ਫਲੋਰਿਡਾ ਦੇ ਟਰਨਪਾਈਕ ‘ਤੇ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਦੇ ਮਾਮਲੇ ਨੇ ਰਾਜਨੀਤਿਕ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ, ਜਦੋਂ ਜਾਂਚ ਵਿੱਚ ਸਾਹਮਣੇ ਆਇਆ ਕਿ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਨੂੰ ਕੈਲੀਫ਼ੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵੀਹਿਕਲਜ਼ ਵੱਲੋਂ ਗਵਰਨਰ ਗੈਵਿਨ ਨਿਊਸਮ ਦੀ ਪ੍ਰਸ਼ਾਸਨਕ ਦੇਖ-ਰੇਖ ਹੇਠ ਵਪਾਰਕ ਲਾਇਸੈਂਸ ਜਾਰੀ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 28 ਸਾਲਾ ਹਰਜਿੰਦਰ ਸਿੰਘ, ਜੋ 2018 ਵਿੱਚ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਇਆ ਸੀ, ਨੇ 12 ਅਗਸਤ ਨੂੰ ਸੇਂਟ ਲੂਸੀ ਕਾਊਂਟੀ ਵਿਚ ਇਕ ਲਾਪਰਵਾਹੀ ਕੀਤੀ ਜਿਸ ਵਿੱਚ ਤਿੰਨ ਅਮਰੀਕੀ ਮਾਰੇ ਗਏ। ਸਿੰਘ, ਜੋ 18-ਵ੍ਹੀਲਰ ਚਲਾ ਰਿਹਾ ਸੀ, ਨੇ “ਸਿਰਫ਼ ਸਰਕਾਰੀ ਵਰਤੋਂ” ਵਾਲੇ ਰਸਤੇ ਰਾਹੀਂ ਗੈਰਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਆਵਾਜਾਈ ਦੀਆਂ ਸਾਰੀ ਲੇਨਾਂ ਬਲਾਕ ਹੋ ਗਈਆਂ। ਇੱਕ ਮਿਨੀਵੈਨ ਉਸਦੇ ਟਰੱਕ ਨਾਲ ਟਕਰਾਈ ਅਤੇ ਉਸਦੇ ਤਿੰਨੋ ਸਵਾਰ ਮੌਕੇ ‘ਤੇ ਹੀ ਮਾਰੇ ਗਏ।
ਇਹ ਮਾਮਲਾ ਇਸ ਲਈ ਵੀ ਵੱਡੇ ਪੱਧਰ ‘ਤੇ ਚਰਚਾ ਵਿਚ ਹੈ ਕਿਉਂਕਿ ਸਿੰਘ ਨੇ ਕੈਲੀਫ਼ੋਰਨੀਆ ਤੋਂ ਕਾਨੂੰਨੀ ਤਰੀਕੇ ਨਾਲ ਕਮਰਸ਼ੀਅਲ ਡਰਾਈਵਰ ਲਾਇਸੈਂਸ (CDL) ਪ੍ਰਾਪਤ ਕੀਤਾ ਸੀ—ਇਕ ਅਜਿਹੇ ਰਾਜ ਵਿੱਚ ਜਿੱਥੇ ਗਵਰਨਰ ਗੈਵਿਨ ਨਿਊਸਮ ਦੀ ਪ੍ਰਸ਼ਾਸਨਕ ਨੀਤੀ ਤਹਿਤ ਗੈਰ-ਕਾਨੂੰਨੀ ਇਮੀਗ੍ਰੈਂਟਾਂ ਨੂੰ ਵੀ ਲਾਇਸੈਂਸ ਲਈ ਅਰਜ਼ੀ ਦੇਣ ਦੀ ਆਗਿਆ ਹੈ, ਜਿਸ ਵਿੱਚ ਵਰਕ ਪਰਮਿਟ ਵੀ ਸ਼ਾਮਲ ਹਨ।
ਇਹ ਮੌਤਾਂ ਰਿਪਬਲਿਕਨ ਕਾਨੂੰਨਸਾਜ਼ਾਂ ਲਈ ਇੱਕ ਵੱਡਾ ਮੁੱਦਾ ਬਣ ਗਈਆਂ ਹਨ। ਫਲੋਰਿਡਾ ਦੇ 19ਵੇਂ ਜ਼ਿਲ੍ਹੇ ਦੇ ਕਾਂਗਰਸਮੈਨ ਬਾਇਰਨ ਡੋਨਾਲਡਸ (R-FL) ਨੇ ਇਕ ਬਿਆਨ ਵਿੱਚ ਕੈਲੀਫ਼ੋਰਨੀਆ ਦੀ ਨੀਤੀ ਦੀ ਕੜੀ ਨਿੰਦਾ ਕੀਤੀ।
ਉਹਨਾਂ ਕਿਹਾ: “ਸੇਂਟ ਲੂਸੀ ਕਾਊਂਟੀ ਵਿੱਚ ਤਿੰਨ ਬੇਗੁਨਾਹ ਲੋਕ ਮਾਰੇ ਗਏ ਕਿਉਂਕਿ ਕੈਲੀਫ਼ੋਰਨੀਆ ਨੇ ਗਲਤ ਤਰੀਕੇ ਨਾਲ ਇਕ ਗੈਰ-ਕਾਨੂੰਨੀ ਵਿਅਕਤੀ ਨੂੰ ਡਰਾਈਵਰ ਲਾਇਸੈਂਸ ਜਾਰੀ ਕੀਤਾ। ਉਹ ਇੱਥੇ ਨਹੀਂ ਹੋਣਾ ਚਾਹੀਦਾ ਸੀ। ਉਸਨੂੰ ਲਾਇਸੈਂਸ ਨਹੀਂ ਮਿਲਣਾ ਚਾਹੀਦਾ ਸੀ। ਇਹ ਕਦੇ ਨਹੀਂ ਹੋਣਾ ਚਾਹੀਦਾ ਸੀ। ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ ਕਰਦੇ ਹਾਂ। ਇਨਸਾਫ਼ ਹੋਣਾ ਬਹੁਤ ਜ਼ਰੂਰੀ ਹੈ।”
ਹੋਮਲੈਂਡ ਸੁਰੱਖਿਆ ਵਿਭਾਗ (DHS) ਅਤੇ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ 16 ਅਗਸਤ ਨੂੰ ਸਿੰਘ ਖ਼ਿਲਾਫ਼ ਇਮੀਗ੍ਰੇਸ਼ਨ ਡਿਟੇਨਰ ਜਾਰੀ ਕੀਤਾ ਹੈ, ਤਾਂ ਜੋ ਰਾਜ ਦੀ ਕਾਰਵਾਈ ਤੋਂ ਬਾਅਦ ਵੀ ਉਹ ਹਿਰਾਸਤ ਵਿੱਚ ਰਹੇ।
ਇਕ ਤਿੱਖੇ ਬਿਆਨ ਵਿੱਚ, ਸਹਾਇਕ ਸਕੱਤਰ ਟ੍ਰਿਸੀਆ ਮੈਕਲਾਫ਼ਲਿਨ ਨੇ ਹਾਦਸੇ ਨੂੰ ਸਿੱਧੇ ਤੌਰ ‘ਤੇ ਕੈਲੀਫ਼ੋਰਨੀਆ ਦੇ ਲਾਇਸੈਂਸਿੰਗ ਨਿਯਮਾਂ ਨਾਲ ਜੋੜਿਆ: “ਫਲੋਰਿਡਾ ਵਿੱਚ ਤਿੰਨ ਬੇਗੁਨਾਹ ਲੋਕ ਇਸ ਲਈ ਮਾਰੇ ਗਏ ਕਿਉਂਕਿ ਗੈਵਿਨ ਨਿਊਸਮ ਦੇ ਕੈਲੀਫ਼ੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ ਨੇ ਇਕ ਗੈਰ-ਕਾਨੂੰਨੀ ਵਿਅਕਤੀ ਨੂੰ ਵਪਾਰਕ ਡਰਾਈਵਰ ਲਾਇਸੈਂਸ ਜਾਰੀ ਕੀਤਾ—ਇਸ ਤਰ੍ਹਾਂ ਦੀ ਹਕੂਮਤ ਬਿਲਕੁਲ ਮੂਰਖਤਾ ਹੈ। ਹੋਰ ਕਿੰਨੇ ਬੇਗੁਨਾਹ ਲੋਕ ਮਰਨਗੇ ਜਦੋਂ ਤੱਕ ਗੈਵਿਨ ਨਿਊਸਮ ਅਮਰੀਕੀ ਲੋਕਾਂ ਦੀ ਸੁਰੱਖਿਆ ਨਾਲ ਖੇਡਣਾ ਬੰਦ ਨਹੀਂ ਕਰਦੇ?”
