ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਵੱਲੋਂ ਅੰਮ੍ਰਿਤਸਰ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ‘ਮਜ਼ਾਕ’ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਕੁੱਲ 1.5 ਪ੍ਰਤੀਸ਼ਤ ਜ਼ਮੀਨ ਦੇ ਬਾਵਜੂਦ ਅਨਾਜ ਦਾ 14 ਪ੍ਰਤੀਸ਼ਤ ਹਿੱਸਾ ਮੁਹੱਈਆ ਕਰਵਾਇਆ ਹੈ। ਇਸ ਹਿਸਾਬ ਨਾਲ ਪੰਜਾਬ ਦਾ ਹਿੱਸਾ 68 ਹਜ਼ਾਰ 320 ਕਰੋੜ ਰੁਪਏ ਬਣਦਾ ਹੈ। ਪਰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ 1600 ਕਰੋੜ ਰੁਪਏ ਬਹੁਤ ਨਿਗੁਣੀ ਰਕਮ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਆ ਕੇ ਜੇਹਾ ‘ਮਜ਼ਾਕ’ ਕਰਦੇ ਹਨ, ਇਹ ਬੜੀ ਵੱਡੀ ਧੱਕੇਸ਼ਾਹੀ ਹੈ। ਇਹ ਮਜ਼ਾਕ ਤਾਂ ਦਿੱਲੀ ਬੈਠੇ ਵੀ ਕੀਤਾ ਜਾ ਸਕਦਾ ਸੀ, ਪੰਜਾਬ ਆ ਕੇ ਇਸ ਤਰ੍ਹਾਂ ਦਾ ਐਲਾਨ ਕਰਨਾ ਦੁੱਖਦਾਈ ਹੈ,
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਨਿਰਾਸ਼ ਕੀਤਾ ਹੈ, ਉੱਥੇ ਪੰਜਾਬ ਦੇ ਲੋਕਾਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਖੁੱਲ੍ਹ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਇਹ ਭਾਵਨਾ ਵੱਡੀ ਖੁਸ਼ੀ ਦੀ ਗੱਲ ਹੈ।
ਉਹਨਾਂ ਦੱਸਿਆ ਕਿ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੀ ਵੱਖ-ਵੱਖ ਥਾਵਾਂ ‘ਤੇ ਰਾਹਤ ਕੈਂਪ ਲਗਾਏ ਜਾ ਰਹੇ ਹਨ। ਫਿਰੋਜ਼ਪੁਰ, ਸੁਲਤਾਨਪੁਰ ਲੋਧੀ, ਹਰੀਕੇ ਤੋਂ ਇਲਾਵਾ ਹੁਣ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਵਿੱਚ ਵੀ ਰਾਹਤ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਸੁਰਜੀਤ ਸਿੰਘ ਰਖੜਾ ਨੇ 10 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ। ਇਹ ਰਕਮ ਪਾਰਟੀ ਦੇ ਵਰਕਰਾਂ ਅਤੇ ਸਹਿਯੋਗੀ ਜਥੇਬੰਦੀਆਂ ਦੇ ਜ਼ਰੀਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਣ ਦੀ ਗੱਲ ਕੀਤੀ ਗਈ। ਇਸ ਤੋਂ ਇਲਾਵਾ, ਇੱਕ ਲੱਖ ਲੀਟਰ ਡੀਜ਼ਲ ਵੀ ਮੁਹੱਈਆ ਕਰਵਾਇਆ ਜਾਵੇਗਾ ਕਿਉਂਕਿ ਰੇਤ ਹਟਾਉਣ ਅਤੇ ਹੋਰ ਕਾਰਜਾਂ ਲਈ ਇਸਦੀ ਲੋੜ ਪਵੇਗੀ।
Comments
Start the conversation
Become a member of New India Abroad to start commenting.
Sign Up Now
Already have an account? Login