ADVERTISEMENTs

ਕਦੇ ਛੱਡ ਦਿੱਤੀ ਸੀ ਪੜ੍ਹਾਈ, ਹੁਣ 50 ਸਾਲ ਬਾਅਦ ਬਣ ਗਏ ਸਿੱਖਿਆ ਸੰਸਥਾਵਾਂ ਦੇ ਮਦਦਗਾਰ

ਉਹ ਵਿਅਕਤੀ ਹੋਰ ਕੋਈ ਨਹੀਂ ਸੁਰਿੰਦਰਪਾਲ ਸਿੰਘ ਓਬੇਰੌਏ ਹਨ ਜੋ ਇੱਕ ਸਫਲ ਉਦਯੋਗਪਤੀ, ਸਮਾਜਸੇਵੀ ਅਤੇ 'ਸਰਬੱਤ ਦਾ ਭਲਾ' ਟਰੱਸਟ ਦੇ ਸੰਸਥਾਪਕ ਹਨ। 

ਸਾਬਕਾ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮਲ੍ਹੀ ਅਤੇ ਦਲਬੀਰ ਸਿੰਘ ਕਥੂਰੀਆ- ਸੁਰਿੰਦਰਪਾਲ ਸਿੰਘ ਓਬੇਰੌਏ ਨੂੰ ਸਨਮਾਨਿਤ ਕਰਦੇ ਹੋਏ / courtesy photo

ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜਿਸਨੇ ਆਪਣਾ ਘਰ ਛੱਡ ਦਿੱਤਾ ਕਿਉਂਕਿ ਉਹ ਮੈਟ੍ਰਿਕ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਨਹੀਂ ਰੱਖਣਾ ਚਾਹੁੰਦੇ ਸੀ। 50 ਸਾਲ ਬਾਅਦ, ਹੁਣ ਉਹ ਵਿਅਕਤੀ ਸਿੱਖਿਆ ਨੂੰ ਵਧਾਵਾ ਦਿੰਦਿਆਂ ਯੂਨੀਵਰਸਿਟੀਆਂ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ। ਉਹ ਵਿਅਕਤੀ ਇੱਕ ਪਰਵਾਸੀ ਭਾਰਤੀ ਹੈ ਤੇ ਕਹਿੰਦੇ ਹੈ ਕਿ ਉਹ ਆਪਣੀ ਆਮਦਨ ਦਾ ਇੱਕ ਪ੍ਰਤੀਸ਼ਤ ਤੋਂ ਵੱਧ ਹਿੱਸਾ ਦਾਨ-ਪੁੰਨ ਲਈ ਦਿੰਦੇ ਹਨ। ਉਹ ਕਹਿੰਦੇ ਹੈ — "ਮੇਰੇ ਅਤੇ ਮੇਰੇ ਪਰਿਵਾਰ ਦੇ ਗੁਜ਼ਾਰੇ ਲਈ ਮੇਰੀ ਥੋੜ੍ਹੀ ਆਮਦਨ ਹੀ ਕਾਫੀ ਹੈ।"

ਉਹ ਵਿਅਕਤੀ ਹੋਰ ਕੋਈ ਨਹੀਂ, ਸੁਰਿੰਦਰਪਾਲ ਸਿੰਘ ਓਬੇਰੌਏ ਹਨ। ਜੋ ਇੱਕ ਸਫਲ ਉਦਯੋਗਪਤੀ, ਸਮਾਜਸੇਵੀ ਅਤੇ 'ਸਰਬੱਤ ਦਾ ਭਲਾ' ਟਰੱਸਟ ਦੇ ਸੰਸਥਾਪਕ ਹਨ। ਇਹ ਟਰੱਸਟ ਕਈ ਭਲਾਈ ਦੇ ਕੰਮਾਂ ਵਿਚ ਵਿੱਤ ਸਹਾਇਤਾ ਮੁਹੱਈਆ ਕਰਵਾਉਂਦਾ ਆ ਰਿਹਾ ਹੈ। ਓਬੇਰੌਏ ਨੇ ਨਾ ਸਿਰਫ ਆਪਣੇ ਬਲਬੂਤੇ 'ਤੇ ਮੱਧ-ਪੂਰਬ ਵਿੱਚ ਲਗਭਗ 150 ਨੌਜਵਾਨਾਂ ਦੀ ਫਾਂਸੀ ਤੋਂ ਜ਼ਿੰਦਗੀ ਬਚਾਈ, ਸਗੋਂ ਉਨ੍ਹਾਂ ਦੇ ਪੁਨਰਵਾਸ ਦਾ ਵੀ ਇੰਤਜ਼ਾਮ ਕੀਤਾ।

