ਭਾਰਤੀ ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ / Courtesy: IANS
ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, “ਭਾਰਤ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਹਿੰਦੂਆਂ, ਈਸਾਈਆਂ ਅਤੇ ਬੁੱਧ ਧਰਮ ਸਮੇਤ ਘੱਟ ਗਿਣਤੀਆਂ ਪ੍ਰਤੀ ਲਗਾਤਾਰ ਜਾਰੀ ਦੁਸ਼ਮਣੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ। ਅਸੀਂ ਮੈਮਨਸਿੰਘ ਵਿੱਚ ਇੱਕ ਹਿੰਦੂ ਨੌਜਵਾਨ ਦੇ ਤਾਜ਼ਾ ਕਤਲ ਦੀ ਨਿੰਦਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।”
ਉਨ੍ਹਾਂ ਅੱਗੇ ਕਿਹਾ ਕਿ ਅੰਤਰਿਮ ਸਰਕਾਰ ਦੇ ਕਾਰਜਕਾਲ ਦੌਰਾਨ ਵੱਖ-ਵੱਖ ਸਰੋਤਾਂ ਦੁਆਰਾ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੀਆਂ 2,900 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਤਲ, ਅਗਜ਼ਨੀ ਅਤੇ ਜ਼ਮੀਨ ਹੜੱਪਣ ਦੇ ਮਾਮਲੇ ਸ਼ਾਮਲ ਹਨ। ਇਨ੍ਹਾਂ ਘਟਨਾਵਾਂ ਨੂੰ ਸਿਰਫ਼ ਮੀਡੀਆ ਵਲੋਂ ਵਧਾ-ਚੜ੍ਹਾ ਕੇ ਪੇਸ਼ ਕੀਤੀ ਗਈ ਰਿਪੋਰਟਿੰਗ ਜਾਂ ਸਿਆਸੀ ਹਿੰਸਾ ਕਹਿ ਕੇ ਅਣਡਿੱਠਾ ਨਹੀਂ ਕੀਤਾ ਜਾ ਸਕਦਾ।
ਬੁਲਾਰੇ ਜੈਸਵਾਲ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਵਿਰੁੱਧ "ਅਟੁੱਟ ਦੁਸ਼ਮਣੀ" ਦੀ ਆਲੋਚਨਾ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ, “ਅਸੀਂ ਬੰਗਲਾਦੇਸ਼ ਵਿੱਚ ਪੇਸ਼ ਕੀਤੀ ਜਾ ਰਹੀ ਭਾਰਤ-ਵਿਰੋਧੀ ਝੂਠੀ ਕਹਾਣੀ ਨੂੰ ਰੱਦ ਕਰਦੇ ਹਾਂ। ਬੰਗਲਾਦੇਸ਼ ‘ਚ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਬਣਾਈ ਰੱਖਣਾ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੀ ਜ਼ਿੰਮੇਵਾਰੀ ਹੈ। ਗੱਲਾਂ ਨੂੰ ਕਿਸੇ ਹੋਰ ਦਿਸ਼ਾ ਵੱਲ ਮੋੜਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਗਲਤ ਹੈ ਅਤੇ ਅਸੀਂ ਇਸਨੂੰ ਸਵੀਕਾਰ ਨਹੀਂ ਕਰਦੇ।”
ਦਸ ਦਈਏ ਕਿ ਵੀਰਵਾਰ ਨੂੰ ਬੰਗਲਾਦੇਸ਼ੀ ਮੀਡੀਆ ਨੇ ਇੱਕ ਹੋਰ ਹਿੰਦੂ ਨੌਜਵਾਨ ਦੇ ਕਤਲ ਦੀ ਖ਼ਬਰ ਦਿੱਤੀ। ਮ੍ਰਿਤਕ ਦੀ ਪਛਾਣ 29 ਸਾਲਾ ਅਮ੍ਰਿਤ ਮੰਡਲ ਵਜੋਂ ਹੋਈ ਹੈ, ਜਿਸਨੂੰ ਕਥਿਤ ਤੌਰ ‘ਤੇ ਬੁੱਧਵਾਰ ਦੇਰ ਰਾਤ ਕਲੀਮੋਹਰ ਯੂਨੀਅਨ ਦੇ ਹੋਸੈਨਡਾਂਗਾ ਖੇਤਰ ਵਿੱਚ ਭੀੜ ਵੱਲੋਂ ਮਾਰ ਦਿੱਤਾ ਗਿਆ।
ਪਿਛਲੇ ਹਫ਼ਤੇ MEA ਨੇ ਕਿਹਾ ਸੀ ਕਿ ਭਾਰਤ ਬੰਗਲਾਦੇਸ਼ ਵਿੱਚ ਬਣ ਰਹੀ ਸਥਿਤੀ ‘ਤੇ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਘੱਟਗਿਣਤੀਆਂ ‘ਤੇ ਹੋ ਰਹੇ ਹਮਲਿਆਂ ਸਬੰਧੀ ਬੰਗਲਾਦੇਸ਼ੀ ਅਧਿਕਾਰੀਆਂ ਨੂੰ ਆਪਣੀ ਗੰਭੀਰ ਚਿੰਤਾਵਾਂ ਤੋਂ ਜਾਣੂ ਕਰਵਾ ਰਿਹਾ ਹੈ।
