਕ ਆਗੂ, ਸਿੱਖ ਸਾਹਿਤ ਦੇ ਗੰਭੀਰ ਵਿਦਵਾਨ ਤੇ ਸਿਦਕੀ ਸਿੱਖ ਪ੍ਰਵਾਨ ਕੀਤੇ ਜਾਂਦੇ ਹਨ। ਕਲਮ ਅਤੇ ਤਲਵਾਰ ਦੇ ਧਨੀ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ 9 ਜੁਲਾਈ ਨੂੰ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ। ਆਓ ! ਭਾਈ ਮਨੀ ਸਿੰਘ ਜੀ ਦੇ ਜੀਵਨ ’ਤੇ ਸੰਖੇਪ ਝਾਤ ਮਾਰਦੇ ਹਾਂ।
ਭਾਈ ਸਾਹਿਬ ਦਾ ਜਨਮ 1701 ਬਿਕ੍ਰਮੀ ਨੂੰ ਮੁਲਤਾਨ (ਪਾਕਿਸਤਾਨ) ਦੇ ਨੇੜੇ ਅਲੀਪੁਰ ਨਗਰ ਵਿਖੇ ਹੋਇਆ। ਭਾਈ ਮਨੀ ਸਿੰਘ ਜੀ ਦਾ ਪਿਛੋਕੜ ਭਾਈ ਬਲੂ ਨਾਲ ਜਾ ਜੁੜਦਾ ਹੈ। ਭਾਈ ਬਲੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਸਿੱਧ ਸਿੱਖ ਜਰਨੈਲ ਸਨ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦੌਰਾਨ ਸ਼ਹੀਦ ਹੋਏ ਸਨ। ਭਾਈ ਬਲੂ ਰਾਉ ਦੇ 12 ਸਪੁੱਤਰ ਸਨ ਜਿਨ੍ਹਾਂ ਵਿਚੋਂ ਮਾਈ ਦਾਸ ਇਕ ਸੀ। ਭਾਈ ਮਨੀ ਮਨੀ ਸਿੰਘ ਜੀ ਇਸੇ ਮਾਈ ਦਾਸ ਦੇ ਸਪੁੱਤਰ ਸਨ।
ਭਾਈ ਮਨੀ ਸਿੰਘ ਜੀ ਕਰੀਬ 13 ਸਾਲ ਦੀ ਉਮਰ ’ਚ ਅਪਣੇ ਪਿਤਾ ਨਾਲ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ । ਗੁਰੂ ਸਾਹਿਬ ਨੇ ਬਾਲਕ ਦਾ ਸੁੰਦਰ ਮੁਖੜਾ ਵੇਖ ਕੇ “ਮਨੀਆ ਇਹ ਗੁਨੀਆ ਹੋਵੇਗਾ ਬੀਚ ਜਗ ਸਾਰੇ" ਆਖਦਿਆਂ ਅਸੀਸ ਦਿੱਤੀ । ਆਪ ਜੀ ਨੇ ਸੱਤਵੇਂ, ਅੱਠਵੇਂ ਅਤੇ ਨੌਵੇਂ ਪਾਤਸ਼ਾਹ ਜੀ ਦੇ ਹਜ਼ੂਰ ਰਹਿ ਕੇ ਗੁਰੂ ਘਰ ਦੀ ਸੇਵਾ ਨਿਭਾਈ। ਜਦ ਨੌਵੇਂ ਪਾਤਸ਼ਾਹ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਦਿੱਲੀ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਜੀ ਨੇ ਸ੍ਰੀ ਅਨੰਦਪੁਰ ਵਿਚ ਦਸਮ ਗੁਰੂ ਜੀ ਦੇ ਹਜ਼ੂਰ ਲੰਮਾ ਸਮਾਂ ਸੇਵਾ ਨਿਭਾਈ।