ਮਾਨਵਤਾ ਦੀ ਭਲਾਈ ਲਈ ਉਨ੍ਹਾਂ ਦੇ ਨਿਸ਼ਕਾਮ ਯੋਗਦਾਨ ਦੇ ਸਨਮਾਨ ਵਿੱਚ, ਇਸ ਹਫ਼ਤੇ ਦੇ ਅੰਤ 'ਚ ਬ੍ਰੈਮਪਟਨ ਸਥਿਤ ਵਿਸ਼ਵ ਪੰਜਾਬੀ ਭਵਨ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਗੁਰਬਖ਼ਸ਼ ਸਿੰਘ ਮਲ੍ਹੀ, ਜੋ ਭਾਰਤ ਤੋਂ ਬਾਹਰ ਕਿਸੇ ਸੰਸਦ ਵਿਚ ਬੈਠਣ ਵਾਲੇ ਪਹਿਲੇ 'ਦਸਤਾਰਧਾਰੀ' ਸਿੱਖ ਬਣੇ, ਸਮਾਰੋਹ ਦੇ ਮੁੱਖ ਮਹਿਮਾਨ ਸਨ, ਜਿਸ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਆਪਣੀ ਕਹਾਣੀ ਦੱਸਦੇ ਹੋਏ ਸੁਰਿੰਦਰਪਾਲ ਸਿੰਘ ਓਬੇਰੌਏ ਨੇ ਉਹ ਦਿਨ ਯਾਦ ਕੀਤੇ ਜਦੋਂ ਉਨ੍ਹਾਂ ਨੇ ਆਪਣੇ ਘਰ ਵਿੱਚ ਬਗਾਵਤ ਕਰ ਦਿੱਤੀ ਸੀ ਅਤੇ ਮੈਟ੍ਰਿਕ ਤੋਂ ਬਾਅਦ ਪੜ੍ਹਾਈ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਦੱਸਦੇ ਹਨ ਕਿ "ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਅੱਗੇ ਪੜ੍ਹਾਈ ਕਰਾਂ, ਪਰ ਮੈਨੂੰ ਪੜ੍ਹਾਈ 'ਚ ਰੁਚੀ ਨਹੀਂ ਸੀ। ਇੱਕ ਦਿਨ ਮੈਂ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਨੂੰ ਪੜ੍ਹਾਈ 'ਚ ਦਿਲਚਸਪੀ ਨਹੀਂ ਹੈ। ਉਹ ਨਾਰਾਜ਼ ਹੋ ਗਏ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਹਾਂ।"

ਉਨ੍ਹਾਂ ਦੇ ਅਨੁਸਾਰ — "ਜਦੋਂ ਮੈਂ ਘਰ ਛੱਡ ਕੇ ਆਪਣੀ ਦੁਨੀਆ ਦੀ ਖੋਜ ਵਿੱਚ ਨਿਕਲਣ ਦਾ ਫੈਸਲਾ ਕੀਤਾ, ਤਾਂ ਮੇਰੀ ਜੇਬ ਵਿੱਚ ਸਿਰਫ 600 ਰੁਪਏ ਸਨ। ਮੇਰੇ ਪਿਤਾ, ਜੋ ਕਿ ਬਹੁਤ ਸਖ਼ਤ ਅਨੁਸ਼ਾਸਨ ਵਾਲੇ ਸਨ, ਉਨ੍ਹਾਂ ਨੇ ਮੈਨੂੰ ਹੋਰ ਕੁਝ ਪੈਸੇ ਦਿੱਤੇ ਤੇ ਕਿਹਾ ਕਿ ਓਹ ਉਹਨਾਂ ਨੂੰ ਆਪਣਾ ਮੂੰਹ ਓਦੋਂ ਹੀ ਵਿਖਾਉਣ ਜਦੋਂ ਜ਼ਿੰਦਗੀ ‘ਚ ਕੁਝ ਹਾਸਿਲ ਕਰ ਲੈਣ।"

