ਸ. ਤੇਜਾ ਸਿੰਘ ਸਮੁੰਦਰੀ ਜੀ ਦੀ ਬਰਸੀ ਦੀ ਸ਼ਤਾਬਦੀ ਦੇ ਸਮਾਗਮ ਦੀ ਤਸਵੀਰ / Provided
ਗੁਰਦੁਆਰਾ ਪ੍ਰਬੰਧ ਸੁਧਾਰ ਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸ. ਤੇਜਾ ਸਿੰਘ ਸਮੁੰਦਰੀ ਜੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਥਾਪਤ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਨਾਈ ਗਈ। ਇਸ ਸ਼ਤਾਬਦੀ ਸਮਾਗਮ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸੀਨੀਅਰ ਅਕਾਲੀ ਆਗੂ ਸ. ਬਲਵਿੰਦਰ ਸਿੰਘ ਭੂੰਦੜ ਤੇ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤੇ ਦਿੱਲੀ ਦੇ ਉੱਪ ਰਾਜਪਾਲ ਸ. ਤਰਨਜੀਤ ਸਿੰਘ ਸੰਧੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਬਿਹ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਲਿਆ। ਉਨ੍ਹਾਂ ਕਥਾ-ਵਿਚਾਰ ਕਰਦਿਆਂ ਸੰਗਤਾਂ ਨੂੰ ਸ. ਤੇਜਾ ਸਿੰਘ ਸਮੁੰਦਰੀ ਦੇ ਜੀਵਨ ਸੰਘਰਸ਼ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਕੁਰਬਾਨੀ ਵਾਲੀ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੇ ਲੇਖੇ ਲਾਇਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੌਰਾਨ ਸਿੱਖ ਯੋਧਿਆਂ ਨੇ ਅਜਿੱਤ ਕਹੀ ਜਾਣ ਵਾਲੀ ਅੰਗਰੇਜ਼ ਹਕੂਮਤ ਖਿਲਾਫ਼ ਮੋਰਚਾ ਲਾਇਆ ਅਤੇ ਸਰਕਾਰ ਦੇ ਜ਼ੁਲਮਾਂ ਵਿਰੁੱਧ ਜਿੱਤ ਹਾਸਲ ਕਰਦਿਆਂ ਪੰਥ ਦਾ ਨਾਂ ਉੱਚਾ ਕੀਤਾ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਸਿੱਖ ਸੰਸਥਾਵਾਂ ਨੂੰ ਸਥਾਪਤ ਅਤੇ ਮਜ਼ਬੂਤ ਕਰਨ ਲਈ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਕੌਮ ਲਈ ਹਮੇਸ਼ਾ ਪ੍ਰੇਰਣਾਸ੍ਰੋਤ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪੰਥ ਵਿਰੋਧੀ ਸਾਜ਼ਿਸ਼ਾਂ ਦੇ ਮੁਕਾਬਲੇ ਲਈ ਆਪਣੇ ਵਖਰੇਵੇਂ ਛੱਡ ਕੇ ਇਕਜੁਟ ਹੋਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਉਸ ਵਕਤ ਸਾਡੇ ਆਗੂਆਂ ਨੇ ਸੱਚ ਦੀ ਅਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਕਾਲੀ ਅਖ਼ਬਾਰ ਆਰੰਭ ਕੀਤਾ ਸੀ। ਅੱਜ ਵੀ ਲੋੜ ਹੈ ਕਿ ਸਾਡੀ ਅਜ਼ਾਦ ਪ੍ਰੈੱਸ ਹੋਵੇ, ਇਸ ਲਈ ਪੰਥ ਨੂੰ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਪੰਥ ਲਈ ਉਦੋਂ ਸੰਘਰਸ਼ ਲੜਿਆ ਜਦੋਂ ਅੰਗਰੇਜ਼ ਹਕੂਮਤ ਦਾ ਪੂਰਾ ਜ਼ੋਰ ਸੀ ਅਤੇ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਮਨਮਤਾਂ ਕੀਤੀਆਂ ਜਾ ਰਹੀਆਂ ਸਨ। ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਜਿਨ੍ਹਾਂ ਸੂਰਬੀਰਾਂ ਨੇ ਇਸ ਵਿਰੁੱਧ ਸੰਘਰਸ਼ ਲੜਿਆ, ਉਨ੍ਹਾਂ ਵਿੱਚੋਂ ਸ. ਤੇਜਾ ਸਿੰਘ ਸਮੁੰਦਰੀ ਮੋਹਰੀ ਆਗੂ ਸਨ। ਸ. ਸਮੁੰਦਰੀ ਨੇ ਸਰਕਾਰ ਵੱਲੋਂ ਰਿਹਾਈ ਲਈ ਮੁਆਫ਼ੀ ਮੰਗਣ ਦੀ ਸ਼ਰਤ ਨੂੰ ਠੁਕਰਾਉਂਦਿਆਂ ਜ਼ੁਲਮ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਅਜਿਹੇ ਆਗੂ ਸਨ ਜਿਨ੍ਹਾਂ ਲਈ ਨਿੱਜ ਨਾਲੋਂ ਸੰਸਥਾਵਾਂ ਵੱਡੀਆਂ ਸਨ। ਉਨ੍ਹਾਂ ਨੇ ਪੰਥ ਲਈ ਹਰ ਮੋਰਚੇ ’ਚ ਮੋਹਰੀ ਰੋਲ ਅਦਾ ਕੀਤਾ। ਐਡਵੋਕੇਟ ਧਾਮੀ ਨੇ ਸ. ਤੇਜਾ ਸਿੰਘ ਸਮੁੰਦਰੀ ਵੱਲੋਂ ਨਿਰਸਵਾਰਥ ਭਾਵ ਨਾਲ ਪੰਥ ਲਈ ਕੀਤੀ ਸੇਵਾ ਨੂੰ ਯਾਦ ਕਰਦਿਆਂ ਨੌਜੁਆਨੀ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਦਿੱਲੀ ਦੇ ਉਪ ਰਾਜਪਾਲ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਉਹ ਸ. ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਸ. ਸਮੁੰਦਰੀ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ। ਜੇ ਲੋੜ ਪਈ ਤਾਂ ਉਹ ਆਪਣੀ ਜਾਇਦਾਦ ਵੀ ਪੰਥ ਲੇਖੇ ਲਾਉਣ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਜਿਥੇ ਪੰਥ ਤੇ ਸਮਾਜ ਲਈ ਵੱਡੇ ਕਾਰਜ ਕੀਤੇ ਉਥੇ ਉਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲਾ ਕਰਦਿਆਂ ਸਕੂਲ ਕਾਲਜ ਖੋਲ੍ਹਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਉਹ ਆਪਣੇ ਪੁਰਖਿਆਂ ਦੀ ਘਾਲਣਾ ਤੋਂ ਪ੍ਰੇਰਣਾ ਲੈ ਸਕਣ।
ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਉਸ ਵਿਰਾਸਤ ਨੂੰ ਯਾਦ ਕੀਤਾ ਜਾ ਰਿਹਾ ਹੈ, ਜਦੋਂ ਗੁਰੂ ਭਰੋਸੇ ਅਤੇ ਪੰਥਕ ਹੌਂਸਲੇ ਨਾਲ ਸਿੱਖਾਂ ਨੇ ਦੁਨੀਆਂ ਵਿਚ ਮੰਨੀ ਜਾਂਦੀ ਵੱਡੀ ਤਾਕਤ ਨੂੰ ਹਰਾਇਆ ਸੀ। ਉਨ੍ਹਾਂ ਕਿਹਾ ਕਿ ਇਹ ਕੌਮੀ ਏਕੇ ਦੀ ਮਿਸਾਲ ਸੀ, ਜਿਸ ਤੋਂ ਅੱਜ ਵੀ ਪ੍ਰੇਰਣਾ ਲੈ ਕੇ ਇਕਜੁਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ।
ਇਸ ਮੌਕ ਸ. ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰਕ ਮੈਂਬਰ ਸ. ਤਰਨਜੀਤ ਸਿੰਘ ਸੰਧੂ, ਬੀਬੀ ਸਿਮਰਨ ਕੌਰ ਸੰਧੂ, ਬੀਬੀ ਕਿਰਨ ਕੌਰ ਸੰਧੂ, ਸ. ਗੁਰਜੀਤ ਸਿੰਘ ਸੰਧੂ, ਬੀਬੀ ਸੁਨੀਤਾ ਕੌਰ ਸੰਧੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਮੌਕੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਗਿਆਨੀ ਰਾਜਦੀਪ ਸਿੰਘ, ਗਿਆਨੀ ਕੇਵਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ, ਮੈਂਬਰ, ਅਮਰੀਕਾ ਦੇ ਅਟਾਰਨੀ ਐਟ ਲਾਅ ਸ. ਜਸਪ੍ਰੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ, ਕਥਾਵਾਚਕ ਗਿਆਨੀ ਜਸਵੰਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਅਤੇ ਸੰਗਤਾਂ ਮੌਜੂਦ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login