ADVERTISEMENT

ADVERTISEMENT

ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ-ਹਿਮਾਚਲ ਦੀ ਪੀ.ਐਮ. ਮੋਦੀ ਨੇ ਫੜੀ ਬਾਂਹ, ਮਾਲੀ ਸਹਾਇਤਾ ਦਾ ਕੀਤਾ ਐਲਾਨ

ਪੀ.ਐਮ. ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ।

ਪੀ.ਐਮ. ਮੋਦੀ ਦੇ ਹਵਾਈ ਸਰਵੇ ਦੀਆਂ ਤਸਵੀਰਾਂ / X/@narendramodi

ਪਹਾੜੀ ਰਾਜਾਂ ਤੋਂ ਇਲਾਵਾ ਪੰਜਾਬ ਵੀ ਇਸ ਸਮੇਂ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ। ਸੂਬੇ ਵਿੱਚ ਹੜ੍ਹ ਦੀ ਸਥਿਤੀ ਹੋਰ ਬਿਗੜ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 51 ਤੱਕ ਪਹੁੰਚ ਗਈ ਹੈ, ਐਤਵਾਰ ਤੱਕ ਇਹ ਅੰਕੜਾ 46 ਸੀ। ਇਸ ਦੀ ਜਾਣਕਾਰੀ ਇਨਫਰਮੇਸ਼ਨ ਐਂਡ ਪਬਲਿਕ ਰਿਲੇਸ਼ਨਜ਼ ਵਿਭਾਗ ਨੇ ਦਿੱਤੀ।

ਪਿਛਲੇ ਹਫ਼ਤੇ ਹੋਈ ਭਾਰੀ ਮਾਨਸੂਨੀ ਬਾਰਿਸ਼ ਕਾਰਨ ਦਰਿਆਵਾਂ 'ਚ ਪਾਣੀ ਦਾ ਕਾਫੀ ਵੱਧ ਗਿਆ ਹੈ ਅਤੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਵੱਡੇ ਪੱਧਰ ‘ਤੇ ਰਾਹਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦਾ ਇੱਕ ਦਿਨਾ ਹਵਾਈ ਸਰਵੇ ਕੀਤਾ ਤਾਂ ਜੋ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਇਸ ਦੌਰਾਨ ਉਹਨਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ।





ਪਹਿਲਾਂ ਪੀ.ਐਮ. ਮੋਦੀ ਨੇ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਕੇ ਹੜ੍ਹਾਂ, ਮੀਂਹ ਅਤੇ ਲੈਂਡ-ਸਲਾਈਡ ਕਾਰਨ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਚੰਬਾ, ਭਰਮੌਰ, ਕਾਂਗੜਾ ਅਤੇ ਹੋਰ ਖੇਤਰਾਂ ਦਾ ਹਵਾਈ ਸਰਵੇ ਕੀਤਾ। ਇਸ ਤੋਂ ਬਾਅਦ ਕਾਂਗੜਾ ਵਿੱਚ ਅਧਿਕਾਰਕ ਮੀਟਿੰਗ ਕਰਕੇ ਰਾਹਤ ਅਤੇ ਪੁਨਰਵਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ। ਇਸ ਦੌਰਾਨ ਉਨ੍ਹਾਂ ਨੇ ਹਿਮਾਚਲ ਪ੍ਰਦੇਸ ਲਈ 1,500 ਕਰੋੜ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ ਮੁਆਵਜ਼ਾ ਅਤੇ ਜ਼ਖ਼ਮੀਆਂ ਨੂੰ 50,000 ਦੀ ਮਾਲੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਐਲਾਨ 'ਚ SDRF ਦੀ ਦੂਜੀ ਕਿਸ਼ਤ ਅਤੇ PM ਕਿਸਾਨ ਸਨਮਾਨ ਨਿਧੀ ਦੀ ਪਹਿਲਾਂ ਰਿਲੀਜ਼, PM ਆਵਾਸ ਯੋਜਨਾ ਤਹਿਤ ਮਨਜ਼ੂਰੀ, ਰਾਸ਼ਟਰੀ ਹਾਈਵੇਜ਼ ਦੀ ਮੁੜ-ਬਹਾਲੀ, PMNRF ਤਹਿਤ ਰਾਹਤ, ਅਤੇ ਪਸ਼ੂ ਪਾਲਣ ਲਈ ਮਿਨੀ ਕਿੱਟਾਂ ਦੀ ਵੰਡ ਦੀ ਗੱਲ ਕੀਤੀ ਗਈ।