ਉਹਨਾਂ ਅੱਗੇ ਕਿਹਾ: ਸਕੱਤਰ ਨੋਏਮ ਅਤੇ ਡੀਐਚਐਸ ਜਨਤਾ ਦੀ ਸੁਰੱਖਿਆ ਲਈ ਅਤੇ ਇਹਨਾਂ ਅਪਰਾਧੀ ਗੈਰਕਾਨੂੰਨੀ ਲੋਕਾਂ ਨੂੰ ਅਮਰੀਕਾ ਤੋਂ ਕੱਢਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।”
ਫਲੋਰਿਡਾ ਹਾਈਵੇਅ ਪਟਰੋਲ (FHP), ਜਿਸ ਨੇ ਜਾਂਚ ਦੀ ਅਗਵਾਈ ਕੀਤੀ, ਨੇ 16 ਅਗਸਤ ਨੂੰ ਜਾਰੀ ਬਿਆਨ ਵਿੱਚ ਕਿਹਾ: “ਸਾਡੀ ਸ਼ੁਰੂਆਤੀ ਜਾਂਚ ਦੇ ਅਧਾਰ ‘ਤੇ ਇਹ ਸਪਸ਼ਟ ਹੈ ਕਿ ਵਪਾਰਕ ਟਰੱਕ ਡਰਾਈਵਰ ਨੇ ਲਾਪਰਵਾਹੀ ਨਾਲ ਅਤੇ ਹੋਰਨਾਂ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ, ਇੱਕ ਗੈਰ-ਅਧਿਕਾਰਤ ਸਥਾਨ ‘ਤੇ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ। ਇਸਦੇ ਨਤੀਜੇ ਵਜੋਂ, ਮਿਨੀਵੈਨ ਦੇ ਤਿੰਨ ਸਵਾਰ ਮੌਕੇ 'ਤੇ ਮਰੇ ਗਏ।”
ਮਿਲੀ ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ, ਜਿਸ 'ਤੇ ਹੁਣ ਵਾਹਨ ਦੁਆਰਾ ਕਤਲ ਦੇ ਤਿੰਨ ਮਾਮਲੇ ਦਰਜ ਹਨ। ਐਫਐਚਪੀ ਦੇ ਐਗਜ਼ਿਕਿਊਟਿਵ ਡਾਇਰੈਕਟਰ ਡੇਵ ਕਰਨਰ ਨੇ ਕੜੇ ਸ਼ਬਦਾਂ ‘ਚ ਸਿੰਘ ਦੀ ਇਸ ਹਰਕਤ ਦੀ ਨਿੰਦਾ ਕੀਤੀ। ਉਹਨਾਂ ਕਿਹਾ “ਇੱਕ ਕਮਰਸ਼ੀਅਲ ਟ੍ਰੈਕਟਰ-ਟ੍ਰੇਲਰ ਚਲਾਉਂਦੇ ਸਮੇਂ ਦੋਸ਼ੀ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਹੈਰਾਨ ਕਰਨ ਵਾਲੀਆਂ ਅਤੇ ਅਪਰਾਧਿਕ ਹਨ। ਉਸਦੀ ਲਾਪਰਵਾਹੀ ਕਾਰਨ ਤਿੰਨ ਲੋਕਾਂ ਦੀ ਜਾਨ ਗਈ ਜਿਸ ਕਾਰਨ ਮ੍ਰਿਤਕਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਸਦਾ ਲਈ ਇਸ ਘਾਟੇ ਦੇ ਦੁੱਖ ਵਿਚ ਰਹਿਣਗੇ। ਹਰਜਿੰਦਰ ਸਿੰਘ ਇਸ ਵੇਲੇ ਰਾਜ ਪੱਧਰੀ ਵਾਹਨ ਹੱਤਿਆ ਅਤੇ ਇਮੀਗ੍ਰੇਸ਼ਨ ਉਲੰਘਣਾ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਹੈ। ਹੁਣ ਉਹ ਫਲੋਰਿਡਾ ਵਾਸੀਆਂ ਅਤੇ ਸੈਲਾਨੀਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕੇਗਾ।”
