ਜਥੇਦਾਰ ਕੁਲਦੀਪ ਸਿੰਘ ਗੜਗੱਜ ਪ੍ਰੈੱਸ ਕਾਨਫਰੰਸ ਦੌਰਾਨ / screenshot
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮੂਹ ਵਿਸ਼ਵ ਭਰ ਦੀ ਸਿੱਖ ਸੰਗਤ ਵੱਡੀ ਸ਼ਰਧਾ ਨਾਲ ਮਨਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਵੱਲੋਂ 23 ਤੋਂ 29 ਨਵੰਬਰ ਤੱਕ ਗੁਰਦੁਆਰਾ ਸੀਸ ਗੰਜ ਸਾਹਿਬ ਅਨੰਦਪੁਰ ਸਾਹਿਬ 'ਚ ਵੱਖ-ਵੱਖ ਗੁਰਮਤਿ ਸਮਾਗਮ ਰੱਖੇ ਗਏ ਹਨ। ਸ਼ਹੀਦੀ ਨਗਰ ਕੀਰਤਨ 25 ਨਵੰਬਰ ਨੂੰ ਦਿੱਲੀ ਤੋਂ ਤੁਰੇਗਾ ਤੇ 29 ਨੂੰ ਕੀਰਤਪੁਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ।
ਜਥੇਦਾਰ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਮਾਗਮਾਂ ਦੇ ਕੈਲੰਡਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਨੇ ਜਾਣ-ਬੁੱਝ ਕੇ ਕੇਵਲ 23 ਤੋਂ 25 ਨਵੰਬਰ ਤੱਕ ਦੇ ਪ੍ਰੋਗਰਾਮ ਦਰਸਾਏ ਹਨ, ਜਦੋਂ ਕਿ ਸ਼ਤਾਬਦੀ 29 ਤੱਕ ਚੱਲਣੀ ਹੈ। ਉਨ੍ਹਾਂ ਕਿਹਾ ਕਿ ਅਧੂਰੀ ਜਾਣਕਾਰੀ ਦੇ ਕੇ ਸਰਕਾਰ ਸੰਗਤਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਅਪੀਲ ਕੀਤੀ ਕਿ ਸੰਗਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਰੇ ਸਮਾਗਮਾਂ 'ਚ ਹਿੱਸਾ ਲਏ।
ਐਸਜੀਪੀਸੀ ਦੀਆਂ ਗੋਲਕਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਾਂ ਵੱਲੋਂ ਕੀਤੇ ਗਏ ਬਿਆਨਾਂ ਨੂੰ ਜਥੇਦਾਰ ਨੇ ਨਾਸਤਿਕ ਸੋਚ ਦਾ ਪ੍ਰਗਟਾਵਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੋਲਕ ਸੰਗਤ ਦੀ ਸ਼ਰਧਾ ਨਾਲ ਜੁੜੀ ਪਰੰਪਰਾ ਹੈ ਅਤੇ ਬਿਨਾਂ ਕਿਸੇ ਤੱਥ ਦੇ ਉਨ੍ਹਾਂ ‘ਤੇ ਇਲਜ਼ਾਮ ਲਾਉਣਾ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਭਦਾ ਨਹੀਂ। ਜਥੇਦਾਰ ਨੇ ਕਿਹਾ ਕਿ ਗੋਲਕਾਂ ਰਾਹੀਂ ਲੰਗਰ, ਧਰਮ ਪ੍ਰਚਾਰ ਅਤੇ ਸੇਵਾਵਾਂ ਚੱਲਦੀਆਂ ਹਨ।
ਉਨ੍ਹਾਂ ਅਨੰਦਪੁਰ ਸਾਹਿਬ 'ਚ ਭਾਈ ਜੈਤਾ ਜੀ ਮਿਊਜ਼ੀਅਮ ਵਿੱਚ ਲਗਾਈਆਂ ਕੁਝ ਤਸਵੀਰਾਂ ਨੂੰ ਲੈ ਕੇ ਵੀ ਗੰਭੀਰ ਇਤਰਾਜ਼ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਤਸਵੀਰਾਂ ਵਿੱਚ ਤੋੜ- ਮਰੋੜ ਕੇ ਦਰਸਾਇਆ ਗਿਆ ਹੈ। ਤਸਵੀਰਾਂ ਵਿੱਚ ਬੀਰ ਆਸਣ, ਜੋੜਾ, ਨਿਸ਼ਾਨ ਸਾਹਿਬ ਦਾ ਰੰਗ ਅਤੇ ਖੰਡਾ-ਬਾਟਾ ਸਭ ਗਲਤ ਤਰੀਕੇ ਨਾਲ ਪ੍ਰਦਰਸ਼ਿਤ ਕੀਤੇ ਗਏ ਹਨ। ਜਥੇਦਾਰ ਨੇ ਦੱਸਿਆ ਕਿ ਸੱਭਿਆਚਾਰਕ ਮਾਮਲੇ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਗਿਆ ਹੈ। ਜਿੱਥੇ ਉਨ੍ਹਾਂ ਤੋਂ ਹਫ਼ਤੇ ਦੇ ਅੰਦਰ ਸਪੱਸ਼ਟੀਕਰਨ ਲਿਆ ਜਾਵੇਗਾ।
ਸਰਬਜੀਤ ਕੌਰ ਬਾਰੇ ਬਿਆਨ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਪਾਕਿਸਤਾਨ ਵਿੱਚ ਸਰਬਜੀਤ ਕੌਰ ਨੇ ਧਰਮ ਬਦਲ ਕੇ ਨਿਕਾਹ ਕਰਾਇਆ, ਉਸ ਨੂੰ ਜਥੇ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਔਰਤ 'ਤੇ ਕਈ ਕੇਸ ਚੱਲ ਰਹੇ ਸਨ ਸੋ ਫਿਰ ਵੀ ਉਸਦਾ ਪਾਕਿਸਤਾਨ ਪਹੁੰਚਣਾ ਸਵਾਲਾਂ ਦੇ ਘੇਰੇ 'ਚ ਹੈ। ਸਰਬਜੀਤ ਕੌਰ ਦੀ ਪੜਤਾਲ ਕਰਨਾ ਪੰਜਾਬ ਸਰਕਾਰ ਦਾ ਫਰਜ ਸੀ ਕਿਉਂਕਿ ਜਦੋਂ ਜਥੇ ਦੇ ਵਿੱਚ ਸੰਗਤ ਪਾਕਿਸਤਾਨ ਜਾ ਰਹੀ ਸੀ ਤਾਂ ਵਾਹਗਾ ਸਰਹੱਦ ਤੋਂ ਵੀ 50 ਦੇ ਕਰੀਬ ਸ਼ਰਧਾਲੂਆਂ ਨੂੰ ਪੜਤਾਲ ਸਹੀ ਨਾ ਹੋਣ ਕਰਕੇ ਵਾਪਸ ਮੋੜਿਆ ਗਿਆ ਸੀ। ਫਿਰ ਸਰਬਜੀਤ ਕੌਰ ਪਾਕਿਸਤਾਨ ਕਿਵੇਂ ਗਈ ਸਰਕਾਰ ਦੇ ਉੱਪਰ ਇਹ ਸਵਾਲ ਖੜੇ ਹੁੰਦੇ ਹਨ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਵਾਪਸ ਭੇਜਿਆ ਜਾਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login