ADVERTISEMENT

ADVERTISEMENT

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਐਲਾਨਿਆ ਗਿਆ, ਸ਼੍ਰੋਮਣੀ ਕਮੇਟੀ ਨੂੰ ਯਾਦਗਾਰ ਬਣਾਉਣ ਦੇ ਆਦੇਸ਼, 1982 ਤੋਂ 1995 ਤੱਕ ਦੇ ਸ਼ਹੀਦਾਂ ਦਾ ਦਸਤਾਵੇਜ਼ੀਕਰਨ ਕਰਨ ਦਾ ਐਲਾਨ

 ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ / IG/Gianikuldeepsinghgargaj

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਸਮੂਹ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਬਾਅਦ ਦੇ ਦਹਾਕੇ ਦੇ ਸਮੂਹ ਸ਼ਹੀਦਾਂ ਅਤੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਅਤੇ ਪੀੜਤ ਪਰਿਵਾਰਾਂ ਤੇ ਪੰਥ ਨੂੰ ਇਨਸਾਫ਼ ਲਈ ਅਰਦਾਸ ਸਮਾਗਮ ਕੀਤਾ ਗਿਆ। 


ਸਮਾਗਮ ਦੌਰਾਨ ਵਿਸ਼ੇਸ਼ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੁਸ਼ੋਭਿਤ ਕਰਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਸਿਮਰਪ੍ਰੀਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਨੇ ਰਸਭਿੰਨਾ ਗੁਰਬਾਣੀ ਕੀਰਤਨ ਸਮਗਤ ਨੂੰ ਸਰਵਣ ਕਰਵਾਇਆ।


ਸਮਾਗਮ ਦੀ ਸਮਾਪਤੀ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਕੀਤੀ।

 
ਅਰਦਾਸ ਵਿੱਚ ਜਥੇਦਾਰ ਗੜਗੱਜ ਨੇ ਲਾਵਾਰਿਸ ਕਹਿ ਕੇ ਸਾੜੇ ਅਤੇ ਦਰਿਆਵਾਂ ਵਿੱਚ ਵਹਾਏ ਗਏ ਪੰਜਾਬ ਦੇ ਪੁੱਤਾਂ ਤੇ ਧੀਆਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਕਿ ਖ਼ਾਲਸਾ ਪੰਥ ਨੂੰ ਇਨਸਾਫ਼ ਲਈ ਬਲ ਬਖ਼ਸ਼ਣ। ਉਨ੍ਹਾਂ ਅਰਦਾਸ ਕੀਤੀ ਕਿ ਅੱਜ ਅਸੀਂ ਜਿੱਥੇ (ਹਰੀਕੇ ਪੱਤਣ) ਵਿਖੇ ਖੜ੍ਹੇ ਹਾਂ ਇੱਥੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਨੌਜਵਾਨਾਂ, ਭੈਣਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਕਤਲ ਕਰਕੇ ਵਹਾਇਆ ਗਿਆ ਹੈ। ਉਨ੍ਹਾਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੌਤ ਤੋਂ ਬਾਅਦ ਸਰੀਰ ਨਾਲ ਸਾਰੇ ਵੈਰ ਵਿਰੋਧ ਮੁੱਕ ਜਾਂਦੇ ਹਨ, ਪਰ ਇੱਥੇ ਸਮੇਂ ਦੀ ਜਾਲਮ ਹਕੂਮਤ ਨੇ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ, ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਿੱਖਾਂ ਹਿੰਦੂਆਂ ਦੇ ਸਰੀਰ ਵੀ ਵਾਰਸਾਂ ਨੂੰ ਨਾ ਦਿੱਤੇ ਗਏ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਮ੍ਰਿਤਕ ਸਰੀਰਾਂ ਨਾਲ ਵੈਰ ਕਮਾਉਣ ਵਾਲੇ ਹਾਕਮਾਂ ਦਾ ਲੇਖਾ ਸੱਚੇ ਪਾਤਸ਼ਾਹ ਆਪ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇੱਥੇ ਦਰਿਆ ਸਤਲੁਜ ਬਿਆਸ ਦੇ ਸੰਗਮ ਤੇ ਪੰਜਾਬ ਦੇ ਹੋਰ ਦਰਿਆਵਾਂ, ਪੱਤਣਾਂ ਤੇ ਨਹਿਰਾਂ ਵਿੱਚ ਮਾਰ ਕੇ ਟੋਟੇ-ਟੋਟੇ ਕਰਕੇ ਵਹਾਇਆ ਗਿਆ। ਉਨ੍ਹਾਂ ਅਰਦਾਸ ਕੀਤੀ ਕਿ ਪੰਥ ਤੇ ਪੰਜਾਬ ਦੇ ਧੀਆਂ ਪੁੱਤਾਂ ਦੇ ਇਨਸਾਫ਼ ਲਈ ਖ਼ਾਲਸਾ ਪੰਥ ਨੂੰ ਉੱਦਮ ਦਾ ਬਲ ਮਿਲੇ। ਉਨ੍ਹਾਂ ਸ਼ਹੀਦ ਕੀਤੇ ਗਏ ਸਿੰਘਾਂ ਸਿੰਘਣੀਆਂ ਦੇ ਪਰਿਵਾਰਾਂ ਤੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਵੀ ਅਰਦਾਸ ਕੀਤੀ।


