ਦੁਨੀਆ ਭਰ ਵਿੱਚ ਭਾਰਤੀ ਦੂਤਾਵਾਸਾਂ ਅਤੇ ਕੌਂਸਲੇਟਾਂ ਵੱਲੋਂ 156ਵੀਂ ਮਹਾਤਮਾ ਗਾਂਧੀ ਜਯੰਤੀ - ਸ਼ਰਧਾਂਜਲੀ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਭਾਈਚਾਰਕ ਇਕੱਠ ਕਰਕੇ ਮਨਾਈ ਗਈ। ਇਹ ਤਿਉਹਾਰ ਗਾਂਧੀ ਜੀ ਦੀ ਸੱਚਾਈ, ਅਹਿੰਸਾ ਅਤੇ ਸ਼ਾਂਤੀ ਦੇ ਸੰਦੇਸ਼ ਦੀ ਯਾਦ ਦਿਵਾਉਂਦਾ ਹੈ।
ਸੰਯੁਕਤ ਰਾਜ ਅਮਰੀਕਾ (USA)
ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤ ਦੇ ਰਾਜਦੂਤ ਵਿਨੈ ਕਵਾਤਰਾ ਅਤੇ ਦੂਤਾਵਾਸ ਦੇ ਅਧਿਕਾਰੀਆਂ ਨੇ ਮਹਾਤਮਾ ਗਾਂਧੀ ਨੂੰ ਫੁੱਲਾਂ ਦੀ ਸ਼ਰਧਾਂਜਲੀ ਦਿੱਤੀ। 30 ਸਤੰਬਰ ਨੂੰ ਦੂਤਾਵਾਸ ਵੱਲੋਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰਤੀ ਡਾਇਸਪੋਰਾ, ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਭਾਰਤ ਦੇ ਹਿਮਾਇਤੀਆਂ ਨੇ ਭਾਗ ਲਿਆ।
ਮੈਰੀਲੈਂਡ ਦੇ ਗਾਂਧੀ ਮੈਮੋਰੀਅਲ ਸੈਂਟਰ ਦੀ ਡਾਇਰੈਕਟਰ ਕਰੁਣਾ ਜੀ ਨੇ “ਗਾਂਧੀ ਦਾ ਜੀਵਨ ਅਤੇ ਸੰਦੇਸ਼” ਵਿਸ਼ੇ ’ਤੇ ਲੈਕਚਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਗਾਂਧੀ ਜੀ ਦੀਆਂ ਪ੍ਰੇਰਣਾਵਾਂ ਅਤੇ ਵਿਜ਼ਨ ਸਾਂਝਾ ਕੀਤਾ। ਪ੍ਰੋਗਰਾਮ ਵਿੱਚ ਵਿਸ਼ੇਸ਼ ਯੋਗਤਾਵਾਂ ਵਾਲੇ ਭਾਰਤੀ ਕਲਾਕਾਰ ‘ਅਨੁਸ਼ਾ ਮੰਜੁਨਾਥ’ ਅਤੇ ਵਸੁੰਧਰਾ ਰਤੂੜੀ ਵੱਲੋਂ ਗਾਂਧੀ ਜੀ ਦੇ ਮਨਪਸੰਦ ਭਜਨਾਂ ਅਤੇ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ।
ਡਿਪਟੀ ਹੈੱਡ ਆਫ ਮਿਸ਼ਨ ਚਿਨਮੋਇ ਨਾਇਕ ਨੇ ਕਿਹਾ, “ਗਾਂਧੀ ਜੀ ਦੇ ਉਪਦੇਸ਼ ਅੱਜ ਵੀ ਲੱਖਾਂ ਲੋਕਾਂ ਲਈ ਪ੍ਰੇਰਣਾਦਾਇਕ ਹਨ ਅਤੇ ਉਨ੍ਹਾਂ ਦੀ ਸੱਚ ਅਤੇ ਅਹਿੰਸਾ ਦੀ ਵਚਨਬੱਧਤਾ ਅੱਜ ਦੀ ਦੁਨੀਆ ਵਿੱਚ ਹੋਰ ਵੀ ਮਹੱਤਵਪੂਰਨ ਹੋ ਗਈ ਹੈ।” ਇਸ ਮੌਕੇ ’ਤੇ ਗਾਂਧੀ ਜੀ ਦੀ ਜ਼ਿੰਦਗੀ ਦੇ ਇਤਿਹਾਸਕ ਪਲਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ।
ਯੂਨਾਈਟਡ ਕਿੰਗਡਮ (UK)
ਲੰਡਨ ਦੇ ਟਾਵਿਸਟੌਕ ਸਕੁਏਅਰ ਵਿੱਚ ਹਾਈ ਕਮਿਸ਼ਨ ਆਫ ਇੰਡੀਆਂ ਵੱਲੋਂ ਕੈਮਡਨ ਕੌਂਸਲ ਦੇ ਸਹਿਯੋਗ ਨਾਲ ਸਮਾਰੋਹ ਆਯੋਜਿਤ ਕੀਤਾ ਗਿਆ। ਕੈਮਡਨ ਦੇ ਮੇਅਰ ਐਡੀ ਹੈਨਸਨ, ਇੰਡੀਆ ਲੀਗ ਦੇ ਪ੍ਰਧਾਨ ਅਲਪੇਸ਼ ਬੀ. ਪਟੇਲ ਅਤੇ ਸਾਬਕਾ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੇ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ। ਹਾਈ ਕਮਿਸ਼ਨ ਨੇ ਕਿਹਾ ਕਿ ਇਹ ਸਮਾਗਮ ਗਾਂਧੀ ਜੀ ਦੀ ਸ਼ਾਂਤੀ ਅਤੇ ਏਕਤਾ ਦੀ ਸੋਚ ਦੀ ਗੂੰਜ ਦਰਸਾਉਂਦਾ ਹੈ।
ਰੂਸ (Russia)
ਮਾਸਕੋ ਵਿੱਚ, ਭਾਰਤ ਦੇ ਟੈਕਸਟਾਈਲ ਅਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਨੇ ਰਮੇਨਕੀ ਰਯੋਨ ਪਾਰਕ ਵਿੱਚ ਗਾਂਧੀ ਜੀ ਦੀ ਮੂਰਤੀ ’ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ। ਸਮਾਰੋਹ ਵਿੱਚ ਸਥਾਨਕ ਅਧਿਕਾਰੀ ਅਤੇ ਭਾਰਤੀ ਭਾਈਚਾਰੇ ਦੇ ਪ੍ਰਤਿਨਿਧੀਆਂ ਨੇ ਭਾਗ ਲਿਆ।
ਸਿੰਗਾਪੁਰ (Singapore)
ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਗਾਂਧੀ ਜਯੰਤੀ ਦੇ ਮੌਕੇ ਨੂੰ ਸੇਵਾ ਕਾਰਜ ਨਾਲ ਜੋੜਿਆ। ਕਮਿਸ਼ਨ ਨੇ ਵਨ ਵਰਲਡ ਇੰਟਰਨੈਸ਼ਨਲ ਸਕੂਲ ਦੀ ਲਾਇਬ੍ਰੇਰੀ ਨੂੰ ਵਿਭਿੰਨ ਵਿਸ਼ਿਆਂ ਦੀਆਂ ਪੁਸਤਕਾਂ ਦਿੰਦੇ ਹੋਏ “ਇੰਡੀਆ ਕਾਰਨਰ” ਦੀ ਸਥਾਪਨਾ ਕੀਤੀ। ਇਹ ਕਦਮ ਭਾਰਤੀ ਗਿਆਨ ਅਤੇ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਜੋਂ ਦਰਸਾਇਆ ਗਿਆ।
ਸੰਯੁਕਤ ਅਰਬ ਅਮੀਰਾਤ (ਦੁਬਈ)
ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸੇਵਾ ਅਤੇ ਸਫਾਈ 'ਤੇ ਧਿਆਨ ਕੇਂਦਰਿਤ ਕਰਦਿਆਂ ਗਾਂਧੀ ਜਯੰਤੀ ਮਨਾਈ। ਕੌਂਸਲੇਟ ਨੇ ਆਪਣੇ ਸਫ਼ਾਈ ਕਰਮਚਾਰੀਆਂ ਲਈ ਡਾਕਟਰੀ ਜਾਂਚ ਕੈਂਪ ਦਾ ਪ੍ਰਬੰਧ ਕੀਤਾ, ਜਿਨ੍ਹਾਂ ਨੂੰ "ਸਵੱਛਤਾ ਹੀਰੋਜ਼" ਵਜੋਂ ਦਰਸਾਇਆ ਗਿਆ, ਇੰਨ੍ਹਾਂ ਦੇ ਯਤਨਾਂ ਸਦਕਾ ਦੂਤਾਵਾਸ ਸਾਫ਼ ਅਤੇ ਕਾਰਜਸ਼ੀਲ ਰਹਿੰਦਾ ਹੈ।
ਆਸਟ੍ਰੀਆ (Austria)
ਵੀਆਨਾ ਵਿੱਚ ਭਾਰਤ ਦੇ ਦੂਤਾਵਾਸ ਵੱਲੋਂ “Friedenskonzert” (ਸ਼ਾਂਤੀ ਸੰਧਿਆ ਸੰਗੀਤ ਸਮਾਗਮ) ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਭਾਰਤੀ ਅਤੇ ਪੱਛਮੀ ਸੰਗੀਤ ਦਾ ਸੁੰਦਰ ਮਿਸ਼ਰਣ ਪੇਸ਼ ਕੀਤਾ ਗਿਆ, ਜਿਸ ਵਿੱਚ ਵਾਇਲਿਨ ਵਾਦਕ ਮਨੋਜ ਜਾਰਜ, ਸਿਤਾਰ ਵਾਦਕ ਅਲੋਕੇਸ਼ ਚੰਦਰਾ, ਸੋਪਰਾਨੋ ਗਾਇਕਾ ਬਾਰਬਰਾ ਕਾਯੇਤਨੋਵਿਜ਼, ਅਤੇ ਫਰਾਂਸਵਾ-ਪਿਅਰੇ ਡੈਸਕਾਂਪਸ ਨੇ ਚੈਂਬਰ ਓਰਕੇਸਟਰ ਮੋਡਲਿੰਗ ਨਾਲ ਪ੍ਰਦਰਸ਼ਨ ਕੀਤਾ। ਦੂਤਾਵਾਸੀ, ਡਾਇਸਪੋਰਾ ਮੈਂਬਰ ਅਤੇ ਸੰਗੀਤ ਪ੍ਰੇਮੀਆਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login