ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਦੌਰਾਨ ਰਾਜਨੀਤਿਕ ਮਾਹੌਲ ਤਣਾਅਪੂਰਨ ਹੋਇਆ ਪਿਆ ਹੈ / screenshot
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਦੌਰਾਨ ਰਾਜਨੀਤਿਕ ਮਾਹੌਲ ਤਣਾਅਪੂਰਨ ਹੋਇਆ ਪਿਆ ਹੈ। ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਉੱਤੇ ਇਹ ਗੰਭੀਰ ਇਲਜ਼ਾਮ ਲਗਾਏ ਹਨ ਕਿ ਸਰਕਾਰ ਨੇ ਪ੍ਰਸ਼ਾਸਨ ਨੂੰ ਵਰਤ ਕੇ ਉਹਨਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ। ਵਿਰੋਧੀਆਂ ਦਾ ਦਾਅਵਾ ਹੈ ਕਿ ਲਗਭਗ ਹਰ ਜ਼ਿਲ੍ਹੇ ਵਿੱਚ ਲੋਕਤੰਤਰਕ ਪ੍ਰਕਿਰਿਆ ਨੂੰ ਖੁੱਲ੍ਹੇਆਮ ਨੁਕਸਾਨ ਪਹੁੰਚਾਇਆ ਗਿਆ।
ਵਿਰੋਧੀ ਧੜਿਆਂ ਦਾ ਕਹਿਣਾ ਹੈ ਕਿ ਕਈ ਥਾਵਾਂ ਉੱਤੇ ਉਮੀਦਵਾਰਾਂ ਨੂੰ ਨੋਡਲ ਦਫ਼ਤਰਾਂ ਤੱਕ ਪਹੁੰਚਣ ਤੋਂ ਰੋਕਿਆ ਗਿਆ, ਰਸਤੇ ਬੰਦ ਕੀਤੇ ਗਏ ਅਤੇ ਪਾਰਟੀ ਵਰਕਰਾਂ ਨੂੰ ਸਿੱਧੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਨੇ ਇਸਨੂੰ ਚੋਣ ਪ੍ਰਕਿਰਿਆ ‘ਤੇ ਇਕਪੱਖੀ ਕਬਜ਼ੇ ਦੀ ਕੋਸ਼ਿਸ਼ ਕਰਾਰ ਦਿੰਦੇ ਹੋਏ ਆਪ ਸਰਕਾਰ ਨੂੰ ਲੋਕਤੰਤਰ ਵਿਰੋਧੀ ਰਵੱਈਏ ਲਈ ਘੇਰਿਆ ਹੈ।
ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਫਰੀਦਕੋਟ, ਮੋਗਾ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਰੋਪੜ, ਐਸ.ਏ.ਐਸ. ਨਗਰ (ਮੋਹਾਲੀ), ਕਪੁਰਥਲਾ, ਹੁਸ਼ਿਆਰਪੁਰ ਅਤੇ ਬਰਨਾਲਾ ਤਕਰੀਬਨ ਹਰ ਜ਼ਿਲ੍ਹੇ ਤੋਂ ਤਣਾਅਪੂਰਨ ਦ੍ਰਿਸ਼ ਸਾਹਮਣੇ ਆਏ। ਕਈ ਉਮੀਦਵਾਰਾਂ ਨੇ ਦੱਸਿਆ ਹੈ ਕਿ ਨਾਮਜ਼ਦਗੀ ਦੌਰਾਨ ਪ੍ਰਸ਼ਾਸਨਿਕ ਦਬਾਅ, ਪੁਲਿਸ ਦੀ ਸਖ਼ਤ ਘੇਰਾਬੰਦੀ ਅਤੇ ਪਾਰਟੀ ਕੈਡਰ ਦੀ ਦਖ਼ਲਅੰਦਾਜ਼ੀ ਸਪੱਸ਼ਟ ਤੌਰ ‘ਤੇ ਦਿਖੀ।
ਹਲਕਾ ਮਜੀਠਾ ਦੇ ਬਲਾਕ ਮਜੀਠਾ 1 ਅਤੇ ਮਜੀਠਾ 2 ਵਿਚ ਉਮੀਦਵਾਰਾਂ ਨੂੰ ਆਪਣੇ ਨਾਮਜ਼ਦਗੀ ਕਾਗਜ ਦਾਖ਼ਲ ਕਰਨ ਸਮੇਂ ਸੱਤਾ ਧਿਰ ਦੀ ਸਹਿ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਬੇਲੋੜੀਆਂ ਪਾਬੰਦੀਆਂ ਲਗਾ ਕੇ ਸਮਾਂ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ
ਲਾਈਨਾਂ ਵਿਚ ਖੜੇ ਉਮੀਦਵਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਸੱਤਾ ਧਿਰ ਦੇ ਹਲਕਾ ਇੰਚਾਰਜ ਦੇ ਇਸ਼ਾਰੇ 'ਤੇ ਜਾਣ ਬੁੱਝ ਕੇ ਧੱਕੇਸ਼ਾਹੀ ਨਾਲ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਕਾਗਜ ਦਾਖਲ ਕਰਨ ਤੋਂ ਰੋਕਣ ਲਈ ਉਨ੍ਹਾਂ ਦਾ ਸਮਾਂ ਖਰਾਬ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸੱਤਾ ਧਿਰ ਦੇ ਉਮੀਦਵਾਰਾਂ ਦੇ ਕਾਗਜ ਸਵੇਰ ਸਭ ਤੋਂ ਪਹਿਲਾ ਜਮਾਂ ਕੀਤੇ ਗਏ ਅਤੇ ਦੂਜੀਆਂ ਪਾਰਟੀਆਂ ਨੂੰ ਲੰਘਣ ਤੋਂ ਰੋਕਿਆ ਗਿਆ।
ਘਨੌਰ ਅਤੇ ਤਰਨ ਤਾਰਨ ਵਿਖੇ ਕਾਲਜ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ। ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੇ ਇਲਜ਼ਾਮ ਲਗਾਏ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਜ਼ਾਣ–ਬੁੱਝ ਕੇ ਕਾਲਜ ਦੇ ਅੰਦਰ ਨਹੀਂ ਜਾਣ ਦਿੱਤਾ, ਜਿਸ ਕਾਰਨ ਪੂਰਾ ਮਾਹੌਲ ਤਣਾਅਪੂਰਨ ਬਣ ਗਿਆ। ਉਥੇ ਹੀ ਤਰਨ ਤਾਰਨ ਵਿਖੇ ਅਕਾਲੀ ਦਲ ਦੇ ਸਾਬਕਾ ਆਗੂ, ਵਿਰਸਾ ਸਿੰਘ ਵਲਟੋਹਾ ਦੀ ਪੁਲਿਸ ਨਾਲ ਤਕੜੀ ਬਹਿਸਬਾਜ਼ੀ ਹੋਈ ਅਤੇ ਪਾਰਟੀ ਵਰਕਰਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਸੁੱਰਖਿਆ ਘੇਰਾ ਵਧਾ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੋਰਵਦੀਪ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ’ਤੇ ਫਰਜ਼ੀ ਲੋਕਾਂ ਨੂੰ ਖਾਲੀ ਫਾਇਲਾਂ ਦੇ ਕੇ ਦਫ਼ਤਰਾਂ ਦੇ ਬਾਹਰ ਬਠਾਇਆ, ਤਾਂ ਜੋ ਅਸਲ ਉਮੀਦਵਾਰਾਂ ਦੀ ਪਹੁੰਚ ਰੋਕੀ ਜਾ ਸਕੇ। ਉਨ੍ਹਾਂ ਅਨੁਸਾਰ, ਪ੍ਰਸ਼ਾਸਨ ਵੱਲੋਂ ਲਗਾਇਆ ਟੋਕਨ ਸਿਸਟਮ ਵੀ ਗਲਤ ਤਰੀਕੇ ਨਾਲ ਵਰਤਿਆ ਗਿਆ-ਜਿੱਥੇ ਪਹਿਲੇ 100 ਟੋਕਨ ਨੰਬਰ ਸਿਰਫ਼ AAP ਦੇ ਉਮੀਦਵਾਰਾਂ ਅਤੇ ਉਨ੍ਹਾਂ ਵੱਲੋਂ ਲਿਆਂਦੇ ਫਰਜ਼ੀ ਲੋਕਾਂ ਲਈ ਰੱਖੇ ਗਏ, ਜਦਕਿ ਵਿਰੋਧੀ ਪਾਰਟੀਆਂ ਨੂੰ 100 ਤੋਂ ਬਾਅਦ ਵਾਲੇ ਟੋਕਨ ਜਾਰੀ ਕੀਤੇ ਗਏ।
ਮਾਨਸਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਲਈ ਕਾਂਗਰਸ ਦੇ ਬੱਛੂਆਣਾ ਜੋਨ ਬੋੜਾਵਾਲ ਜੋਨ ਅਤੇ ਕੁੱਲਰੀਆਂ ਜੋਨ ਤੋਂ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਜਮਾ ਨਾ ਕਰਵਾਏ ਜਾਣ ਦੇ ਵਿਰੋਧ ਵਿੱਚ ਕਾਂਗਰਸ ਅਤੇ ਬੀਜੇਪੀ ਵੱਲੋਂ ਐਸਡੀਐਮ ਦਫਤਰ ਦੇ ਬਾਹਰ ਧਰਨਾ ਦਿੱਤਾ। ਦਲੇਲ ਸਿੰਘ ਵਾਲਾ ਜੋਨ ਤੋਂ ਬੀਜੇਪੀ ਦੇ ਉਮੀਦਵਾਰ ਦੇ ਨਾਮਜਦਗੀ ਪੱਤਰ ਵੀ ਦਾਖਲ ਨਹੀਂ ਕਰਵਾਏ ਗਏ। ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਦੌਰਾਨ ਬੁਡਲਾਡਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਨੇ ਕਿਹਾ ਕਿ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਉਨ੍ਹਾਂ ਦੇ ਤਿੰਨ ਉਮੀਦਵਾਰ ਕੋਲਰੀਆਂ ਜੋਨ ਬੱਛੂਆਣਾ ਜੋਨ ਅਤੇ ਬੋੜਾਵਾਲ ਜ਼ੋਨ ਤੋਂ ਉਮੀਦਵਾਰ ਨਾਮਜਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚੇ, ਪਰ ਸਾਨੁੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ।
ਘਨੌਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪ੍ਰਸ਼ਾਸਨ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ ਹਨ। ਜਲਾਲਪੁਰ ਨੇ ਦੱਸਿਆ ਕਿ ਕਾਗਜ਼ ਭਰਨ ਆਈ ਉਮੀਦਵਾਰ ਦੀ ਕੋਈ ਵਿਅਕਤੀ ਫਾਈਲ ਹੀ ਖੋਹ ਕੇ ਲੈ ਗਿਆ ਅਤੇ ਹੁਣ ਉਹ ਵਾਇਰਲ ਹੋ ਰਹੀ ਵੀਡੀਓ ਡੀਐਸਪੀ ਨੂੰ ਸੌਂਪ ਚੁੱਕੇ ਹਨ ਅਤੇ ਇਸ ਦੀ ਇੱਕ ਕਾਪੀ ਪਾਰਟੀ ਹਾਈ ਕਮਾਂਡ ਨੂੰ ਵੀ ਭੇਜ ਦਿੱਤੀ ਗਈ ਹੈ। ਜਲਾਲਪੁਰ ਨੇ ਮੰਗ ਕੀਤੀ ਹੈ ਕਿ ਵੀਡੀਓ ਦੀ ਜਾਂਚ ਦੇ ਆਧਾਰ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਨੇ ਦੋਸ਼ ਲਗਾਇਆ ਕਿ ਸਰਕਾਰ ਖੁੱਲ੍ਹੇਆਮ ਧੱਕੇਸ਼ਾਹੀ ਕਰ ਰਹੀ ਹੈ।
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਜਾਂਚ ਪ੍ਰਕਿਰਿਆ ਦੇ ਨਤੀਜੇ ਵਜੋਂ ਕੁੱਲ 1,405 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 1,865 ਨਾਮਜ਼ਦਗੀਆਂ ਦਾਇਰ ਕੀਤੀਆਂ ਗਈਆਂ। ਜਾਂਚ ਦੌਰਾਨ, 140 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ, ਜਦੋਂ ਕਿ 1,725 ਉਮੀਦਵਾਰ ਯੋਗ ਪਾਏ ਗਏ।
ਇਸ ਵਾਰ ਪੰਚਾਇਤ ਸੰਮਤੀਆਂ ਲਈ ਕੁੱਲ 12,354 ਨਾਮਜ਼ਦਗੀਆਂ ਦਾਇਰ ਕੀਤੀਆਂ ਗਈਆਂ। ਜਾਂਚ ਦੌਰਾਨ, 1,265 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ, ਜਦੋਂ ਕਿ 11,089 ਯੋਗ ਪਾਏ ਗਏ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login