ਇਹ ਟਿੱਪਣੀਆਂ 18 ਦਸੰਬਰ ਨੂੰ ਇੱਕ 25 ਸਾਲਾ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਆਈਆਂ ਹਨ। ਉਸਦੀ ਫੈਕਟਰੀ ਦੇ ਇੱਕ ਮੁਸਲਿਮ ਸਹਿਕਰਮੀ ਵੱਲੋਂ ਈਸ਼ਨਿੰਦਾ ਦੇ ਝੂਠੇ ਇਲਜ਼ਾਮ ਲਗਾਉਣ ਤੋਂ ਬਾਅਦ ਭੀੜ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਭੀੜ ਨੇ ਦਾਸ ਦਾ ਕਤਲ ਕਰਨ ਤੋਂ ਬਾਅਦ ਉਸਦੀ ਦੇਹ ਨੂੰ ਦਰੱਖਤ ਨਾਲ ਲਟਕਾ ਦਿੱਤਾ ਅਤੇ ਫਿਰ ਅੱਗ ਲਗਾ ਦਿੱਤੀ ਸੀ।
MEA ਨੇ ਕਿਹਾ, “ਭਾਰਤ ਬੰਗਲਾਦੇਸ਼ ਵਿੱਚ ਬਣ ਰਹੀ ਸਥਿਤੀ ‘ਤੇ ਨਜ਼ਦੀਕ ਤੋਂ ਨਿਗਰਾਨੀ ਰੱਖ ਰਿਹਾ ਹੈ। ਸਾਡੇ ਅਧਿਕਾਰੀ ਬੰਗਲਾਦੇਸ਼ੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਘੱਟਗਿਣਤੀਆਂ ‘ਤੇ ਹੋ ਰਹੇ ਹਮਲਿਆਂ ਬਾਰੇ ਸਾਡੀ ਗੰਭੀਰ ਚਿੰਤਾ ਦੱਸ ਚੁੱਕੇ ਹਨ। ਅਸੀਂ ਇਹ ਵੀ ਮੰਗ ਕੀਤੀ ਹੈ ਕਿ ਦਾਸ ਦੀ ਨਿਰਦਈ ਹੱਤਿਆ ਦੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।”
ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੇ ਦੌਰਾਨ ਬੰਗਲਾਦੇਸ਼ ਵਿੱਚ ਹਿੰਦੂਆਂ ਸਮੇਤ ਹੋਰ ਘੱਟਗਿਣਤੀਆਂ ਖ਼ਿਲਾਫ਼ ਹਿੰਸਾ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਦੁਨੀਆ ਭਰ ਵਿੱਚ ਲੋਕਾਂ ਅਤੇ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਵਿੱਚ ਰੋਸ ਹੈ। ਇਸ ਤੋਂ ਪਹਿਲਾਂ 17 ਦਸੰਬਰ ਨੂੰ MEA ਨੇ ਭਾਰਤ ਵਿੱਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਰਿਆਜ਼ ਹਾਮਿਦੁੱਲਾਹ ਨੂੰ ਤਲਬ ਕਰਕੇ ਬੰਗਲਾਦੇਸ਼ ਵਿੱਚ ਵਿਗੜ ਰਹੇ ਸੁਰੱਖਿਆ ਹਾਲਾਤਾਂ ਬਾਰੇ ਨਵੀਂ ਦਿੱਲੀ ਦੀ ਗੰਭੀਰ ਚਿੰਤਾ ਤੋਂ ਜਾਣੂ ਕਰਵਾਇਆ ਸੀ। ਹਾਲ ਹੀ ਵਿਚ ਬੰਗਲਾਦੇਸ਼ ਵਿੱਚ ਵਾਪਰੀਆਂ ਘਟਨਾਵਾਂ ਸਬੰਧੀ ਅੱਤਵਾਦੀ ਤੱਤਾਂ ਵੱਲੋਂ ਘੜੀ ਜਾ ਰਹੀ ਝੂਠੀ ਕਹਾਣੀ ਨੂੰ ਭਾਰਤ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
MEA ਨੇ ਇਹ ਵੀ ਚਿੰਤਾ ਜਤਾਈ ਕਿ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਨਾ ਤਾਂ ਘਟਨਾਵਾਂ ਦੀ ਪੂਰੀ ਜਾਂਚ ਕੀਤੀ ਅਤੇ ਨਾ ਹੀ ਭਾਰਤ ਨਾਲ ਕੋਈ ਢੰਗ ਦਾ ਸਬੂਤ ਸਾਂਝਾ ਕੀਤਾ। ਭਾਰਤ ਨੇ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੂੰ ਬੰਗਲਾਦੇਸ਼ ਵਿੱਚ ਸਥਿਤ ਭਾਰਤੀ ਮਿਸ਼ਨਾਂ ਅਤੇ ਦਫ਼ਤਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login