ਹਿਮਾਚਲ ਪ੍ਰਦੇਸ਼ ਤੋਂ ਬਾਅਦ ਪੀ.ਐਮ. ਮੋਦੀ ਨੇ ਪੰਜਾਬ ਦਾ ਦੌਰਾ ਕਰਕੇ ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਕਰਨ ਤੋਂ ਬਾਅਦ ਗੁਰਦਾਸਪੁਰ 'ਚ ਅਧਿਕਾਰੀਆਂ ਅਤੇ ਜਨ-ਪ੍ਰਤਿਨਿਧੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਹਤ ਅਤੇ ਪੁਨਰਵਾਸ ਕਾਰਜਾਂ ਦੀ ਪ੍ਰਗਤੀ ਦਾ ਅੰਦਾਜ਼ਾ ਲਗਾਇਆ।

ਪ੍ਰਧਾਨ ਮੰਤਰੀ ਨੇ ਪੰਜਾਬ ਲਈ 1,600 ਕਰੋੜ ਰੁਪਏ ਦੀ ਵਾਧੂ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਇਹ ਰਕਮ ਰਾਜ ਕੋਲ ਪਹਿਲਾਂ ਤੋਂ ਮੌਜੂਦ 12,000 ਕਰੋੜ ਰੁਪਏ ਤੋਂ ਇਲਾਵਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਨੂੰ SDRF ਦੀ ਦੂਜੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾਵੇਗੀ ਅਤੇ PM ਕਿਸਾਨ ਸਨਮਾਨ ਨਿਧੀ ਤਹਿਤ ਵੀ ਰਕਮ ਦਿੱਤੀ ਜਾਵੇਗੀ।





ਪੀ.ਐਮ. ਨੇ ਕਿਹਾ ਕਿ ਖੇਤਰ ਅਤੇ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਬਹੁ-ਪੱਖੀ ਰਵੱਈਆ ਅਪਣਾਇਆ ਜਾਵੇਗਾ, ਜਿਸ ਵਿੱਚ PM ਆਵਾਸ ਯੋਜਨਾ ਤਹਿਤ ਘਰਾਂ ਦਾ ਮੁੜ-ਨਿਰਮਾਣ, ਰਾਸ਼ਟਰੀ ਹਾਈਵੇਅਜ਼ ਦੀ ਮੁਰੰਮਤ, ਸਕੂਲਾਂ ਦਾ ਮੁੜ-ਨਿਰਮਾਣ, PMNRF ਤੋਂ ਸਹਾਇਤਾ ਅਤੇ ਪਸ਼ੂ ਪਾਲਣ ਲਈ ਮਿਨੀ ਕਿੱਟਾਂ ਦੀ ਵੰਡ ਸ਼ਾਮਲ ਹੋਵੇਗੀ।

ਦਸ ਦਈਏ ਕਿ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ ਇਸ ਵੇਲੇ ਕਈ ਦਹਾਕਿਆਂ ਵਿੱਚ ਆਪਣੀ ਸਭ ਤੋਂ ਭਿਆਨਕ ਹੜ੍ਹ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ। ਜਿਸਦਾ ਮੁੱਖ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ 'ਚ ਪਾਣੀ ਦਾ ਪੱਧਰ ਵਧਣ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੈਚਮੈਂਟ ਖੇਤਰਾਂ ਵਿੱਚ ਹੋਈ ਭਾਰੀ ਬਾਰਿਸ਼ ਨਾਲ ਬਣੀਆਂ ਛੋਟੀਆਂ ਨਦੀਆਂ ਹਨ। ਪੰਜਾਬ ਵਿੱਚ ਜਿੱਥੇ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 51 ‘ਤੇ ਪਹੁੰਚ ਗਈ ਹੈ ਅਤੇ ਇਸਦੇ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਉਥੇ ਹੀ 1.84 ਲੱਖ ਹੈਕਟੇਅਰ ‘ਤੇ ਖੜੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ।

Comments

Related