ਗੁਰਦੁਆਰਾ ਪੰਜਾ ਸਾਹਿਬ / ਵਿਕੀਪੀਡੀਆ
ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦੀ ਲੰਮੀ ਗਾਥਾ ਵਿਚਲਾ ਇੱਕ ਬਹੁਤ ਅਹਿਮ ਪੰਨਾ ਹੈ ਸਾਕਾ ਪੰਜਾ ਸਾਹਿਬ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਨਾਲ ਸਬੰਧਤ ਅਟਕ (ਕੈਂਬਲਪੁਰ) ਜ਼ਿਲੇ ਵਿਚ ਪੰਜਾ ਸਾਹਿਬ ਅਹਿਮ ਗੁਰੂਧਾਮ ਹੈ। ਇਹ ਰਾਵਲਪਿੰਡੀ ਤੋਂ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ’ਤੇ 46 ਕਿਲੋਮੀਟਰ ਦੀ ਵਿੱਥ ’ਤੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਇਕ ਕਿਲੋਮੀਟਰ ਦੂਰ ਹੈ। ਇੱਥੇ ਇਕ ਪੱਥਰ ’ਤੇ ਗੁਰੂ ਨਾਨਕ ਸਾਹਿਬ ਦੇ ਸੱਜੇ ਹੱਥ ਦਾ ਨਿਸ਼ਾਨ ਲੱਗਿਆ ਹੈ ਅਤੇ ਉਸ ਦੇ ਹੇਠਾਂ ਜਲ ਦੀ ਧਾਰਾ ਫੁੱਟਦੀ ਹੈ। ਹਸਨ ਅਬਦਾਲ ਇੱਕ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ’ਚ ਇੱਥੇ ਗੁਰਦੁਆਰਾ ਬਣਾਇਆ ਗਿਆ। ਪਿਸ਼ਾਵਰ ਵੱਲ ਆਉਂਦੇ-ਜਾਂਦੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰੂਧਾਮ ਦੇ ਇੱਕ ਤੋਂ ਵੱਧ ਵਾਰ ਦਰਸ਼ਨ ਕੀਤੇ ਸਨ। ਅੱਗੇ ਜਾ ਕੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ 18 ਨਵੰਬਰ 1920 ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਸੀ।
ਇਸ ਤੋਂ ਬਾਅਦ ਸਮਾਂ ਆਇਆ ਗੁਰਦੁਆਰਾ ਸੁਧਾਰ ਲਹਿਰ ਦਾ ਜਿਸ ਦਾ ਮਕਸਦ ਸੀ ਕਿ ਬੇਹੱਦ ਆਚਰਨ-ਹੀਣ ਹੋ ਚੁੱਕੇ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਮੁਕਤ ਕਰਵਾਉਣਾ ਕਿਉਂਕਿ ਇਹ ਸਾਰੇ ਮਹੰਤ ਗੁਰੂ ਘਰ ਨੂੰ ਅਤੇ ਜ਼ਮੀਨ-ਜਾਇਦਾਦ ਨੂੰ ਆਪਣਾ ਵਿਰਾਸਤੀ ਹੱਕ ਸਮਝਦੇ ਸਨ। ਸਾਕਾ ਪੰਜਾ ਸਾਹਿਬ ਦੀ ਕਹਾਣੀ ਅਸਲ ਵਿਚ ਅੰਮਿ੍ਰਤਸਰ ‘ਚ ਗੁਰੂ ਕੇ ਬਾਗ ਮੋਰਚੇ ਲਈ ਲੜੇ ਗਏ ਸੰਘਰਸ਼ ਦੀ ਅਗਲੀ ਕੜੀ ਸੀ। ਗੁਰਦੁਆਰਾ ਸੁਧਾਰ ਲਹਿਰ ਸਦਕਾ ਸ਼੍ਰੋਮਣੀ ਕਮੇਟੀ ਨੇ ਮਹੰਤਾਂ ਕੋਲੋਂ ਗੁਰੂ ਕੇ ਬਾਗ ਮੋਰਚੇ ਦਾ ਕਬਜ਼ਾ ਤਾਂ ਲੈ ਲਿਆ ਸੀ ਪਰ ਇਸ ਗੁਰਦੁਆਰੇ ਦੇ ਨਾਂਅ ਲੱਗੀ ਜ਼ਮੀਨ ਵਿਚੋਂ ਮਹੰਤ ਵਲੋਂ ਲੰਗਰ ਲਈ ਲੱਕੜ ਵੱਢਣ ਨਹੀਂ ਦਿੱਤੀ ਜਾ ਰਹੀ ਸੀ। ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਤੋਂ ‘ਗੁਰੂ ਕਾ ਲੰਗਰ’ ਲਈ ਲੱਕੜ ਲਿਆਉਣ ਵਾਸਤੇ ਦਰਖ਼ਤ ਕੱਟਣ ਦੇ ਅਧਿਕਾਰ ਨੂੰ ਦਿ੍ਰੜ ਕਰਾਉਣ ਹਿੱਤ 8 ਅਗਸਤ 1922 ਨੂੰ ਇਕ ਅਹਿੰਸਕ ਸੰਘਰਸ਼ ਸ਼ੁਰੂ ਹੋ ਚੁੱਕਾ ਸੀ। ਪਹਿਲਾਂ ਤਾਂ ਇਸ ਅੰਦੋਲਨ ਦੇ ਜਥੇ ਦੇ ਮੈਂਬਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਉਨਾਂ ਉੱਤੇ ਨਾਜਾਇਜ਼ ਦਖ਼ਲ ਦਾ ਮੁਕੱਦਮਾ ਚਲਾਇਆ ਗਿਆ ਪਰ 25 ਅਗਸਤ ਤੋਂ ਮਗਰੋਂ ਹਰ ਰੋਜ਼ ਆਉਣ ਵਾਲੇ ਸਿੱਖ ਜੱਥਿਆਂ ਦੀ ਪੁਲਿਸ ਨੇ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਸੀ।
ਇਸ ਦੌਰਾਨ ਇਹ ਕਾਰਵਾਈ ਹੁੰਦੀ ਰਹੀ ਕਿ ਪੁਲਿਸ ਸੰਗਤੀ ਰੂਪ ‘ਚ ਆਉਂਦੇ ਜਥੇ ਦੇ ਮੈਂਬਰਾਂ ਨੂੰ ਗਿ੍ਰਫ਼ਤਾਰ ਵੀ ਕਰ ਲੈਂਦੀ ਅਤੇ ਨਜਾਇਜ਼ ਦਖ਼ਲ ਦਾ ਮੁਕੱਦਮਾ ਵੀ ਚਲਾਉਂਦੀ ਅਤੇ ਹਿਰਾਸਤ ਵਿਚ ਅੰਨੇਵਾਹ ਜ਼ਬਰ ਵੀ ਕਰਦੀ ਸੀ। ਇਹ ਸਭ ਕੱੁਝ 13 ਸਤੰਬਰ ਤੱਕ ਇਸੇ ਤਰਾਂ ਜ਼ਾਲਿਮਾਨਾ ਢੰਗ ਤਰੀਕੇ ਨਾਲ ਚੱਲਦਾ ਰਿਹਾ। ਇਸ ਉਪਰੰਤ ਤਤਕਾਲੀ ਗਵਰਨਰ ਪੰਜਾਬ ਦੇ ਦਖ਼ਲ ਨਾਲ ਪੁਲਿਸ ਜ਼ਬਰ ਤਾਂ ਬੰਦ ਹੋ ਗਿਆ ਪਰ ਗਿ੍ਰਫ਼ਤਾਰੀਆਂ ਮੁੜ ਸ਼ੁਰੂ ਹੋ ਗਈਆਂ। ਗਿ੍ਰਫ਼ਤਾਰ ਸਿੱਖ ਕਾਰਕੁਨਾਂ ਉੱਤੇ ਅੰਮਿ੍ਰਤਸਰ ਵਿਚ ਰਸਮੀ ਅਦਾਲਤੀ ਕਾਰਵਾਈ ਤੋਂ ਬਾਅਦ ਰੇਲ ਗੱਡੀਆਂ ਵਿਚ ਭਰਕੇ ਦੂਰ ਦੂਰਾਡੇ ਦੀਆਂ ਜੇਲਾਂ ਵਿਚ ਭੇਜਿਆ ਜਾਣ ਲੱਗਾ। 29 ਅਕਤੂਬਰ 1922 ਨੂੰ ਸਿੱਖ ਕੈਦੀਆਂ ਨੂੰ ਲੈ ਕੇ ਇੱਕ ਰੇਲ ਗੱਡੀ ਨੂੰ ਅਟਕ ਭੇਜਿਆ ਗਿਆ, ਜੋ ਵਾਇਆ ਹਸਨ ਅਬਦਾਲ ਜਾਣੀ ਸੀ। ਇਸ ਮੋਰਚੇ ਦੌਰਾਨ ਗਿ੍ਰਫਤਾਰੀਆਂ ਦੇਣ ਵਾਲੇ ਅਕਾਲੀ ਸਿੱਖਾਂ ਨੂੰ ਬਰਤਾਨਵੀ ਅਫ਼ਸਰਾਂ ਵਲੋਂ ਭੁੱਖੇ-ਭਾਣੇ ਕੈਦ ਕਰਕੇ ਰੇਲ ਗੱਡੀਆਂ ਰਾਹੀਂ ਅਟਕ ਦੀ ਜੇਲ ਲਿਜਾਇਆ ਜਾ ਰਿਹਾ ਸੀ। ਇਸੇ ਘਟਨਾਕ੍ਰਮ ਤਹਿਤ ਵਾਪਰਿਆ ਸੀ ਸਾਕਾ ਪੰਜਾ ਸਾਹਿਬ।
ਇਹ ਦਿਨ ਸੀ 30 ਅਕਤੂਬਰ, 1922 ਅਤੇ ਜਦੋਂ ਸਿੱਖ ਜਥੇ ਨੂੰ ਰੇਲ ਗੱਡੀ ਰਾਹੀਂ ਭੇਜੇ ਜਾਣ ਬਾਰੇ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਹਸਨ ਅਬਦਾਲ ਰੇਲਵੇ ਸਟੇਸ਼ਨ ਉੱਤੇ ਗੱਡੀ ਰੁਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਪੰਜਾ ਸਾਹਿਬ ਗੁਰਦੁਆਰੇ ਦੀ ਸੰਗਤ ਅਤੇ ਖਜ਼ਾਨਚੀ ਭਾਈ ਪ੍ਰਤਾਪ ਸਿੰਘ ਨੂੰ ਭੁੱਖੇ ਕੈਦੀ ਸਿੱਖਾਂ ਨੂੰ ਲੰਗਰ ਛਕਾਉਣ ਲਈ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਰੇਲ ਗੱਡੀ ਨੂੰ ਰੋਕਣ ਲਈ ਕਿਹਾ। ਉਨਾਂ ਦਾ ਮੰਤਵ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਪਾਣੀ ਛਕਾਉਣਾ ਸੀ, ਪਰ ਸਟੇਸ਼ਨ ਮਾਸਟਰ ਨੇ ਰੇਲ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ। ਪੰਜਾ ਸਾਹਿਬ ਦੀ ਸੰਗਤ ਦਾ ਕਹਿਣਾ ਸੀ ਕਿ ਅਜਿਹੀਆਂ ਗੱਡੀਆਂ ਨੂੰ ਕੈਦੀਆਂ ਦੇ ਭੋਜਨ ਵਾਸਤੇ ਹੋਰਨਾਂ ਥਾਵਾਂ ’ਤੇ ਵੀ ਰੋਕਿਆ ਜਾਂਦਾ ਹੈ ਪਰ ਇਨਾਂ ਮਿੰਨਤਾਂ ਅਤੇ ਬੇਨਤੀਆਂ ਦਾ ਵੀ ਕੋਈ ਅਸਰ ਨਹੀਂ ਹੋਇਆ। ਸੰਗਤ ਵੱਲੋਂ ਇਸ ਮੌਕੇ ਦਿੱਤੀ ਗਈ ਕੋਈ ਵੀ ਦਲੀਲ ਕਾਰਗਰ ਸਿੱਧ ਨਾ ਹੋਈ।
