ਰਾਸ਼ਟਰਪਤੀ ਡੋਨਾਲਡ ਟਰੰਪ / IANS
ਇੱਕ ਨਵੇਂ ਪ੍ਰਕਾਸ਼ਿਤ ਸਰਵੇਖਣ ਅਨੁਸਾਰ, ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਵਿਦੇਸ਼ਾਂ ਵਿੱਚ ਇੰਨੇ ਜ਼ਿਆਦਾ ਹਵਾਈ ਅਤੇ ਡਰੋਨ ਹਮਲੇ ਕੀਤੇ ਗਏ, ਜੋ ਕਿ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦੇ ਪੂਰੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਹਮਲਿਆਂ ਤੋਂ ਵੀ ਵੱਧ ਹਨ।
ਆਰਮਡ ਕਾਨਫਲਿਕਟ ਲੋਕੇਸ਼ਨ ਐਂਡ ਇਵੈਂਟ ਡਾਟਾ ਪ੍ਰੋਜੈਕਟ (ACLED) ਦੇ ਅੰਕੜਿਆਂ ਮੁਤਾਬਕ, 20 ਜਨਵਰੀ 2025 ਤੋਂ 5 ਜਨਵਰੀ 2026 ਤੱਕ ਅਮਰੀਕਾ ਨੇ 573 ਹਵਾਈ ਅਤੇ ਡਰੋਨ ਹਮਲੇ ਕੀਤੇ। ਜੇਕਰ ਗੱਠਜੋੜ ਦੇ ਸਾਂਝੇ ਆਪ੍ਰੇਸ਼ਨਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ, ਤਾਂ ਇਹ ਗਿਣਤੀ 658 ਤੱਕ ਪਹੁੰਚ ਜਾਂਦੀ ਹੈ। ਇਸਦੇ ਮੁਕਾਬਲੇ ਵਿੱਚ ਬਾਈਡਨ ਦੇ ਪੂਰੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਵੱਲੋਂ 494 ਹਮਲੇ ਅਤੇ 694 ਗਠਜੋੜੀ ਕਾਰਵਾਈਆਂ ਦਰਜ ਕੀਤੀਆਂ ਗਈਆਂ ਸਨ।
ਗੈਰ-ਮੁਨਾਫ਼ਾ ਸੰਸਥਾ ਨੇ ਦੱਸਿਆ ਕਿ ਪਿਛਲੇ 12 ਮਹੀਨਿਆਂ ਵਿੱਚ ਘੱਟੋ-ਘੱਟ ਨੌਂ ਦੇਸ਼ਾਂ ਵਿੱਚ ਅਮਰੀਕਾ 1,008 ਵਿਦੇਸ਼ੀ ਫੌਜੀ ਘਟਨਾਵਾਂ ਵਿੱਚ ਸ਼ਾਮਲ ਸੀ, ਜਿਸ ਦੇ ਨਤੀਜੇ ਵਜੋਂ ਅੰਦਾਜ਼ਨ 1,093 ਮੌਤਾਂ ਹੋਈਆਂ। ਬਾਇਡਨ ਦੀ ਪ੍ਰਧਾਨਗੀ ਦੌਰਾਨ, ACLED ਨੇ ਅਜਿਹੀਆਂ 1,648 ਘਟਨਾਵਾਂ ਅਤੇ ਲਗਭਗ 1,518 ਮੌਤਾਂ ਦਰਜ ਕੀਤੀਆਂ ਸਨ।
