ADVERTISEMENTs

ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ–ਰਾਜ ਸਰਕਾਰ ਤੇ ਸਮੂਹ ਪੰਜਾਬੀ ਅੱਗੇ ਆਉਣ: ਬਾਬਾ ਦਰਸ਼ਨ ਸਿੰਘ

ਉਨ੍ਹਾਂ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਲਈ ਪ੍ਰਤੀ ਏਕੜ ₹50,000 ਮੁਆਵਜ਼ਾ ਦੇਣ ਦੀ ਮੰਗ ਕੀਤੀ

ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ–ਰਾਜ ਸਰਕਾਰ ਤੇ ਸਮੂਹ ਪੰਜਾਬੀ ਅੱਗੇ ਆਉਣ: ਬਾਬਾ ਦਰਸ਼ਨ ਸਿੰਘ / Courtesy

ਅੰਮ੍ਰਿਤਸਰ-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਚੱਬਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਨੇ ਕਿਹਾ ਕਿ ਸੰਗਤਾਂ ਦੇ ਸਮੂਹਿਕ ਯਤਨਾਂ ਨਾਲ ਹੜ੍ਹਾਂ ਦੇ ਕਹਿਰ ਨੂੰ ਕਾਫ਼ੀ ਹੱਦ ਤੱਕ ਰੋਕਿਆ ਗਿਆ ਹੈ, ਪਰ ਹੁਣ ਕੇਂਦਰ ਤੇ ਰਾਜ ਸਰਕਾਰਾਂ ਨੂੰ ਸਾਂਝੇ ਤੌਰ ’ਤੇ ਹੜ੍ਹ ਪੀੜਤਾਂ ਦੀ ਮੁੜ ਵਸੇਬੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਬਾਬਾ ਦਰਸ਼ਨ ਸਿੰਘ ਸਰਹੱਦੀ ਪਿੰਡ ਘੋਨੇਵਾਲ ਵਿਖੇ ਧੁੱਸੀ ਬੰਨ੍ਹ ਦੇ ਵੱਡੇ ਪਾੜ ਨੂੰ ਭਰਨ ਲਈ ਸੰਤ ਬਾਬਾ ਜਗੀਰ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਕਾਰਸੇਵਾ ਗੁਰੂ ਕੇ ਬਾਗ਼ ਵਾਲਿਆਂ ਵੱਲੋਂ ਚਲਾਈ ਜਾ ਰਹੀ ਸੇਵਾ ਵਿੱਚ ਲੰਗਰ ਦੀ ਸੇਵਾ ਲੈ ਕੇ ਪਹੁੰਚੇ ਸਨ। ਉਨ੍ਹਾਂ ਸੰਗਤ ਲਈ ਲੰਗਰ ਦੀ ਸੇਵਾ ਵੀ ਨਿਭਾਈ ਅਤੇ ਕਾਰ ਸੇਵਾ ਵਿੱਚ ਹਿੱਸਾ ਲਿਆ।

ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਫ਼ਸਲਾਂ, ਪਸ਼ੂਆਂ, ਰਿਹਾਇਸ਼ੀ ਘਰਾਂ ਅਤੇ ਖੇਤੀਬਾੜੀ ਸੰਦਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਖੇਤਾਂ ਵਿੱਚੋਂ ਹੜ੍ਹਾਂ ਨਾਲ ਆਈ ਰੇਤ ਕੱਢਣ ਤੋਂ ਛੋਟ ਦੇਣ ਦੇ ਸੂਬਾ ਸਰਕਾਰ ਦਾ ਐਲਾਨ ਸਵਾਗਤਯੋਗ ਹੈ, ਪਰ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਹੋਣਾ ਚਾਹੀਦੇ ਹੈ।  

ਉਨ੍ਹਾਂ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਲਈ ਪ੍ਰਤੀ ਏਕੜ ₹50,000 ਮੁਆਵਜ਼ਾ ਦੇਣ, ਖੇਤ ਮਜ਼ਦੂਰਾਂ ਲਈ ਵੀ ਢੁਕਵਾਂ ਮੁਆਵਜ਼ਾ ਦੇਣ, ਮ੍ਰਿਤਕ ਪਰਿਵਾਰਾਂ ਅਤੇ ਪਸ਼ੂਆਂ ਲਈ ਵੱਖਰਾ ਮੁਆਵਜ਼ਾ ਦੇਣ ਅਤੇ ਖੇਤਾਂ ਨੂੰ ਮੁੜ ਵਾਹੀਯੋਗ ਬਣਾਉਣ ਤੋਂ ਇਲਾਵਾ ਖੇਤੀ ਲਈ ਬੀਜ, ਖਾਦ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੀ ਸਰਕਾਰਾਂ ਤੋਂ ਮੰਗ ਕੀਤੀ।

ਬਾਬਾ ਦਰਸ਼ਨ ਸਿੰਘ ਨੇ ਸੰਤ ਬਾਬਾ ਸਤਨਾਮ ਸਿੰਘ ਅਤੇ ਸੰਤ ਬਾਬਾ ਜਗੀਰ ਸਿੰਘ ਦੀ ਸੇਵਾ ਦੀ ਸ਼ਲਾਘਾ ਕਰਦੇ ਹੋਏ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video