ਦਸਮੇਸ਼ ਜੀ ਦੇ ਪਾਉਂਟਾ ਨਿਵਾਸ ਅਤੇ ਅਨੰਦਪੁਰ ਵਾਪਸੀ ਸਮੇਂ ਭਾਈ ਮਨੀ ਸਿੰਘ ਜੀ ਉਹਨਾਂ ਦੇ ਸੰਗ-ਸੰਗ ਰਹੇ। ਸਪੱਸ਼ਟ ਹੈ ਕਿ ਆਪ ਜੀ ਦਸਮੇਸ਼ ਗੁਰੂ ਦੇ ਭਰੋਸੇਯੋਗ ਤੇ ਮਹੱਤਤਾ ਰੱਖਣ ਵਾਲੇ ਸਿੱਖ ਸਨ। ਭਾਈ ਮਨੀ ਸਿੰਘ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਆਪਣਾ ਦੀਵਾਨ ਵੀ ਥਾਪਿਆ। ਭਾਈ ਨੀ ਸਿੰਘ ਜੀ ਤਲਵਾਰ ਅਤੇ ਕਲਮ ਦੇ ਧਨੀ ਸਨ। ਉਨ੍ਹਾਂ ਨੇ ਭੰਗਾਣੀ ਦੇ ਯੁੱਧ ਤੋਂ ਲੈ ਕੇ ਚਮਕੌਰ ਦੀ ਗੜ੍ਹੀ ਤੋਂ ਇਲਾਵਾ ਹਰੇਕ ਯੁੱਧ ਵਿੱਚ ਅਹਿਮ ਭੂਮਿਕਾ ਨਿਭਾਈ। ਸਾਹਿਤ ਰਚਨਾ ਕਰਦਿਆਂ ਉਨ੍ਹਾਂ ਨੇ ਕਈ ਰਚਨਾਵਾਂ ਕੀਤੀਆਂ।
ਜਦ 1756 ਬਿ. ਮੁਤਾਬਿਕ 1699 ਈ. ਨੂੰ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਤਾਂ ਉਸ ਸਮੇਂ ਭਾਈ ਮਨੀ ਸਿੰਘ ਵੀ ਸਿੰਘ ਸਜੇ ਸਨ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ ਵਿਚ ਵਿਸ਼ੇਸ਼ ਰੁਚੀ ਰੱਖਦੇ ਸਨ। ਆਪ ਆਪਣੇ ਸਮੇਂ ਦੇ ਸਥਾਪਿਤ ਕਥਾ-ਵਾਚਕ ਵੀ ਸਨ ਜਿਸ ਕਰਕੇ ਹੀ ਉਨ੍ਹਾਂ ਨੂੰ ਗਿਆਨੀ ਦੀ ਉਪਾਧੀ ਪ੍ਰਾਪਤ ਹੋਈ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੋਂ ਬਾਅਦ ਭਾਈ ਮਨੀ ਸਿੰਘ ਸਿੱਖ ਪੰਥ ਦੇ ਤੀਜੇ ਗਿਆਨੀ ਮੰਨੇ ਜਾਂਦੇ ਹਨ।
ਉਸ ਸਮੇਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਮੀਣਿਆਂ ਕੋਲ ਸੀ ਜਿਸ ’ਤੇ ਸ੍ਰੀ ਅੰਮ੍ਰਤਿਸਰ ਦੀ ਸੰਗਤ ਨੇ ਸ੍ਰੀ ਅਨੰਦਪੁਰ ਆ ਕੇ ਦਸਮੇਸ਼ ਗੁਰੂ ਜੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਸਿੰਘ ਭੇਜਣ ਦੀ ਬੇਨਤੀ ਕੀਤੀ। ਦਸਮ ਗੁਰੂ ਜੀ ਦੇ ਆਦੇਸ਼ ਅਨੁਸਾਰ ਭਾ: ਮਨੀ ਸਿੰਘ, ਪੰਜ ਸਿਦਕੀ ਸਿੰਘਾਂ ਸਣੇ, ੧੭੫੫ ਬਿ: ਨੂੰ ਗੁਰੂ ਘਰ ਦੇ ਪ੍ਰਬੰਧ ਲਈ ਅੰਮ੍ਰਿਤਸਰ ਰਵਾਨਾ ਹੋ ਗਏ। ਅੰਮ੍ਰਿਤਸਰ ਪੁੱਜ ਕੇ ਆਪ ਜੀ ਨੇ ਮੀਣਿਆਂ ਵਲੋਂ ਗੁਰੂ-ਘਰ ਵਿਚ ਪ੍ਰਚੱਲਤ ਨਿਰਾਰਥਕ ਮਰਯਾਦਾ ਨੂੰ ਸਮਾਪਤ ਕਰ ਕੇ ਗੁਰ-ਮਰਯਾਦਾ ਨੂੰ ਪ੍ਰਚੱਲਤ ਕੀਤਾ। ਆਪ ਜੀ ਦੇ ਉਦਮ, ਪ੍ਰੇਮ ਅਤੇ ਸਾਂਝੀਵਾਲਤਾ ਦੀ ਪਹੁੰਚ-ਵਿਧੀ ਕਾਰਨ ਦੂਰੋਂ-ਦੂਰੋਂ ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰਨ ਲਈ ਆਉਣ ਲੱਗੀਆਂ ਅਤੇ ਮੁੜ ਪੰਚਮ ਪਾਤਸ਼ਾਹ ਦੇ ਦਿਨਾਂ ਵਾਂਗ ਰੌਣਕ ਵਧਣ ਲੱਗੀ।
ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਦਸਮ ਗੁਰੂ ਜੀ ਜਦ ਤਲਵੰਡੀ ਸਾਬ੍ਹੋ ਪੁੱਜੇ ਤਾਂ ਏਥੇ ਭਾਈ ਮਨੀ ਸਿੰਘ ਜੀ, ਕੁਝ ਸਿੰਘਾਂ ਸਮੇਤ, ਆਪ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ। ਪ੍ਰਚੱਲਤ ਰਵਾਇਤ ਅਨੁਸਾਰ ਏਥੇ ਹੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਖਣ ਦੀ ਸੇਵਾ ਕੀਤੀ। ਤਲਵੰਡੀ ਸਾਬ੍ਹੋ ਤੋਂ ਦੱਖਣ ਵੱਲ ਰਵਾਨਾ ਹੋਣ 'ਤੇ ਆਪ ਜੀ ਰਾਜਸਥਾਨ ਦੇ ਕਸਬੇ ਬਘੌਰ ਤਕ ਦਸਮੇਸ਼ ਜੀ ਦੇ ਨਾਲ ਗਏ ਪਰ ਉਥੋਂ ਦਸਮ ਗੁਰੂ ਦੀ ਆਗਿਆ ਦਾ ਪਾਲਣ ਕਰਦਿਆਂ ਵਾਪਿਸ ਸ੍ਰੀ ਅੰਮ੍ਰਿਤਸਰ ਆ ਗਏ।
ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੰਘ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਵੰਡੇ ਗਏ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੀ ਸਿਆਣਪ ਨੂੰ ਮੁੱਖ ਰੱਖਦਿਆਂ ਦੋਹਾਂ ਧੜਿਆਂ ਵਿਚਕਾਰ ਸਮਝੌਤਾ ਕਰਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਨੂੰ ਸੌਂਪੀ ਜੋ ਭਾਈ ਸਾਹਿਬ ਨੇ ਬਾਖੂਬੀ ਨਿਭਾਈ।
