ADVERTISEMENT

ADVERTISEMENT

2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੁਖਬੀਰ ਬਾਦਲ ਦੇ ਵੱਡੇ ਐਲਾਨ

'ਪੰਜਾਬ ਬਚਾਓ ਰੈਲੀ' ‘ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗ਼ਰੀਬ ਬੱਚਿਆਂ ਦੀ ਪੜ੍ਹਾਈ ਬੀ. ਏ. ਤੱਕ ਮੁਫ਼ਤ ਹੋਵੇਗੀ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ / x/@officeofssbadal

'ਪੰਜਾਬ ਬਚਾਓ ਰੈਲੀ' ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ‘ਚ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ। ਇਸ ਦੌਰਾਨ ਪਾਰਟੀ ਲੀਡਰਾਂ ਵਲੋਂ ਜਿੱਥੇ ਮੌਜੂਦਾ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ ਉੱਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਾਅਦਿਆਂ ਦੀ ਲੜੀ ਵੀ ਜਾਰੀ ਕੀਤੀ ਜਾ ਰਹੀ ਹੈ। ਇਸੇ ਸਦਕਾ ਪਾਰਟੀ ਵਲੋਂ ਹੁਸ਼ਿਆਰਪੁਰ ਵਿਖੇ ਚੱਬੇਵਾਲ ਵਿਚ 'ਪੰਜਾਬ ਬਚਾਓ ਰੈਲੀ' ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਅਕਾਲੀ ਵੇਲੇ ਦੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ, ਉਥੇ ਹੀ ਕਈ ਵੱਡੇ ਐਲਾਨ ਕਰਦੇ ਹੋਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ 'ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਪੰਜਾਬੀਆਂ ਦੇ ਖ਼ੂਨ ਵਿਚ ਵਸੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 15 ਲੱਖ ਟਿਊਬਵੈੱਲ ਕੁਨੈਕਸ਼ਨ ਹਨ, ਜਿਨ੍ਹਾਂ ਵਿਚੋਂ ਸਾਢੇ 13 ਲੱਖ ਅਕਾਲੀ ਦਲ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਮੈਂ ਬੇਨਤੀ ਕਰਨ ਆਇਆ ਹਾਂ ਕਿ ਪੰਜਾਬ ਨੂੰ ਬਚਾ ਲਿਆ ਜਾਵੇ। ਜੇਕਰ ਪੰਜਾਬ ਤਗੜਾ ਹੋਵੇਗਾ ਤਾਂਹੀ ਆਪਣੀਆਂ ਪੀੜ੍ਹੀਆਂ ਵੀ ਇਥੇ ਹੀ ਕਾਮਯਾਬ ਹੋਣਗੀਆਂ। 

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਪੰਜਾਬ 'ਚ ਐੱਸ. ਸੀ./ਬੀ. ਸੀ, ਜਰਨਲ ਗ਼ਰੀਬ ਬੱਚਿਆਂ ਦੀ ਪੜ੍ਹਾਈ ਬੀ. ਏ. ਤੱਕ ਮੁਫ਼ਤ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਜੇਕਰ 2027 'ਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ 'ਚ 75 ਫ਼ੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਲੋਨ ਦੇਣ ਦਾ ਵੀ ਐਲਾਨ ਕੀਤਾ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਕਿਹਾ ਕਿ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਗਰੀਬ ਬੱਚਿਆਂ ਲਈ 50 ਫ਼ੀਸਦੀ ਸੀਟਾਂ ਰਾਖਵੀਆਂ ਹੋਣਗੀਆਂ ਅਤੇ ਉਨ੍ਹਾਂ ਦਾ ਖ਼ਰਚਾ ਸਰਕਾਰ ਚੁੱਕੇਗੀ। 

ਪਾਰਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਸਰਕਾਰ ਆਉਣ ਦੇ ਪਹਿਲੇ ਹਫ਼ਤੇ ਹੀ ਆਟਾ-ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮਿਲੇਗੀ। ਇਸ ਤੋਂ ਇਲਾਵਾ ਗ਼ਰੀਬ ਬੱਚੀਆਂ ਦੇ ਵਿਆਹ ਲਈ 1 ਲੱਖ ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਜਾਵੇਗੀ। ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਮਹੀਨਾ ਕੀਤੀ ਜਾਵੇਗੀ। ਹਰ ਕਿਸਾਨ ਨੂੰ ਇਕ ਟਿਊਬਲ ਕੁਨੈਕਸ਼ਨ ਦੇਣ ਦੀ ਗਰੰਟੀ ਵੀ ਦਿੱਤੀ ਗਈ। ਉਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਕਿਹਾ ਕਿ ਦਿੱਲੀ ਵਾਲੇ ਸਿਰਫ਼ ਪੰਜਾਬ ਨੂੰ ਲੁੱਟਣ ਲਈ ਆਏ ਹਨ। 

ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਇਕ ਹੋਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ 2027 ਵਿਚ ਸਾਡੀ ਸਰਕਾਰ ਆਈ ਤਾਂ ਪੰਜਾਬ ਦੇ ਦਰਿਆਵਾਂ ਵਿਚ ਇਕ ਵੀ ਕਿਸੇ ਫੈਕਟਰੀ, ਸੀਵਰੇਜ ਦਾ ਪਾਣੀ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸਾਡੀ ਸਰਕਾਰ ਆਉਣ 'ਤੇ ਫਿਰ ਤੋਂ ਕਬੱਡੀ ਵਰਲਡ ਕੱਪ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਰਲਡ ਕੱਪ ਕਬੱਡੀ, ਪਸ਼ੂ ਮੇਲੇ ਅਤੇ ਪਿੰਡਾਂ ਵਿੱਚ ‘ਸੀਪ’ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਵੀ ਭਰੋਸਾ ਦਿੱਤਾ। ਸਾਡੀ ਸਰਕਾਰ ਆਉਣ 'ਤੇ ਪੰਜਾਬ ਦੇ ਹਰ ਪਿੰਡ ਦੀ ਗਲੀ ਸੀਮੇਂਟ ਨਾਲ ਪੱਕਾ ਕਰਕੇ ਬਣਾਇਆ ਜਾਵੇਗਾ।

Comments

Leave A Comment

Required fields are marked (*).

Related

Talk to us?