6 ਅਕਤੂਬਰ ਨੂੰ ਏਸ਼ੀਅਨ ਅਮਰੀਕਨ ਨਾਗਰਿਕ ਅਤੇ ਚੁਣੇ ਹੋਏ ਆਗੂਆਂ ਨੇ ਕੈਲੀਫੋਰਨੀਆ ਦੇ ਵਾਸੀਆਂ ਨੂੰ ਪ੍ਰਸਤਾਵ 50 (Proposition 50) ਲਈ ਹਾਂ ਵੋਟ ਪਾਉਣ ਦੀ ਅਪੀਲ ਕੀਤੀ, ਜਿਸਨੂੰ ਉਹ ਲੋਕਤੰਤਰ ਦੀ ਰੱਖਿਆ ਕਰਨ ਅਤੇ ਨਿਰਪੱਖ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਮੰਨਦੇ ਹਨ।
ਪ੍ਰੋਪੋਜ਼ਿਸ਼ਨ 50, ਜਿਸਨੂੰ “ਇਲੈਕਸ਼ਨ ਰਿਗਿੰਗ ਰਿਸਪਾਂਸ ਐਕਟ” (Election Rigging Response Act) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਕੈਲੀਫੋਰਨੀਆ ਦੀਆਂ ਮੌਜੂਦਾ ਕਾਂਗਰਸੀ ਹੱਦਬੰਦੀਆਂ—ਜੋ ਇੱਕ ਸੁਤੰਤਰ ਨਾਗਰਿਕ ਕਮਿਸ਼ਨ ਦੁਆਰਾ ਬਣਾਈਆਂ ਗਈਆਂ ਸਨ—ਨੂੰ 2030 ਦੀਆਂ ਚੋਣਾਂ ਤੱਕ ਰਾਜ ਵਿਧਾਨ ਸਭਾ ਦੁਆਰਾ ਬਣਾਏ ਗਏ ਨਕਸ਼ਿਆਂ ਨਾਲ ਅਸਥਾਈ ਤੌਰ 'ਤੇ ਬਦਲ ਦੇਵੇਗਾ।
AAPI ਇਕੁਇਟੀ ਅਲਾਇੰਸ ਐਂਡ ਚਾਈਨੀਜ਼ ਫਾਰ ਅਫਰਮੇਟਿਵ ਐਕਸ਼ਨ ਵੱਲੋਂ ਆਯੋਜਿਤ ਇੱਕ ਰੈਲੀ ਵਿੱਚ, ਭਾਈਚਾਰਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਚੋਣੀ ਪ੍ਰਕਿਰਿਆ ਵਿੱਚ ਰਾਜਨੀਤਿਕ ਦਖਲਅੰਦਾਜੀ ਦੇਸ਼ ਭਰ ਵਿੱਚ ਲੋਕਤੰਤਰੀ ਮਾਪਦੰਡਾਂ ਨੂੰ ਕਮਜ਼ੋਰ ਕਰ ਰਹੀ ਹੈ।
ਸਟਾਪ ਏ.ਏ.ਪੀ.ਆਈ. ਹੇਟ ਦੀ ਸਹਿ-ਸੰਸਥਾਪਕ ਅਤੇ ਏ.ਏ.ਪੀ.ਆਈ. ਇਕੁਇਟੀ ਅਲਾਇੰਸ ਦੀ ਐਗਜ਼ਿਕਟਿਵ ਡਾਇਰੈਕਟਰ ਮੰਜੂਸ਼ਾ ਕੁਲਕਰਨੀ ਨੇ ਕਿਹਾ ਕਿ ਪ੍ਰੋਪੋਜ਼ਿਸ਼ਨ 50 ਚੋਣਾਂ ਵਿੱਚ ਹੇਰਾਫੇਰੀ ਦੀ ਕੋਸ਼ਿਸ਼ਾਂ 'ਤੇ ਨਿਯੰਤਰਣ ਵਜੋਂ ਕੰਮ ਕਰੇਗਾ। ਉਹਨਾਂ ਕਿਹਾ, “ਕਿਸੇ ਨੂੰ ਵੀ ਇਹ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਚੋਣਾਂ ਤੋਂ ਇੱਕ ਸਾਲ ਪਹਿਲਾਂ ਹੀ ਨਤੀਜੇ ਨੂੰ ਆਪਣੀ ਮਰਜ਼ੀ ਨਾਲ ਬਦਲ ਦੇਵੇ। ਪ੍ਰਸਤਾਵ 50 ਇਨ੍ਹਾਂ ਕੋਸ਼ਿਸ਼ਾਂ ਨੂੰ ਰੋਕਣ ਦਾ ਢੰਗ ਹੈ। ਇਸ ਨੂੰ ਪਾਸ ਕਰਨ ਨਾਲ ਤਾਨਾਸ਼ਾਹੀ 'ਤੇ ਰੋਕ ਲੱਗੇਗੀ ਅਤੇ ਅਮਰੀਕਾ ਦੇ ਲੋਕਤੰਤਰ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਮਿਲੇਗੀ।”
ਅਮਰੀਕੀ ਕਾਂਗਰਸ ਮੈਂਬਰ ਜੂਡੀ ਚੂ ਨੇ ਇਸ ਪ੍ਰਸਤਾਵ ਨੂੰ ਵੱਖ-ਵੱਖ ਭਾਈਚਾਰਿਆਂ ਲਈ ਬਰਾਬਰ ਪ੍ਰਤੀਨਿਧਤਾ ਦੀ ਰੱਖਿਆ ਕਰਾਰ ਦਿੱਤਾ। ਉਹਨਾਂ ਕਿਹਾ, “ਟਰੰਪ ਜਾਣਦਾ ਹੈ ਕਿ ਉਸਨੂੰ ਆਪਣੀ ਸ਼ਕਤੀ ਬਣਾਈ ਰੱਖਣ ਲਈ ਰਿਪਬਲਿਕਨ ਕਾਂਗਰਸ ਦੀ ਲੋੜ ਹੈ, ਇਸੀ ਲਈ ਉਹ ਟੈਕਸਾਸ ਵਰਗੇ ਰਾਜਾਂ ਨਾਲ ਮਿਲ ਕੇ ਹੋਰ ਸੀਟਾਂ ਦੀ ਹੱਦਬੰਦੀ ਕਰ ਰਿਹਾ ਹੈ। ਕੈਲੀਫੋਰਨੀਆ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਲਈ ਮੈਂ ਪ੍ਰਸਤਾਵ 50 ਦੀ ਹਮਾਇਤ ਕਰਦੀ ਹਾਂ।”
ਐਸੇਮਬਲੀ ਮੈਂਬਰ ਜੈਸਿਕਾ ਕੈਲੋਜ਼ਾ ਨੇ ਕਿਹਾ ਕਿ AAPI ਭਾਈਚਾਰਿਆਂ ਨੂੰ ਵੋਟ ਪਾਉਣ ਲਈ ਸਾਹਮਣੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ, “ਸਾਡੇ ਭਾਈਚਾਰੇ ਦੇ ਲੋਕ ਦੁੱਖ ਵਿਚ ਹਨ — ਹੇਲਥਕੇਅਰ ਸੈਂਟਰਾਂ ਦੀ ਫੰਡਿੰਗ ਘਟਾਈ ਜਾ ਰਹੀ ਹੈ, ਅਜ਼ਾਦੀ-ਏ-ਰਾਏ 'ਤੇ ਹਮਲਾ ਹੋ ਰਿਹਾ ਹੈ, ਪਰਿਵਾਰ ਵੰਡੇ ਜਾ ਰਹੇ ਹਨ। ਅਸੀਂ ਖਾਮੋਸ਼ ਨਹੀਂ ਰਹਿ ਸਕਦੇ। ਸਾਡੀਆਂ AAPI ਕੌਮਾਂ ਲਈ ਇਹ ਜ਼ਰੂਰੀ ਹੈ ਕਿ ਅਸੀਂ ਲੜੀਏ ਅਤੇ ਪ੍ਰਸਤਾਵ 50 ਲਈ ਹਾਂ ਵੋਟ ਪਾਈਏ।”
ਐਸੇਮਬਲੀ ਮੈਂਬਰ ਮਾਈਕ ਫੋਂਗ ਨੇ ਵੀ ਕਿਹਾ ਕਿ ਇਹ ਪ੍ਰਸਤਾਵ ਹਰ ਕੈਲੀਫੋਰਨੀਆ ਵਾਸੀ ਦੀ ਆਵਾਜ਼ ਯਕੀਨੀ ਬਣਾਉਣ ਲਈ ਹੈ। ਮਾਈਕ ਫੋਂਗ ਨੇ ਅੱਗੇ ਕਿਹਾ, “ਟਰੰਪ ਦੇ ਟੈਰਿਫ਼ਾਂ ਨੇ ਛੋਟੇ ਵਪਾਰਾਂ ਨੂੰ ਨੁਕਸਾਨ ਪਹੁੰਚਾਇਆ, ਟੈਕਸਾਸ ਦੀ ਹੱਦਬੰਦੀ ਨੇ ਵੋਟਰਾਂ ਦੀ ਆਵਾਜ਼ ਨੂੰ ਖਾਮੋਸ਼ ਕੀਤਾ — ਪ੍ਰਸਤਾਵ 50 ਸਾਡਾ ਵਾਪਸੀ ਦਾ ਰਸਤਾ ਹੈ।”
