ਰਾਜਕੁਮਾਰੀ ਅੰਮ੍ਰਿਤ ਕੌਰ / ਵਿਕੀਪੀਡੀਆ
ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਜਿੱਥੇ ਕਈ ਮਹਾਨ ਪੁਰਸ਼ਾਂ ਨੇ ਆਪਣਾ ਯੋਗਦਾਨ ਪਾਇਆ, ਉੱਥੇ ਹੀ ਕੁਝ ਅਜਿਹੀਆਂ ਮਹਾਨ ਮਹਿਲਾਵਾਂ ਵੀ ਸਨ ਜਿਨ੍ਹਾਂ ਨੇ ਸ਼ਾਹੀ ਸੁਖ-ਸੁਵਿਧਾਵਾਂ ਨੂੰ ਤਿਆਗ ਕੇ ਦੇਸ਼ ਦੀ ਸੇਵਾ ਵਿੱਚ ਆਪਣਾ ਜੀਵਨ ਲੇਖੇ ਲਾ ਦਿੱਤਾ। ਅਜਿਹੀਆਂ ਹੀ ਨਾਇਕਾਵਾਂ ਵਿੱਚੋਂ ਇੱਕ ਬੇਮਿਸਾਲ ਅਤੇ ਪ੍ਰੇਰਨਾਦਾਇਕ ਨਾਂਅ ਹੈ- ਰਾਜਕੁਮਾਰੀ ਅੰਮ੍ਰਿਤ ਕੌਰ। ਕਪੂਰਥਲਾ ਦੇ ਸ਼ਾਹੀ ਘਰਾਣੇ ਵਿੱਚ ਜਨਮੀ ਇਸ ਮਹਾਨ ਧੀ ਨੇ ਨਾ ਸਿਰਫ਼ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਈ, ਸਗੋਂ ਅਜ਼ਾਦ ਭਾਰਤ ਦੀ ਪਹਿਲੀ ਸਿਹਤ ਮੰਤਰੀ ਬਣ ਕੇ ਦੇਸ਼ ਦੇ ਸਿਹਤ ਢਾਂਚੇ ਦੀ ਮਜ਼ਬੂਤ ਨੀਂਹ ਵੀ ਰੱਖੀ। ਉਨ੍ਹਾਂ ਦੀ ਸ਼ਖਸੀਅਤ ਬਹੁ-ਪੱਖੀ ਗੁਣਾਂ ਨਾਲ ਭਰਪੂਰ ਸੀ, ਜਿਸ ਵਿੱਚ ਉੱਚੀ ਵਿੱਦਿਆ, ਦਲੇਰੀ, ਮਨੁੱਖਤਾ ਲਈ ਹਮਦਰਦੀ ਅਤੇ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿਵਾਉਣ ਦੀ ਤੜਫ਼ ਸ਼ਾਮਲ ਸੀ।
ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ 2 ਫਰਵਰੀ 1889 ਨੂੰ ਲਖਨਊ ਵਿੱਚ ਹੋਇਆ ਸੀ। ਉਹ ਕਪੂਰਥਲਾ ਰਿਆਸਤ ਦੇ ਰਾਜਾ ਹਰਨਾਮ ਸਿੰਘ ਦੀ ਸਪੁੱਤਰੀ ਸਨ। ਸ਼ਾਹੀ ਪਰਿਵਾਰ ਵਿੱਚ ਜਨਮ ਲੈਣ ਕਾਰਨ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਐਸ਼ੋ-ਆਰਾਮ ਮਿਲ ਸਕਦਾ ਸੀ, ਪਰ ਉਨ੍ਹਾਂ ਦੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ। ਉਹ ਬਚਪਨ ਤੋਂ ਹੀ ਬਹੁਤ ਤੀਖਣ ਬੁੱਧੀ ਅਤੇ ਉੱਚੀ ਵਿੱਦਿਆ ਦੇ ਮਾਲਕ ਸਨ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਇੰਗਲੈਂਡ ਦੇ ਪ੍ਰਸਿੱਧ ਸ਼ੈਰਬੋਰਨ ਸਕੂਲ ਫਾਰ ਗਰਲਜ਼ ਤੋਂ ਕੀਤੀ ਅਤੇ ਉਸ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਲ ਕੀਤੀ। ਉਸ ਦੌਰ ਵਿੱਚ ਜਦੋਂ ਭਾਰਤ ਵਿੱਚ ਔਰਤਾਂ ਦੀ ਸਿੱਖਿਆ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ, ਰਾਜਕੁਮਾਰੀ ਅੰਮ੍ਰਿਤ ਕੌਰ ਨੇ ਵਿਦੇਸ਼ ਵਿੱਚ ਜਾ ਕੇ ਉੱਚੀ ਵਿੱਦਿਆ ਅਤੇ ਬੌਧਿਕ ਕਾਬਲੀਅਤ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਵਿਦੇਸ਼ ਤੋਂ ਪੜ੍ਹਾਈ ਪੂਰੀ ਕਰਕੇ ਜਦੋਂ ਉਹ ਭਾਰਤ ਪਰਤੀ, ਤਾਂ ਉਨ੍ਹਾਂ ਦੇ ਅੰਦਰ ਦੇਸ਼ ਦੀ ਮਾੜੀ ਹਾਲਤ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਦੇਖ ਕੇ ਗਹਿਰਾ ਦੁੱਖ ਹੋਇਆ। ਸੰਨ 1919 ਵਿੱਚ ਹੋਏ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਨੇ ਉਨ੍ਹਾਂ ਦੇ ਮਨ ’ਤੇ ਬਹੁਤ ਗਹਿਰਾ ਅਸਰ ਪਾਇਆ। ਇਸ ਤੋਂ ਬਾਅਦ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਈ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਗਏ। ਉਨ੍ਹਾਂ ਨੇ ਸ਼ਾਹੀ ਪਹਿਰਾਵਾ ਅਤੇ ਗਹਿਣੇ ਤਿਆਗ ਕੇ ਸਾਦਾ ਖਾਦੀ ਦਾ ਜੀਵਨ ਅਪਣਾ ਲਿਆ। ਉਹ ਲਗਭਗ 16 ਸਾਲਾਂ ਤੱਕ ਮਹਾਤਮਾ ਗਾਂਧੀ ਦੀ ਸਕੱਤਰ ਰਹੀ। ਮਹਾਤਮਾ ਗਾਂਧੀ ਦੇ ‘ਨਮਕ ਸਤਿਆਗ੍ਰਹਿ’ ਅਤੇ ‘ਭਾਰਤ ਛੱਡੋ ਅੰਦੋਲਨ’ ਵਿੱਚ ਉਨ੍ਹਾਂ ਨੇ ਡਟ ਕੇ ਹਿੱਸਾ ਲਿਆ, ਜਿਸ ਕਾਰਨ ਬਿ੍ਰਟਿਸ਼ ਸਰਕਾਰ ਨੇ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਵਿੱਚ ਵੀ ਸੁੱਟਿਆ, ਪਰ ਉਹ ਕਦੇ ਵੀ ਆਪਣੇ ਮਾਰਗ ਤੋਂ ਪਿੱਛੇ ਨਹੀਂ ਹਟੇ।
ਰਾਜਕੁਮਾਰੀ ਅੰਮ੍ਰਿਤ ਕੌਰ ਦੀ ਸ਼ਖਸੀਅਤ ਵਿੱਚ ਇੱਕ ਬਹੁਤ ਹੀ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਗੁਣ ਮੌਜੂਦ ਸਨ। ਉਨ੍ਹਾਂ ਨੇ ਨਾ ਸਿਰਫ਼ ਅੰਦੋਲਨਾਂ ਦੀ ਅਗਵਾਈ ਕੀਤੀ, ਸਗੋਂ ਭਾਰਤ ਦੀ ਸੰਵਿਧਾਨ ਸਭਾ ਦੀ ਮੈਂਬਰ ਵਜੋਂ ਸੰਵਿਧਾਨ ਨਿਰਮਾਣ ਵਿੱਚ ਵੀ ਅਹਿਮ ਯੋਗਦਾਨ ਪਾਇਆ। ਜਦੋਂ ਸੰਨ 1947 ਵਿੱਚ ਦੇਸ਼ ਬਿ੍ਰਟਿਸ਼ ਹਕੂਮਤ ਤੋਂ ਅਜ਼ਾਦ ਹੋਇਆ, ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣਦਿਆਂ ਉਨ੍ਹਾਂ ਨੂੰ ਦੇਸ਼ ਦੀ ਪਹਿਲੀ ਕੈਬਨਿਟ ਵਿੱਚ ਸਿਹਤ ਮੰਤਰੀ ਦਾ ਅਹੁਦਾ ਸੌਂਪਿਆ। ਇਸ ਤਰਾਂ, ਉਹ ਅਜ਼ਾਦ ਭਾਰਤ ਦੀ ਪਹਿਲੀ ਮਹਿਲਾ ਕੈਬਨਿਟ ਮੰਤਰੀ ਬਣੀ। ਇੱਕ ਸਿਹਤ ਮੰਤਰੀ ਵਜੋਂ ਉਨ੍ਹਾਂ ਨੇ ਅਜਿਹੇ ਸਮੇਂ ਦੇਸ਼ ਦੀ ਵਾਗਡੋਰ ਸੰਭਾਲੀ ਜਦੋਂ ਭਾਰਤ ਗਰੀਬੀ, ਭੁੱਖਮਰੀ ਅਤੇ ਭਿਆਨਕ ਬਿਮਾਰੀਆਂ ਨਾਲ ਜੂਝ ਰਿਹਾ ਸੀ, ਪਰ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਨੇ ਇਨ੍ਹਾਂ ਮੁਸ਼ਕਿਲਾਂ ’ਤੇ ਕਾਬੂ ਪਾਇਆ ਅਤੇ ਦਸ ਸਾਲ ਤੱਕ ਓਹ ਇਸ ਅਹੁਦੇ ‘ਤੇ ਰਹੇ।
ਉਨ੍ਹਾਂ ਦਾ ਸਾਰਾ ਜੀਵਨ ਜਨਤਕ ਸੇਵਾ ਅਤੇ ਲੋਕ ਭਲਾਈ ਨੂੰ ਸਮਰਪਿਤ ਰਿਹਾ। ਉਹ ਇੱਕ ਬਹੁਤ ਹੀ ਦਿਆਲੂ ਅਤੇ ਹਮਦਰਦ ਸੁਭਾਅ ਦੇ ਮਾਲਕ ਸਨ, ਜੋ ਗਰੀਬਾਂ ਅਤੇ ਬਿਮਾਰਾਂ ਦੇ ਦੁੱਖ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਸਨ। ਦੇਸ਼ ਦੀ ਵੰਡ ਵੇਲੇ ਜਦੋਂ ਲੱਖਾਂ ਸ਼ਰਨਾਰਥੀ ਪਾਕਿਸਤਾਨ ਤੋਂ ਭਾਰਤ ਆਏ, ਤਾਂ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਦਿਨ-ਰਾਤ ਇੱਕ ਕਰਕੇ ਉਨ੍ਹਾਂ ਦੇ ਮੁੜ ਵਸੇਬੇ ਅਤੇ ਇਲਾਜ ਲਈ ਕੈਂਪ ਲਗਾਏ। ਉਨ੍ਹਾਂ ਨੇ ਬਿਮਾਰਾਂ ਦੀ ਸੇਵਾ ਖੁਦ ਆਪਣੇ ਹੱਥਾਂ ਨਾਲ ਕੀਤੀ। ਉਨ੍ਹਾਂ ਦੀ ਇਸ ਹਮਦਰਦੀ ਅਤੇ ਲੋਕਾਂ ਪ੍ਰਤੀ ਪਿਆਰ ਕਾਰਨ ਹੀ ਉਨ੍ਹਾਂ ਨੂੰ ਸਮਾਜ ਦੇ ਹਰ ਵਰਗ ਵੱਲੋਂ ਬਹੁਤ ਸਤਿਕਾਰ ਮਿਲਿਆ।
ਰਾਜਕੁਮਾਰੀ ਅੰਮ੍ਰਿਤ ਕੌਰ ਔਰਤਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਦੀ ਬਹੁਤ ਵੱਡੀ ਸਮਰਥਕ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਕਿਸੇ ਦੇਸ਼ ਦੀ ਔਰਤ ਅਜ਼ਾਦ ਅਤੇ ਸਿੱਖਿਅਤ ਨਹੀਂ ਹੁੰਦੀ, ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਕਿ ਬਾਲ ਵਿਆਹ, ਪਰਦਾ ਪ੍ਰਥਾ ਅਤੇ ਦੇਜ ਪ੍ਰਥਾ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। ਉਨ੍ਹਾਂ ਨੇ ਸੰਨ 1927 ਵਿੱਚ ‘ਆਲ ਇੰਡੀਆ ਵੂਮੈਨਸ ਕਾਨਫਰੰਸ’ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਦਾ ਮੁੱਖ ਮਕਸਦ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਤੇ ਸਮਾਜਿਕ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਸੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਭਾਰਤੀ ਸੰਵਿਧਾਨ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੋਟ ਪਾਉਣ ਅਤੇ ਅਧਿਕਾਰਾਂ ਦੀ ਗਾਰੰਟੀ ਮਿਲੀ।
ਉਨ੍ਹਾਂ ਦੀ ਇੱਕ ਹੋਰ ਵੱਡੀ ਖ਼ਾਸੀਅਤ ਉਨ੍ਹਾਂ ਦੀ ਬਿਹਤਰੀਨ ਗੱਲਬਾਤ ਕਰਨ ਦੀ ਸ਼ੈਲੀ ਅਤੇ ਸੰਚਾਰ ਹੁਨਰ ਸੀ। ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ’ਤੇ ਉਨ੍ਹਾਂ ਦੀ ਬਹੁਤ ਮਜ਼ਬੂਤ ਪਕੜ ਸੀ। ਜਦੋਂ ਉਹ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦੀ ਨੁਮਾਇੰਦਗੀ ਕਰਦੇ ਸਨ, ਤਾਂ ਉਨ੍ਹਾਂ ਦੇ ਭਾਸ਼ਣਾਂ ਅਤੇ ਦਲੀਲਾਂ ਨੂੰ ਸੁਣ ਕੇ ਵਿਦੇਸ਼ੀ ਆਗੂ ਵੀ ਕਾਇਲ ਹੋ ਜਾਂਦੇ ਸਨ। ਉਹ 1950 ਵਿੱਚ ‘ਵਿਸ਼ਵ ਸਿਹਤ ਸੰਗਠਨ’ (ਡਬਲਯੂ.ਐਚ.ਓ.) ਦੀ ਮੁਖੀ ਚੁਣੀ ਗਈ। ਇਸ ਵੱਕਾਰੀ ਅਹੁਦੇ ’ਤੇ ਪਹੁੰਚਣ ਵਾਲੀ ਉਹ ਪਹਿਲੀ ਮਹਿਲਾ ਅਤੇ ਪਹਿਲੀ ਏਸ਼ੀਆਈ ਨਾਗਰਿਕ ਸਨ। ਉਨ੍ਹਾਂ ਨੇ ਆਪਣੀ ਇਸ ਪ੍ਰਭਾਵਸ਼ਾਲੀ ਗੱਲਬਾਤ ਦੀ ਕਾਬਲੀਅਤ ਸਦਕਾ ਵਿਦੇਸ਼ੀ ਸੰਸਥਾਵਾਂ ਤੋਂ ਭਾਰਤ ਦੇ ਸਿਹਤ ਢਾਂਚੇ ਨੂੰ ਸੁਧਾਰਨ ਲਈ ਕਰੋੜਾਂ ਰੁਪਏ ਦੀ ਮਦਦ ਹਾਸਲ ਕੀਤੀ।