ਭਾਈ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ’ਚ ਗੁਰੂ ਘਰ ਦੀ ਮਰਯਾਦਾ ਨੂੰ ਪੁਨਰ ਸਥਾਪਿਤ ਕੀਤਾ ਅਤੇ ਦਿਵਾਲੀ ਵਿਸਾਖੀ ਮੌਕੇ ਸੰਗਤਾਂ ਦੇ ਇਕੱਠ ਕਰਨੇ ਆਰੰਭ ਕੀਤੇ। ਇਸੇ ਸਿਲਸਿਲੇ ਵਿੱਚ ਹੀ ਭਾਈ ਸਾਹਿਬ ਸਰਕਾਰ ਦੀ ਨਰਾਜ਼ਗੀ ਦਾ ਸ਼ਿਕਾਰ ਹੋਏ।
ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਫੌਜ ਭਾਈ ਮਨੀ ਸਿੰਘ ਨੂੰ ਬੰਦੀ ਬਣਾ ਕੇ ਲਾਹੌਰ ਲੈ ਗਈ। ਕਾਜ਼ੀਆਂ ਦੇ ਫਰਜੀ ਫਤਵਿਆਂ ਦੀ ਆੜ ਹੇਠ ਭਾਈ ਸਾਹਿਬ ਜੀ ਉਤੇ ਬੰਦੀਖਾਨੇ ਵਿਚ ਅਕਹਿ ਤੇ ਅਸਹਿ ਕਸ਼ਟ ਢਾਹੇ ਗਏ। ਆਖਿਰ ਸੰਮਤ 1791 ਬਿ: ਮੁਤਾਬਿਕ 1734 ਈ. ਨੂੰ ਨਿਖਾਸ ਚੌਂਕ ਵਿਚ ਭਾਈ ਮਨੀ ਸਿੰਘ ਜੀ ਦੇ ਤਨ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।
ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਅਠਾਰਵੀਂ ਸਦੀ ਦੇ ਨਾ ਕੇਵਲ ਪ੍ਰੀਤਵਾਨ ਸਿਦਕੀ ਸਿੱਖ ਹੀ ਸਨ, ਸਗੋਂ ਸਮੇਂ ਦੀ ਮੁਗ਼ਲ ਹਕੂਮਤ ਵਲੋਂ ਹੈਵਾਨੀਅਤ-ਵੱਸ ਫੈਲਾਈ ਜਾ ਰਹੀ ਅਨੈਤਿਕਤਾ ਨੂੰ ਠੱਲ੍ਹ ਪਾਉਣ ਵਾਲੇ ਜੁਝਾਰੂ ਯੋਧੇ ਵੀ ਸਨ। ਸਿੱਖੀ ਰਵਾਇਤਾਂ ਦੀ ਪੂਰਤੀ ਹਿਤ ਨਾ ਕੇਵਲ ਆਪ ਜੀ ਨੇ ਆਪਣੇ ਤਨ ਦੇ ਬੰਦ-ਬੰਦ ਕਟਵਾ ਕੇ ਸ਼ਹੀਦੀ ਪਾਈ, ਸਗੋਂ ਆਪ ਜੀ ਦੇ ਸਮੁੱਚੇ ਖਾਨਦਾਨ ਨੇ ਸਿੱਖੀ-ਆਦਰਸ਼ਾਂ ਨੂੰ ਉਚਿਆਉਣ ਲਈ ਜਾਨਾਂ ਕੁਰਬਾਨ ਕੀਤੀਆਂ। ਆਪ ਜੀ ਦੇ ਸਮੁੱਚੇ ਪ੍ਰਚਾਰ ਦੀ ਜੀਵਨ-ਘਾਲਣਾ ਸਿੱਖ ਧਰਮ ਦੇ ਪਾਂਧੀਆਂ ਲਈ ਕੁਰਬਾਨੀ ਦੇ ਖੇਤਰ ਅਤੇ ਸਾਹਿਤ ਦੇ ਪਿੜ ਵਿਚ ਮਾਰਗ-ਦਰਸ਼ਨ ਲਈ ਪ੍ਰੇਰਨਾ-ਸ੍ਰੋਤ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login