"ਦੁਬਈ ਵਿੱਚ ਇੱਕ ਨਿਰਮਾਣ ਪ੍ਰੋਜੈਕਟ ਵਿੱਚ ਮੈਕੈਨਿਕ ਵਜੋਂ ਕੰਮ ਕਰਨ ਦਾ ਮੌਕਾ ਮਿਲਣ ਤੋਂ ਪਹਿਲਾਂ ਮੈਂ ਸੜਕ ਕੰਡੇ ਮਜ਼ਦੂਰੀ ਕੀਤੀ। ਪੰਜ ਸਾਲ ਬਾਅਦ ਜਦੋਂ ਮੈਂ ਘਰ ਵਾਪਸ ਆਇਆ, ਤਾਂ ਮੇਰੇ ਪਿਤਾ ਨੇ ਮੇਰਾ ਮਜ਼ਾਕ ਉਡਾਇਆ ਤੇ ਕਿਹਾ — ‘ਤੂੰ ਕੀ ਬਣ ਗਿਆ — ਮੈਕੈਨਿਕ?’ ਇਹ ਗੱਲ ਮੈਨੂੰ ਚੁੱਭ ਗਈ ਤੇ ਮੈਂ ਫੇਰ ਘਰ ਛੱਡ ਦਿੱਤਾ।"

ਇਸ ਵਾਰ ਮੈਂ ਦੁਬਈ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਤੇ ਕਠਿਨ ਮਿਹਨਤ ਕੀਤੀ। ਉੱਪਰ ਵਾਲਾ, ਬਹੁਤ ਦਇਆਲੂ ਸੀ। ਮੇਰਾ ਨਿਰਮਾਣ ਕਾਰੋਬਾਰ ਚੰਗੀ ਤਰ੍ਹਾਂ ਚੱਲ ਪਿਆ। ਓਬੇਰੌਏ ਕਹਿੰਦੇ ਹਨ ਕਿ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮੋੜ 31 ਮਾਰਚ 2010 ਨੂੰ ਆਇਆ, ਜਦੋਂ ਉਨ੍ਹਾਂ ਨੇ ਇੱਕ ਅਖ਼ਬਾਰ ਵਿੱਚ ਪੜ੍ਹਿਆ ਕਿ ਇੱਕ ਪਾਕਿਸਤਾਨੀ ਲੜਕੇ ਦੀ ਮੌਤ ਦੇ ਮਾਮਲੇ ਵਿੱਚ 17 ਭਾਰਤੀ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।

ਉਨ੍ਹਾਂ ਨੇ ਸੋਚਿਆ — “ਇੱਕ ਵਿਅਕਤੀ ਦੀ ਮੌਤ ਲਈ 17 ਲੋਕਾਂ ਨੂੰ ਫਾਂਸੀ ਕਿਵੇਂ ਦਿੱਤੀ ਜਾ ਸਕਦੀ ਹੈ?” ਇਹ ਗੱਲ ਉਨ੍ਹਾਂ ਦੇ ਮਨ ਵਿੱਚ ਲੱਗੀ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਕੁਝ ਬੇਗੁਨਾਹ ਨੌਜਵਾਨਾਂ ਉੱਤੇ ਅਜਿਹਾ ਦੋਸ਼ ਲਾਇਆ ਗਿਆ ਹੈ ਜੋ ਉਨ੍ਹਾਂ ਨੇ ਕੀਤਾ ਹੀ ਨਹੀਂ। ਇਹ ਗੱਲ ਦਿਲ 'ਚ ਵੱਸ ਗਈ, ਇਸ ਕਰਕੇ ਉਨ੍ਹਾਂ ਨੇ ਕਾਨੂੰਨੀ ਏਜੰਸੀਆਂ, ਉਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ, ਵਕੀਲਾਂ ਅਤੇ ਹੋਰ ਸਬੰਧਤ ਲੋਕਾਂ ਨਾਲ ਮਿਲ ਕੇ ਕੰਮ ਕੀਤਾ। ਓਬੇਰੌਏ ਇਸ ਨਤੀਜੇ 'ਤੇ ਪਹੁੰਚੇ ਕਿ 17 ਵਿੱਚੋਂ ਸਿਰਫ 3 ਹੀ ਨੌਜਵਾਨ ਉਸ ਘਟਨਾ ਵਿੱਚ ਸ਼ਾਮਲ ਸਨ ਜਿਸ ਕਾਰਨ ਪਾਕਿਸਤਾਨੀ ਲੜਕੇ ਦੀ ਹੱਤਿਆ ਹੋਈ ਸੀ।