ਇੱਕ ਪ੍ਰਸ਼ਾਸਕ ਵਜੋਂ ਉਹ ਬਹੁਤ ਹੀ ਦਲੇਰ ਅਤੇ ਦੂਰਅੰਦੇਸ਼ ਫੈਸਲੇ ਲੈਣ ਵਾਲੀ ਆਗੂ ਸਨ। ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਫੈਸਲਾ ਨਵੀਂ ਦਿੱਲੀ ਵਿੱਚ ‘ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼’ (ਏਮਜ਼) ਦੀ ਸਥਾਪਨਾ ਕਰਨਾ ਸੀ। ਜਦੋਂ ਇਸ ਹਸਪਤਾਲ ਨੂੰ ਬਣਾਉਣ ਲਈ ਸਰਕਾਰ ਕੋਲ ਫੰਡਾਂ ਦੀ ਕਮੀ ਸੀ, ਤਾਂ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਆਪਣੀ ਨਿੱਜੀ ਜਾਇਦਾਦ ਅਤੇ ਸ਼ਿਮਲਾ ਵਾਲਾ ਸ਼ਾਹੀ ਮਹਿਲ ਇਸ ਸੰਸਥਾ ਦੇ ਨਾਂਅ ਕਰ ਦਿੱਤਾ ਤਾਂ ਜੋ ਦੇਸ਼ ਦੇ ਗਰੀਬ ਲੋਕਾਂ ਨੂੰ ਮੁਫ਼ਤ ਅਤੇ ਵਿਸ਼ਵ ਪੱਧਰੀ ਇਲਾਜ ਮਿਲ ਸਕੇ। ਉਨ੍ਹਾਂ ਨੇ ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਪੱਛਮੀ ਦੇਸ਼ਾਂ ਤੋਂ ਫੰਡ ਇਕੱਠੇ ਕੀਤੇ ਅਤੇ ਸੰਨ 1956 ਵਿੱਚ ਏਮਜ਼ ਵਰਗੇ ਮਹਾਨ ਮੈਡੀਕਲ ਸੰਸਥਾਨ ਨੂੰ ਖੜ੍ਹਾ ਕਰਕੇ ਦਿਖਾਇਆ, ਜੋ ਅੱਜ ਵੀ ਲੱਖਾਂ ਭਾਰਤੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਵਾ ਰਿਹਾ ਹੈ।
ਉਹ ਦੇਸ਼ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੀ ਸੁਧਾਰਕ ਵਜੋਂ ਵੀ ਉੱਭਰੀ। ਸਿਹਤ ਮੰਤਰੀ ਵਜੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਦੇਸ਼ ਵਿੱਚੋਂ ਮਲੇਰੀਆ, ਤਪਦਿਕ (ਟੀ.ਬੀ.) ਅਤੇ ਚੇਚਕ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਖ਼ਤਮ ਕਰਨ ਲਈ ਵੱਡੀਆਂ ਮੁਹਿੰਮਾਂ ਚਲਾਈਆਂ। ਉਨ੍ਹਾਂ ਨੇ ਭਾਰਤ ਵਿੱਚ ਨਰਸਾਂ ਦੀ ਸਿੱਖਿਆ ਅਤੇ ਟ੍ਰੇਨਿੰਗ ਲਈ ਵਿਸ਼ੇਸ਼ ਕਾਲਜ ਖੋਲ੍ਹੇ, ਜਿਨ੍ਹਾਂ ਵਿੱਚ ‘ਰਾਜਕੁਮਾਰੀ ਅੰਮ੍ਰਿਤ ਕੌਰ ਕਾਲਜ ਆਫ ਨਰਸਿੰਗ’ ਪ੍ਰਮੁੱਖ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਲਈ ਚੰਗੇ ਡਾਕਟਰਾਂ ਦੇ ਨਾਲ-ਨਾਲ ਪੜ੍ਹੀਆਂ-ਲਿਖੀਆਂ ਅਤੇ ਮਾਹਿਰ ਨਰਸਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਰਾਜਕੁਮਾਰੀ ਅੰਮ੍ਰਿਤ ਕੌਰ ਅੱਜ ਵੀ ਹਰ ਭਾਰਤੀ ਮਹਿਲਾ ਅਤੇ ਨੌਜਵਾਨ ਲਈ ਇੱਕ ਪ੍ਰੇਰਨਾਦਾਇਕ ਆਈਕਨ ਹਨ। ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਔਰਤਾਂ ਸਿਰਫ਼ ਘਰ ਦੀ ਚਾਰਦੀਵਾਰੀ ਤੱਕ ਸੀਮਤ ਨਹੀਂ ਹਨ, ਬਲਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਪੂਰੇ ਦੇਸ਼ ਦੀ ਸਿਹਤ ਅਤੇ ਪ੍ਰਸ਼ਾਸਨ ਨੂੰ ਬਿਹਤਰ ਢੰਗ ਨਾਲ ਚਲਾ ਸਕਦੀਆਂ ਹਨ। ਉਨ੍ਹਾਂ ਦੀ ਸਾਦਗੀ, ਇਮਾਨਦਾਰੀ ਅਤੇ ਦੇਸ਼ ਭਗਤੀ ਦੀਆਂ ਮਿਸਾਲਾਂ ਅੱਜ ਦੇ ਸਿਆਸਤਦਾਨਾਂ ਲਈ ਇੱਕ ਬਹੁਤ ਵੱਡਾ ਸਬਕ ਹਨ। 2 ਅਕਤੂਬਰ 1964 ਨੂੰ ਇਹ ਮਹਾਨ ਰੂਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ, ਪਰ ਉਨ੍ਹਾਂ ਦੁਆਰਾ ਕੀਤੇ ਗਏ ਕਾਰਜ ਅੱਜ ਵੀ ਅਤੇ ਹਮੇਸ਼ਾ ਅਮਰ ਰਹਿਣਗੇ।
ਰਾਜਕੁਮਾਰੀ ਅੰਮ੍ਰਿਤ ਕੌਰ ਇੱਕ ਅਜਿਹਾ ਚਮਕਦਾ ਸਿਤਾਰਾ ਸਨ ਜਿਨ੍ਹਾਂ ਨੇ ਭਾਰਤ ਦੇ ਖੇਤਰ ਵਿੱਚ ਸੇਵਾ ਅਤੇ ਤਿਆਗ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ। ਸ਼ਾਹੀ ਪਰਿਵਾਰ ਦੇ ਸੁਖਾਂ ਨੂੰ ਛੱਡ ਕੇ ਦੇਸ਼ ਦੀ ਮਿੱਟੀ ਅਤੇ ਗਰੀਬਾਂ ਨਾਲ ਜੁੜਨਾ ਉਨ੍ਹਾਂ ਦੇ ਉੱਚੇ ਕਿਰਦਾਰ ਨੂੰ ਦਰਸਾਉਂਦਾ ਹੈ। ਅੱਜ ਜਦੋਂ ਵੀ ਅਸੀਂ ਦੇਸ਼ ਦੇ ਸਿਹਤ ਪ੍ਰਬੰਧਾਂ ਜਾਂ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦੇ ਹਾਂ, ਤਾਂ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਨਾਂਅ ਸਭ ਤੋਂ ਉੱਪਰ ਅਤੇ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੀ ਵਿਰਾਸਤ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੀ ਰਹੇਗੀ ਅਤੇ ਸਾਨੂੰ ਦੇਸ਼ ਸੇਵਾ ਲਈ ਪ੍ਰੇਰਿਤ ਵੀ ਕਰਦੀ ਰਹੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login