ADVERTISEMENTs

ਬੇਕਰਸਫੀਲਡ ਕੈਲੀਫੋਰਨੀਆ ਵਿਖੇ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2025 ਦਾ ਆਯੋਜਨ

ਅਮਰੀਕਾ ਅਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 68 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ

ਬੀਤੇ ਦਿਨੀਂ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਚਾਰ ਰੋਜ਼ਾ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2025 ਸੰਬੰਧੀ ਮੁਕਾਬਲੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਵਿਖੇ ਆਯੋਜਿਤ ਕੀਤੇ ਗਏ। ਗੁਰਦੁਆਰਾ ਗੁਰੂ ਅੰਗਦ ਦਰਬਾਰ ਵਿਖੇ ਹੋਏ ਪ੍ਰੋਗਰਾਮਾਂ ਵਿਚ ਅਮਰੀਕਾ ਅਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 68 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ।

ਸਿਮਪੋਜ਼ੀਅਮ ਅਤੇ ਸਿਆਨਾ ਸੰਸਥਾ ਦੇ ਰਾਸ਼ਟਰੀ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਸਿਮਪੋਜ਼ੀਅਮ ਸਾਲ 1999 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੁਕਾਬਲੇ ਕਰਵਾਏ ਜਾਂਦੇ ਹਨ। ਵੱਖ-ਵੱਖ ਸ਼ਹਿਰਾਂ ਦੇ ਜੇਤੂ ਬੱਚੇ ਫਿਰ ਰਾਜ ਪੱਧਰੀ ਤੇ ਅੰਤ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਅਗਸਤ ਮਹੀਨੇ ‘ਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲਿਆਂ ‘ਚ ਭਾਗ ਲੈਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਇਹਨਾਂ ਇੰਟਰਨੈਸ਼ਨਲ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ।

ਉਹਨਾਂ ਅੱਗੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਗਿਆ ਹੈ। ਹਰੇਕ ਗਰੁੱਪ ਨੂੰ ਇਕ ਕਿਤਾਬ ਅਤੇ ਤਿੰਨ ਸਵਾਲ ਦਿੱਤੇ ਗਏ ਸਨ। ਬੱਚਿਆਂ ਨੇ ਇਹਨਾਂ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦਿੱਤੇ। ਇਸ ਸਾਲ ਪਹਿਲੇ ਗਰੁੱਪ ਨੂੰ “ਸਾਕਾ ਚਮਕੌਰ”, ਦੂਜੇ ਨੂੰ “ਸਿੱਖ ਸਾਖੀਜ਼”, ਤੀਜੇ ਨੂੰ “ਸਿੱਖ ਇਤੀਹਾਸ ਦੀਆਂ ਚੋਣਵੀਆਂ ਸਾਖੀਆਂ” ਅਤੇ ਚੌਥੇ ਨੂੰ “ਦ ਮੈਸੇਜ ਆਫ ਗੁਰਬਾਣੀ” ਪੁਸਤਕ ਦਿੱਤੀ ਗਈ।

ਪੰਜਵੇਂ ਗਰੁੱਪ ਵਿਚ ਭਾਗ ਲੈਣ ਵਾਲੇ 16 ਤੋਂ 22 ਸਾਲਾਂ ਦੇ ਨੌਜਵਾਨਾਂ ਨੇ “ਆਸ਼ਾ ਕੀ ਵਾਰ” ਸੰਬੰਧੀ ਡਿਬੇਟ ਵਿਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਹ ਡਿਬੇਟ ਲਗਭਗ ਚਾਰ ਘੰਟੇ ਤੱਕ ਚੱਲੀ ਅਤੇ ਇਸ ਵਿੱਚ ਸ਼ੁਰੂਆਤੀ ਬਿਆਨ, ਪੁੱਛੇ ਗਏ ਪ੍ਰਸ਼ਨਾਂ ਅਤੇ ਜਵਾਬ ਦੇ ਨਾਲ ਸੰਬੰਧਤ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਅਤੇ ਸਮਾਪਤੀ ਦਾ ਬਿਆਨ ਸ਼ਾਮਲ ਸਨ।

ਸਿਮਪੋਜ਼ੀਅਮ ਦੇ ਕੈਲੀਫੋਰਨੀਆ ਤੋਂ ਰੀਜਨਲ ਕਨਵੀਨਰ ਡਾ ਮਨਬੀਰ ਸਿੰਘ ਨੇ ਦੱਸਿਆ ਕਿ ਬੇਕਰਸਫੀਲਡ ਨੂੰ 17 ਸਾਲਾਂ ਬਾਦ ਮੁੜ ਇਸ 4 ਰੋਜਾਂ ਸਲਾਨਾ ਸਮਾਗਮ ਨੂੰ ਕਰਵਾਉਣ ਦਾ ਮੌਕਾ ਮਿਲਿਆ। ਇਸ ਵਿੱਚ ਅਮਰੀਕਾ ਕੈਨੇਡਾ ਤੋਂ ਆਏ 68 ਬੱਚਿਆਂ, ਉਹਨਾਂ ਦੇ ਪਰਿਵਾਰਾਂ ਸਣੇ ਤਕਰੀਬਨ 200 ਤੋਂ ਵੱਧ ਮਹਿਮਾਨ ਬੇਕਰਸਫੀਲਡ ਆਏ ਸਨ। ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ, ਗੁਰਬਾਣੀ, ਧਰਮ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ।