ਇਸ ਦੌਰਾਨ ਆਗੂਆਂ ਨੂੰ ਮਹਿਸੂਸ ਹੋਇਆ ਕਿ ਗੱਡੀ ਰੋਕਣ ਲਈ ਸ਼ਹੀਦੀਆਂ ਲਈ ਤਿਆਰ ਹੋਣਾ ਪਵੇਗਾ ਅਤੇ ਮਹਾਨ ਇਤਿਹਾਸ ਤੋਂ ਸੇਧ ਲੈਂਦੇ ਹੋਏ ਸਿੱਖ ਸੰਗਤ ਨੇ ਪੁਰਖਿਆਂ ਦਾ ਇਤਿਹਾਸ ਦੁਹਰਾਉਣ ਦਾ ਅਹਿਦ ਲਿਆ। ਓਧਰ 10 ਵਜੇ ਗੱਡੀ ਦੇ ਆਉਣ ਦਾ ਸਮਾਂ ਹੋ ਗਿਆ ਸੀ। ਮਰਦ, ਬਜ਼ੁਰਗ, ਬੱਚੇ, ਇਸਤਰੀਆਂ ਜਿਨਾਂ ਵਿੱਚੋਂ ਕਈਆਂ ਨੇ ਤਾਂ ਆਪਣੇ ਬੱਚੇ ਵੀ ਗੋਦੀ ਵਿਚ ਲਏ ਹੋਏ ਸਨ ਸਭ ਬੇਖੌਫ ਹੋ ਕੇ ਰੇਲਵੇ ਲਾਇਨ ’ਤੇ ਬੈਠ ਕੇ ਸਤਿਨਾਮੁ ਵਾਹਿਗੁਰੂ ਅਤੇ ਇਲਾਹੀ ਬਾਣੀ ਦਾ ਜਾਪ ਕਰ ਰਹੇ ਸਨ। ਸਭ ਤੋਂ ਅੱਗੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਜੀ ਸਨ ਜਿਨਾਂ ਦਾ ਸਕੇ ਵੀਰਾਂ ਤੋਂ ਵੀ ਵੱਧ ਇਕ ਦੂਜੇ ਨਾਲ ਮੋਹ ਪਿਆਰ ਸੀ। ਉਹ ਅੱਗੇ-ਅੱਗੇ ਬਾਣੀ ਦਾ ਜਾਪ ਕਰ ਰਹੇ ਸਨ ਅਤੇ ਸੰਗਤਾਂ ਉਨਾਂ ਦੇ ਮਗਰ ਉਚਾਰਨ ਕਰ ਰਹੀਆਂ ਸਨ। ਓਧਰ ਅੰਗਰੇਜ਼ਾਂ ਦੀ ਧੂੰਆਂ ਕੱਢਦੀ ਅਤੇ ਚੀਕਾਂ ਮਾਰਦੀ ਗੱਡੀ ਆ ਰਹੀ ਸੀ। ਚੱਲਦੀ ਗੱਡੀ ਨੂੰ ਜ਼ਬਰਦਸਤੀ ਰੋਕਣ ਲਈ ਭਾਈ ਪ੍ਰਤਾਪ ਸਿੰਘ ਖ਼ਜ਼ਾਨਚੀ ਅਤੇ ਸ਼ਰਧਾਲੂ ਕਰਮ ਸਿੰਘ ਰੇਲ ਗੱਡੀ ਦੀ ਪੱਟੜੀ ’ਤੇ ਲੇਟ ਗਏ। ਤੇਜ਼ ਰਫਤਾਰ ਗੱਡੀ ਨਾ ਰੁਕੀ ਅਤੇ ਉਨਾਂ ਨੂੰ ਦਰੜ ਗਈ। ਉਨਾਂ ਦੇ ਨਾਲ ਛੇ ਹੋਰ ਸਿੰਘ ਵੀ ਇਸ ਦੌਰਾਨ ਮੌਕੇ ‘ਤੇ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਮੰਜ਼ਰ ਤੋਂ ਬਾਅਦ ਗੱਡੀ ਰੁਕੀ ਅਤੇ ਗੱਡੀ ਉਸੇ ਸਥਾਨ ’ਤੇ ਡੇਢ ਘੰਟੇ ਲਈ ਰੁਕੀ ਰਹੀ, ਜਿਸ ਨਾਲ ਉਸ ’ਚ ਸਵਾਰ ਸਿੱਖ ਕੈਦੀਆਂ, ਜਿਨਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੂੰ ਲੰਗਰ ਵਰਤਾਇਆ ਗਿਆ ਅਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਗਈਆਂ।