ਕਰਨਰ ਨੇ ਅੱਗੇ ਕਿਹਾ, “ਜਦੋਂ ਕਾਰਵਾਈ ਪੂਰੀ ਹੋਵੇਗੀ, ਉਸਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਫਲੋਰਿਡਾ ਹਾਈਵੇਅ ਪਟਰੋਲ ਰਾਜ ਅਤੇ ਕੇਂਦਰੀ ਦੋਵੇਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ।
ਜਨਤਾ ਦੇ ਗੁੱਸੇ ਨੂੰ ਹੋਰ ਵਧਾਉਂਦਿਆਂ, ਸਥਾਨਕ ਮੀਡੀਆ ਨੇ ਸਿੰਘ ਦੇ ਟਰੱਕ ਵਿੱਚੋਂ ਮਿਲੀ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਯੂ-ਟਰਨ ਦੀ ਕੋਸ਼ਿਸ਼ ਕਰਦਾ ਦਿੱਸਦਾ ਹੈ, ਜਿਸ ਨਾਲ ਉਸਦਾ ਟ੍ਰੇਲਰ ਸਿੱਧਾ ਆਉਣ ਵਾਲੀ ਆਵਾਜਾਈ ਵਿੱਚ ਆ ਗਿਆ। ਫੁਟੇਜ ਦੇਖਣ ਵਾਲਿਆਂ ਅਨੁਸਾਰ, ਸਿੰਘ ਦੇ ਚਿਹਰੇ 'ਤੇ “ਕੋਈ ਹੈਰਾਨੀ ਜਾਂ ਪਛਤਾਵਾ” ਨਹੀਂ ਸੀ ਜਦੋਂ ਇਹ ਘਾਤਕ ਹਾਦਸਾ ਵਾਪਰਿਆ।
ICE ਅਧਿਕਾਰੀਆਂ ਨੇ ਕਿਹਾ, “ਇਹ ਡਿਟੇਨਰ ਇਹ ਯਕੀਨੀ ਬਣਾਂਦਾ ਹੈ ਕਿ ਸਿੰਘ ਦਾ ਅਪਰਾਧਿਕ ਮਾਮਲਾ ਮੁਕੰਮਲ ਹੋਣ ਦੇ ਤੁਰੰਤ ਬਾਅਦ ਉਸਨੂੰ ICE ਹਿਰਾਸਤ ‘ਚ ਸੌਂਪ ਦਿੱਤਾ ਜਾਵੇ, ਤਾਂ ਜੋ ਉਹ ਮੁੜ ਅਮਰੀਕੀ ਸੜਕਾਂ ‘ਤੇ ਨਾ ਆ ਸਕੇ।”
ਸਿੰਘ ਇਸ ਵੇਲੇ ਫਲੋਰਿਡਾ ਵਿੱਚ ਹਿਰਾਸਤ ਵਿੱਚ ਹੈ। ਉਸ ‘ਤੇ ਵਾਹਨ ਹੱਤਿਆ ਦੇ ਤਿੰਨ ਮਾਮਲਿਆਂ ਦੀ ਰਾਜ ਪੱਧਰੀ ਸੁਣਵਾਈ ਹੋਵੇਗੀ, ਜਿਸ ਤੋਂ ਬਾਅਦ ICE ਉਸਨੂੰ ਡਿਪੋਰਟ ਕਰਨ ਲਈ ਹਿਰਾਸਤ ‘ਚ ਲਵੇਗਾ। ਉਧਰ, ਤਿੰਨ ਪੀੜਤਾਂ ਦੇ ਪਰਿਵਾਰ ਸੋਗ ਵਿੱਚ ਡੁੱਬੇ ਹੋਏ ਹਨ, ਉਹ ਆਪਣਿਆਂ ਨੂੰ ਗੁਆ ਬੈਠੇ ਹਨ।
ਇਸ ਮਾਮਲੇ ਦੇ ਪ੍ਰਭਾਵ ਜਲਦੀ ਨਹੀਂ ਘਟਣਗੇ। ਜਦੋਂ ਵੀਡੀਓ ਸਬੂਤ ਆਨਲਾਈਨ ਫੈਲ ਰਹੀ ਹੈ, ਡੀਐਚਐਸ ਅਤੇ ਫਲੋਰਿਡਾ ਦੇ ਅਧਿਕਾਰੀ ਜਵਾਬਦੇਹੀ ਦੀ ਮੰਗ ਕਰ ਰਹੇ ਹਨ ਅਤੇ ਕੈਲੀਫ਼ੋਰਨੀਆ ਦੇ ਲਾਇਸੈਂਸ ਨਿਯਮ ਚਰਚਾ ਦੇ ਕੇਂਦਰ ਵਿੱਚ ਹਨ।
Comments
Start the conversation
Become a member of New India Abroad to start commenting.
Sign Up Now
Already have an account? Login