ਇਹਨਾਂ ਫਾਈਨਲ ਮੁਕਾਬਲਿਆਂ ‘ਚ ਪਹੁੰਚਣ ਵਾਲੇ ਬੱਚਿਆਂ ਲਈ ਹਰ ਸਾਲ ਵਾਂਗ ਇੱਕ ਵਿਸ਼ੇਸ਼ ਸਨਮਾਨ ਪ੍ਰੋਗਰਾਮ ਵੀ ਰੱਖਿਆ ਗਿਆ। ਇਸ ਵਿਚ ਸਾਰੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਗਈ। ਕੈਲੀਫੋਰਨੀਆ ਅਸੈਂਬਲੀ ਲਈ ਚੁਣੀ ਗਈ ਪਹਿਲੀ ਸਿੱਖ ਮਹਿਲਾ ਡਾ. ਜਸਮੀਤ ਕੌਰ ਬੈਂਸ ਅਤੇ 2025 ਦੇ ਨੈਸ਼ਨਲ ਸਪੀਚ ਐਂਡ ਡਿਬੇਟ ਐਸੋਸੀਏਸ਼ਨ ਦੀ ਔਰੇਟਰੀ ਚੈਂਪੀਅਨਸ਼ਿਪ ਦੇ ਜੇਤੂ ਅੰਗਦ ਸਿੰਘ, ਮੁੱਖ ਮਹਿਮਾਨ ਅਤੇ ਸਪੀਕਰ ਸਨ। ਇਹਨਾਂ ਦੋਵਾਂ ਦੀ ਸ਼ਮੂਲੀਅਤ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਪ੍ਰੇਰਣਾ ਦੇਣਾ ਸੀ ਕਿ ਕਿਵੇਂ ਇਹ ਦੋਨੋਂ ਸਿੱਖ ਭਾਈਚਾਰੇ ਦੇ ਕਾਬਲ ਪਬਲਿਕ ਸਪੀਕਰ ਅਤੇ ਲੀਡਰ ਹਨ।

ਸਿਮਪੋਜ਼ੀਅਮ ਦੇ ਅਖੀਰਲੇ ਦਿਨ ਗੁਰਦੂਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ।ਪਹਿਲੇ ਗਰੁੱਪ ਵਿੱਚ ਜੀਆ ਕੌਰ, ਦੂਜੇ ‘ਚ ਮਹਿਰਾਂਸ਼ ਸਿੰਘ, ਤੀਜੇ ‘ਚ ਸੁਹਾਵੀ ਕੌਰ, ਚੌਥੇ ‘ਚ ਮਨਰਾਜ ਸਿੰਘ, ਅਤੇ ਪੰਜਵੇਂ ਗਰੁੱਪ ਵਿਚ ਸੁਖਮਨੀ ਕੌਰ ਪਹਿਲੇ ਸਥਾਨ ‘ਤੇ ਰਹੇ। ਜੇਤੂਆਂ ਤੋਂ ਇਲਾਵਾ ਸਾਰੇ ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਪੁਰਸਕਾਰ “ਡਿਸਟਿਗਯੂਟਿਸ਼ਡ ਸਪੀਕਰ ਅਵਾਰਡ” ਦਿੱਤਾ ਗਿਆ।

ਸਿਆਨਾ ਸੰਸਥਾ ਦੇ ਕਨਵੀਨਰ ਸ. ਕੁਲਦੀਪ ਸਿੰਘ ਨੇ ਬੇਕਰਸਫੀਲਡ ਵਿਖੇ ਇਸ ਸਲਾਨਾ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਨ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਸੰਗਤ, ਕੈਲੀਫੋਰਨੀਆ ਸੂਬੇ ਦੇ ਕਨਵੀਨਰ ਡਾ. ਮਨਬੀਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ। ਹਰ ਉਮਰ ਦੇ ਸੇਵਾਦਾਰਾਂ ਦੁਆਰਾ ਤਨ, ਮਨ ਤੇ ਧਨ ਨਾਲ ਲੰਗਰ ਤੇ ਹੋਰ ਸੇਵਾਵਾਂ ਕੀਤੀਆਂ ਗਈਆਂ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video