ਸਟਾਪ ਏ.ਏ.ਪੀ.ਆਈ. ਹੇਟ ਦੀ ਸਹਿ-ਸੰਸਥਾਪਕ ਅਤੇ ਚਾਈਨੀਜ਼ ਫਾਰ ਅਫਰਮੇਟਿਵ ਐਕਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਸਿੰਥੀਆ ਚੋਈ ਨੇ ਕਿਹਾ ਕਿ ਪ੍ਰਸਤਾਵ 50 ਕੈਲੀਫੋਰਨੀਆ ਵਿੱਚ ਇਨਸਾਫ ਲਈ ਚੱਲ ਰਹੀ ਵੱਡੀ ਲੜਾਈ ਦਾ ਹਿੱਸਾ ਹੈ। “ਲਾਸ ਏਂਜਲਸ ਵਿੱਚ ਭਿਆਨਕ ਅੱਗ ਤੋਂ ਬਾਅਦ ਟਰੰਪ ਨੇ ਬਚਾਅ ਮਦਦ ਰੋਕ ਦਿੱਤੀ ਅਤੇ ਸਾਡੀ ਕੌਮ ਨੂੰ ਦੁਬਾਰਾ ਖੜਾ ਹੋਣ ਲਈ ਜ਼ਰੂਰੀ ਸਾਧਨ ਨਹੀਂ ਦਿੱਤੇ,” ਉਨ੍ਹਾਂ ਨੇ ਕਿਹਾ। “ਪ੍ਰਸਤਾਵ 50 ਹੀ ਸਾਡਾ ਜਵਾਬ ਹੈ — ਇਹ ਸਾਡਾ ਲੋਕਤੰਤਰ ਬਚਾਉਣ ਅਤੇ ਸਭ ਲਈ ਇਨਸਾਫ ਯਕੀਨੀ ਬਣਾਉਣ ਦਾ ਢੰਗ ਹੈ।”
ਇਸ ਪ੍ਰਸਤਾਵ ਨੂੰ ਕੈਲੀਫੋਰਨੀਆ ਡੈਮੋਕਰੇਟਿਕ ਪਾਰਟੀ, ਇਕੁਇਟੀ ਕੈਲੀਫੋਰਨੀਆ ਅਤੇ ਸੈਨ ਮਾਟੇਓ ਕਾਉਂਟੀ ਬੋਰਡ ਆਫ਼ ਸੁਪਰਵਾਈਜ਼ਰਜ਼ ਤੋਂ ਹਿਮਾਇਤ ਮਿਲੀ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਇਸ ਦੇ ਹੱਕ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ। ਇਮਰਸਨ ਕਾਲਜ ਦੇ ਇੱਕ ਸਰਵੇਖਣ ਅਨੁਸਾਰ, 51% ਸੰਭਾਵਿਤ ਵੋਟਰ ਪ੍ਰਸਤਾਵ 50 ਦੇ ਹੱਕ ਵਿੱਚ ਹਨ, 34% ਵਿਰੋਧ ਵਿੱਚ ਹਨ ਅਤੇ 15% ਅਜੇ ਫੈਸਲਾ ਨਹੀਂ ਕਰ ਸਕੇ ਹਨ। ਕੈਲੀਫੋਰਨੀਆ ਦੇ ਲੋਕ ਇਸ ’ਤੇ 4 ਨਵੰਬਰ ਨੂੰ ਇੱਕ ਵਿਸ਼ੇਸ਼ ਚੋਣ ਵਿੱਚ ਵੋਟ ਪਾਓਣਗੇ।
Comments
Start the conversation
Become a member of New India Abroad to start commenting.
Sign Up Now
Already have an account? Login