ਉਨ੍ਹਾਂ ਨੇ ਮਾਰੇ ਗਏ ਪਾਕਿਸਤਾਨੀ ਲੜਕੇ ਦੇ ਪਰਿਵਾਰ ਨੂੰ "ਬਲੱਡ ਮਨੀ" (ਮੁਆਵਜ਼ਾ ਰਕਮ) ਦਿੱਤੀ ਅਤੇ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਵਾ ਕੇ ਭਾਰਤ ਭੇਜ ਦਿੱਤਾ। ਉਹ 14 ਨੌਜਵਾਨ ਹੁਣ ਚੰਗੀ ਤਰ੍ਹਾਂ ਵਸ ਗਏ ਹਨ, ਉਨ੍ਹਾਂ ਦੇ ਪਰਿਵਾਰ ਹਨ ਅਤੇ ਉਹ ਖੁਸ਼ਹਾਲ ਜੀਵਨ ਜੀਅ ਰਹੇ ਹਨ। ਕੁੱਲ ਮਿਲਾ ਕੇ, ਓਬੇਰੌਏ ਨੇ ਲਗਭਗ 150 ਪ੍ਰਵਾਸੀ ਮਜ਼ਦੂਰਾਂ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕਰਮਚਾਰੀਆਂ ਨੂੰ ਬਚਾਇਆ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਰਿਹਾਅ ਕਰਵਾਇਆ। ਮਦਦ ਲੈਣ ਵਾਲੇ ਸਿਰਫ ਪੰਜਾਬੀ ਨਹੀਂ ਸਨ, ਸਗੋਂ ਭਾਰਤ ਦੇ ਹੋਰ ਰਾਜਾਂ, ਪਾਕਿਸਤਾਨ, ਸ੍ਰੀਲੰਕਾ ਅਤੇ ਹੋਰ ਦੇਸ਼ਾਂ ਦੇ ਨੌਜਵਾਨ ਵੀ ਸਨ।

ਉਹਨਾਂ ਦਾ ‘ਸਰਬੱਤ ਦਾ ਭਲਾ’ ਟਰੱਸਟ ਹੁਣ ਪਿੱਛੜੇ ਨੌਜਵਾਨਾਂ ਲਈ ਗੁਣਵੱਤਾਪੂਰਨ ਤੇ ਸਸਤੀ ਸਿੱਖਿਆ ਦੇਣ ਲਈ ਯੂਨੀਵਰਸਿਟੀਆਂ ਸਥਾਪਤ ਕਰ ਰਿਹਾ ਹੈ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕਾਂ ਲਈ ਕੇਂਦਰ ਵੀ ਖੋਲ੍ਹ ਰਿਹਾ ਹੈ।

ਯੋਗ ਲੋਕਾਂ ਨੂੰ ਬੁਢਾਪਾ ਪੈਂਸ਼ਨ, ਲੋੜਵੰਦਾਂ ਨੂੰ ਮੁਫ਼ਤ ਰਾਸ਼ਨ, ਕੁਝ ਲੋਕਾਂ ਦੇ ਰਹਿਣ ਲਈ ਛੱਤ, ਅਤੇ ਪੂਰੇ ਉੱਤਰੀ ਭਾਰਤ ਵਿੱਚ ਸਬਸਿਡੀ ਵਾਲੇ ਡਾਇਗਨੋਸਟਿਕ ਸੈਂਟਰ, ਇਹ ਸਭ ਉਹ ਆਪਣੇ ਪੈਸਿਆਂ ‘ਤੇ ਚਲਾ ਰਹੇ ਹਨ। ਦੁਬਈ ਵਿੱਚ ਵੀ ਉਹਨਾਂ ਦੀ ਸੰਸਥਾ ਲੋੜਵੰਦ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਅਤੇ ਖਾਣੇ ਦੇ ਪੈਕੇਟ ਮੁਹੱਈਆ ਕਰਵਾਉਂਦੀ ਹੈ। ਭਾਰਤ ਵਿੱਚ ਉਨ੍ਹਾਂ ਦਾ ਇੱਕ ਵੱਡਾ ਨੈੱਟਵਰਕ ਜੋ ਸੰਸਥਾ ਵੱਲੋਂ ਚਲਾਏ ਜਾਂਦੇ ਵੱਖ-ਵੱਖ ਧਾਰਮਿਕ ਅਤੇ ਚੈਰਿਟੇਬਲ ਕੰਮਾਂ ਦੀ ਦੇਖ-ਰੇਖ ਕਰਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video