ਰੇਲ ਗੱਡੀ ਮੂਹਰੇ ਡਟਣ ਵਾਲੇ ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਦੇ ਨਾਲ ਛੇ ਹੋਰ ਸਿੰਘ ਗੰਗਾ ਸਿੰਘ ਜੀ ਪਿੰਡ ਮਜਾਹ, ਜ਼ਿਲਾ ਅਟਕ, ਚਰਨ ਸਿੰਘ ਜੀ ਪਿੰਡ ਮਜਾਹ, ਜ਼ਿਲਾ ਅਟਕ, ਨਿਹਾਲ ਸਿੰਘ ਜੀ ਪਿੰਡ ਲਾਲਪੁਰਾ, ਢੋਟੀਆਂ ਜ਼ਿਲਾ ਤਰਨ ਤਾਰਨ, ਭਗਵਾਨ ਸਿੰਘ ਜੀ ਹਲਵਾਈ, ਗੁ. ਪੰਜਾ ਸਾਹਿਬ (ਪਿੰਡ ਪੜਿਆਲ ਜ਼ਿਲਾ ਕੈਮਲਪੁਰ), ਫ਼ਕੀਰ ਸਿੰਘ ਪੰਜਾ ਸਾਹਿਬ (ਹਸਨ ਅਬਦਾਲ), ਕਲਿਆਨ ਸਿੰਘ ਜੀ ਪਿੰਡ ਮਹਿਤਾਈ, ਜ਼ਿਲਾ ਮੁਜ਼ਫਰਾਬਾਦ ਕਸ਼ਮੀਰ ਵੀ ਗੰਭੀਰ ਜ਼ਖ਼ਮੀ ਹੋਏ। ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਨੂੰ ਗੱਡੀ ਥੱਲਿਓਂ ਕੱਢਿਆ ਗਿਆ ਤਾਂ ਉਨਾਂ ਕਿਹਾ, ‘ਤੁਸੀਂ ਸਾਡੀ ਪਰਵਾਹ ਨਾ ਕਰੋ, ਜਾਵੋ! ਆਪਣੇ ਕੈਦੀ ਵੀਰਾਂ ਦੀ ਲੰਗਰ ਪਾਣੀ ਦੀ ਸੇਵਾ ਕਰੋ।’ ਸੋ ਸੰਗਤਾਂ ਨੇ ਲੰਗਰ ਛਕਾਏ ਤੋਂ ਬਿਨਾਂ ਗੱਡੀ ਅੱਗੇ ਨਾ ਜਾਣ ਦਿੱਤੀ। ਜ਼ਖ਼ਮੀਆਂ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਿਜਾਇਆ ਗਿਆ। ਭਾਈ ਕਰਮ ਸਿੰਘ ਜੀ ਤਾਂ ਕੱੁਝ ਘੰਟਿਆਂ ਬਾਅਦ ਹੀ ਸ਼ਹੀਦ ਹੋ ਗਏ। ਭਾਈ ਪ੍ਰਤਾਪ ਸਿੰਘ ਜੀ ਵੀ ਉਨਾਂ ਦੇ ਮਗਰੇ ਅਗਲੇ ਦਿਨ 31 ਅਕਤੂਬਰ 1922 ਨੂੰ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਏ। ਇਨਾਂ ਅਣਖੀਲੇ ਅਤੇ ਪੰਥਕ ਸੇਵਾ ਦੇ ਪੁੰਜ ਸੂਰਬੀਰ ਸਿੰਘਾਂ ਨੇ ਗੁਰਦੁਆਰਾ ਪੰਜਾ ਸਾਹਿਬ ਵਿਚ ਨਿਸ਼ਕਾਮ ਸੇਵਾ ਨਿਭਾਈ ਅਤੇ ਇੱਥੇ ਹੀ ਗੁਰੂ ਦੇ ਚਰਨਾਂ ਵਿਚ ਹੀ ਧਰਮ ਦੇ ਕਾਰਜ ਲਈ ਇਕੱਠਿਆਂ ਸਾਥ ਨਿਭਾਉਂਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸ਼ਹੀਦਾਂ ਦਾ ਸਸਕਾਰ 1 ਨਵੰਬਰ 1922 ਨੂੰ ਰਾਵਲਪਿੰਡੀ ਦੀ ਨਦੀ ਦੇ ਕਿਨਾਰੇ ਕੀਤਾ ਗਿਆ।