ਨਿਊਜ਼ਵੀਕ ਦੀ ਰਿਪੋਰਟ ਅਨੁਸਾਰ, ਟਰੰਪ ਦੇ ਪਹਿਲੇ ਸਾਲ ਦੌਰਾਨ ਹੋਈਆਂ ਮੌਤਾਂ ਵਿੱਚ ਘੱਟੋ-ਘੱਟ 110 ਕਥਿਤ ਨਸ਼ਾ ਤਸਕਰ ਵੀ ਸ਼ਾਮਲ ਹਨ, ਜੋ ਕੈਰੀਬੀਅਨ ਸਮੁੰਦਰ ਅਤੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਦੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਅਮਰੀਕੀ ਫੌਜੀ ਕਾਰਵਾਈਆਂ ਦੌਰਾਨ ਮਾਰੇ ਗਏ। ਜੂਨ ਮਹੀਨੇ ਵਿੱਚ ਈਰਾਨ ਦੇ ਪ੍ਰਮਾਣੂ ਠਿਕਾਣਿਆਂ ’ਤੇ ਅਮਰੀਕੀ ਹਮਲਿਆਂ ਨਾਲ ਹੋਈਆਂ ਮੌਤਾਂ ਦੀ ਗਿਣਤੀ ਹਾਲੇ ਤੱਕ ਸਾਹਮਣੇ ਨਹੀ ਆਈ।
ACLED ਅਨੁਸਾਰ, ਜਨਵਰੀ ਅਤੇ ਦਸੰਬਰ ਦੇ ਵਿਚਕਾਰ 80 ਪ੍ਰਤੀਸ਼ਤ ਤੋਂ ਵੱਧ ਹਮਲੇ ਯਮਨ ਦੇ ਹੂਤੀ ਵਿਦਰੋਹੀਆਂ ਦੇ ਵਿਰੁੱਧ ਕੀਤੇ ਗਏ ਸਨ, ਜਿਸ ਵਿੱਚ 530 ਤੋਂ ਵੱਧ ਮੌਤਾਂ ਹੋਈਆਂ।
ਸੰਸਥਾ ਨੇ ਆਪਣੇ ਵਿਸ਼ਲੇਸ਼ਣ ਵਿੱਚ ਕਿਹਾ, “ਟਰੰਪ ਦੇ ਪਹਿਲੇ ਸਾਲ ਦੀਆਂ ਵਿਦੇਸ਼ੀ ਫੌਜੀ ਕਾਰਵਾਈਆਂ ‘ਪਹਿਲਾਂ ਹਮਲਾ, ਬਾਅਦ ਵਿੱਚ ਸਵਾਲ’ ਵਾਲੀ ਰਣਨੀਤੀ ਨੂੰ ਦਰਸਾਉਂਦੀਆਂ ਹਨ। ACLED ਦੀ ਸੀਈਓ ਕਲਿਓਨਾਡ ਰੈਲੇ ਨੇ ਕਿਹਾ ਕਿ ਵੇਨੇਜ਼ੂਏਲਾ ਅਤੇ ਨਾਈਜੀਰੀਆ ਵਰਗੇ ਦੇਸ਼ਾਂ ਵਿੱਚ ਅਮਰੀਕਾ ਦੀਆਂ ਤਾਜ਼ਾ ਕਾਰਵਾਈਆਂ ਇਹ ਦਰਸਾਉਂਦੀਆਂ ਹਨ ਕਿ ਇਹ ਰਵੱਈਆ ਕਿੰਨੀ ਤੇਜ਼ੀ ਨਾਲ ਬਲ ਦੇ ਇਸਤੇਮਾਲ ਵਿੱਚ ਬਦਲ ਸਕਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਗਲਾ ਧਿਆਨ ਗ੍ਰੀਨਲੈਂਡ, ਕੋਲੰਬੀਆ ਅਤੇ ਕਿਊਬਾ ਵਰਗੀਆਂ ਥਾਵਾਂ ਵੱਲ ਵੀ ਜਾ ਸਕਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਪ੍ਰਸ਼ਾਸਨ ਅਜਿਹੇ ਖੇਤਰਾਂ ਨੂੰ "ਸਮੱਸਿਆਵਾਂ” ਵਜੋਂ ਪੇਸ਼ ਕਰ ਰਿਹਾ ਹੈ ਜਿਨ੍ਹਾਂ ਦੇ ਸਰੋਤਾਂ (ਤੇਲ, ਜ਼ਮੀਨ ਜਾਂ ਰਣਨੀਤਕ ਸਥਿਤੀ) 'ਤੇ ਕਬਜ਼ਾ ਕਰਨ ਨਾਲ ਅਮਰੀਕਾ ਨੂੰ ਫਾਇਦਾ ਹੋ ਸਕਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login