ਅਰਦਾਸ ਉਪਰੰਤ ਪਾਵਨ ਮੁੱਖਵਾਕ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ ਦੇ ਮੁੱਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਨੇ ਸਰਵਣ ਕਰਵਾਇਆ।


ਇਸ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਉਹ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ ‘ਸ਼ਹੀਦੀ ਪੱਤਣ ਯਾਦਗਾਰ’ ਬਣਾਏ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਇਸ ਥਾਂ ਜਿੱਥੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਕੇ ਟੋਟੇ-ਟੋਟੇ ਕਰਕੇ ਵਹਾਇਆ ਗਿਆ ਨੂੰ ਸਿੱਖ ਸ਼ਹੀਦੀ ਪੱਤਣ ਵਜੋਂ ਸੰਬੋਧਤ ਹੋਣਗੇ।


ਜਥੇਦਾਰ ਗੜਗੱਜ ਨੇ ਇਹ ਵੀ ਐਲਾਨ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਾਲ 1982 ਤੋਂ 1995 ਤੱਕ ਦੇ ਜੋ ਵੀ ਸ਼ਹੀਦ ਹਨ ਸਮੇਤ ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜਿਆ ਗਿਆ, ਕਤਲ ਕੀਤਾ ਗਿਆ, ਉਨ੍ਹਾਂ ਦੇ ਸਮੁੱਚੇ ਵੇਰਵੇ ਦਸਤਾਵੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵੇਰਵੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰਿਕਾਰਡ ਹੋਣਗੇ।

 

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਕਹਿ ਕੇ ਸਾੜੇ ਗਏ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕੀਤਾ ਅਤੇ ਅਖੀਰ ਪੁਲਿਸ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਭਾਈ ਖਾਲੜਾ ਨੂੰ ਅਗਵਾਹ ਕਰਕੇ ਤਸ਼ੱਸਦ ਕਰਦਿਆਂ ਸ਼ਹੀਦ ਕਰਕੇ ਉਨ੍ਹਾਂ ਦਾ ਸਰੀਰ ਦਰਿਆ ਵਿਚ ਰੋੜ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਕੌਮੀ ਸ਼ਹੀਦ ਹਨ ਜਿਨ੍ਹਾਂ ਦਾ ਕੌਮ ਅੰਦਰ ਵੱਡਾ ਸਤਿਕਾਰ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹਰੀਕੇ ਪੱਤਣ ਤੇ ਸ਼ਹੀਦੀ ਯਾਦਗਾਰ ਉਸਾਰਨ ਦੇ ਆਦੇਸ਼ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਕੀਤਾ ਜਾਵੇਗਾ। ਇਸ ਯਾਦਗਾਰ ਵਿੱਚ ਸ਼ਹੀਦਾਂ ਦੇ ਨਾਮ ਉਕਰੇ ਜਾਣਗੇ। 


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਸ਼ਹੀਦਾਂ ਦਾ ਡਾਟਾ ਇਕੱਠਾ ਕਰਕੇ ਇਕ ਦਸਤਾਵੇਜ਼ ਵੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸ਼ਹੀਦਾਂ ਦੇ ਵਾਰਸ ਅਤੇ ਜਿਨ੍ਹਾਂ ਕੋਲ ਵੀ ਇਸ ਦੌਰ ਨਾਲ ਸਬੰਧਤ ਜਾਣਕਾਰੀ ਹੈ ਉਹ ਸ਼੍ਰੋਮਣੀ ਕਮੇਟੀ ਕੋਲ ਪੁੱਜਦਾ ਕਰਨ।

 

ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ।

Comments

Leave A Comment

Required fields are marked (*).

Related

Talk to us?