ਪੰਜਾ ਸਾਹਿਬ ਸਾਕੇ ਦੀ ਯਾਦ ਵਿੱਚ 14 ਅਕਤੂਬਰ, 1932 ਈਸਵੀ ਨੂੰ ਪਟਿਆਲਾ ਸ਼ਾਹੀ ਰਿਆਸਤ ਦੇ ਉਸ ਸਮੇਂ ਟਿੱਕਾ ਯਾਦਵਿੰਦਰ ਦੀ ਪ੍ਰਧਾਨਗੀ ਅਧੀਨ ਨਵੇਂ ਸਰੋਵਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ। ਪੰਜ ਪਿਆਰਿਆਂ ਭਾਈ ਰਣਧੀਰ ਸਿੰਘ, ਬਾਬਾ ਵਿਸਾਖਾ ਸਿੰਘ, ਬਾਬਾ ਨਿਧਾਨ ਸਿੰਘ, ਭਾਈ ਜੋਧ ਸਿੰਗ ਅਤੇ ਸੰਤ ਬੁੱਧ ਸਿੰਘ ਦੁਆਰਾ ਅਰਦਾਸ ਕਰਕੇ ਇਸ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਸੀ। ਭਾਰਤ ਦੀ ਆਜ਼ਾਦੀ ਅਤੇ ਵੰਡ ਦੇ ਨਾਲ ਹੀ ਇਹ ਗੁਰਦੁਆਰਾ ਕਈ ਹੋਰ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਾਮਾਂ ਵਾਂਗ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ। ਸੰਨ 1947 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਅਪ੍ਰੈਲ ਖਾਲਸਾ ਸਾਜਨਾ ’ਤੇ ਅਤੇ ਹੋਰ ਮਹੱਤਵਪੂਰਨ ਦਿਹਾੜਿਆਂ ’ਤੇ ਪਾਕਿਸਤਾਨ ਵਿਖੇ ਜਥੇ ਭੇਜੇ ਜਾਂਦੇ ਹਨ। ਇਨਾਂ ਜਥਿਆਂ ਦੁਆਰਾ ਪੰਜਾ ਸਾਹਿਬ ਦੀ ਯਾਤਰਾ ਵੀ ਕੀਤੀ ਜਾਂਦੀ ਹੈ। ਕੁੱਝ ਸਾਲ ਪਹਿਲਾਂ, ਪੰਜਾ ਸਾਹਿਬ ਸਾਕੇ ਦੇ ਸੌ ਸਾਲ ਯਾਦਗਾਰੀ ਸਮਾਗਮ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ, ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅੰਤਰ ਰਾਸ਼ਟਰੀ ਪੱਧਰ ’ਤੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਗਏ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login