ADVERTISEMENTs

ਟਰੰਪ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ‘ਤੇ ਸ਼ਬਦੀ ਹਮਲਾ ਕਰਦਿਆਂ ਬ੍ਰਾਹਮਣਾਂ ਨੂੰ ਬਣਾਇਆ ਨਿਸ਼ਾਨਾ

ਉਨ੍ਹਾਂ ਕਿਹਾ ਕਿ ਬ੍ਰਾਹਮਣ ਭਾਰਤੀ ਲੋਕਾਂ ਦੀ ਕੀਮਤ 'ਤੇ ਮੁਨਾਫਾ ਕਮਾ ਰਹੇ ਹਨ ਅਤੇ ਸਾਨੂੰ ਇਸ ਨੂੰ ਰੋਕਣ ਦੀ ਲੋੜ ਹੈ

ਟਰੰਪ ਸਲਾਹਕਾਰ ਪੀਟਰ ਨਵਾਰੋ / courtesy photo

ਵ੍ਹਾਈਟ ਹਾਊਸ ਸਲਾਹਕਾਰ ਅਤੇ ਰਾਸ਼ਟਰਪਤੀ ਟਰੰਪ ਦੀ ਟੈਰਿਫ਼ ਨੀਤੀ ਦੇ ਆਰਕੀਟੈਕਟ ਪੀਟਰ ਨਵਾਰੋ ਨੇ ਹਾਲੀਆ ਫਾਕਸ ਨਿਊਜ਼ ਇੰਟਰਵਿਊ ਵਿੱਚ ਭਾਰਤ ‘ਤੇ ਸ਼ਬਦੀ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਦੇਸ਼ ਦੀ ਬ੍ਰਾਹਮਣ ਕਮਿਊਨਿਟੀ ਰੂਸੀ ਤੇਲ ਖਰੀਦ ਤੋਂ ਲਾਭ ਕਮਾ ਰਹੀ ਹੈ।

ਜਦੋਂ ਖਾਸ ਤੌਰ ‘ਤੇ ਪੁੱਛਿਆ ਗਿਆ ਕਿ ਭਾਰਤ ‘ਤੇ 50% ਟੈਰਿਫ਼ ਵਲਾਦੀਮੀਰ ਪੁਤਿਨ ਨੂੰ ਕਮਜ਼ੋਰ ਕਰਨ ਲਈ ਕਾਫ਼ੀ ਹਨ ਜਾਂ ਨਹੀਂ, ਤਾਂ ਨਵਾਰੋ ਨੇ ਕਿਹਾ ਕਿ ਪ੍ਰਸ਼ਾਸਨ ਹੋਰ ਵਧਾਉਣਾ ਨਹੀਂ ਚਾਹੁੰਦਾ। ਉਹਨਾਂ ਕਿਹਾ ਕਿ “ਸਾਡੇ ਕੋਲ ਚੀਨ ‘ਤੇ ਵੀ 50% ਟੈਰਿਫ ਹਨ ਅਤੇ ਇਸ ਤੋਂ ਵੱਧ ਜਾਣ ਨਾਲ ਅਮਰੀਕਾ ਨੂੰ ਨੁਕਸਾਨ ਹੋ ਸਕਦਾ ਹੈ।” ਇਸ ਤੋਂ ਬਾਅਦ ਉਹਨਾਂ ਨੇ ਭਾਰਤ ਨੂੰ “ਟੈਰਿਫ਼ਾਂ ਦਾ ਮਹਾਰਾਜਾ” ਕਹਿੰਦੇ ਹੋਏ ਨਿਸ਼ਾਨਾ ਬਣਾਇਆ।

ਨਵਾਰੋ ਨੇ ਸ਼ੰਘਾਈ ਕੋਆਪਰੇਸ਼ਨ ਆਰਗੈਨਾਈਜ਼ੇਸ਼ਨ (SCO) ਦੇ ਸੰਦਰਭ ਵਿੱਚ ਭਾਰਤ ‘ਤੇ ਚੁਟਕੀ ਲੈਂਦਿਆਂ ਕਿਹਾ, "ਮੋਦੀ ਇੱਕ ਮਹਾਨ ਨੇਤਾ ਹਨ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤਾਂ ਉਹ ਪੁਤਿਨ ਅਤੇ ਸ਼ੀ ਜਿਨਪਿੰਗ ਨਾਲ ਸਾਂਝ ਕਿਉਂ ਕਰ ਰਹੇ ਹਨ। ਮੈਂ ਭਾਰਤੀ ਲੋਕਾਂ ਨੂੰ ਕਹਾਂਗਾ, ਬ੍ਰਾਹਮਣ ਭਾਰਤੀ ਲੋਕਾਂ ਦੀ ਕੀਮਤ 'ਤੇ ਮੁਨਾਫਾ ਕਮਾ ਰਹੇ ਹਨ, ਅਤੇ ਸਾਨੂੰ ਇਸ ਨੂੰ ਰੋਕਣ ਦੀ ਲੋੜ ਹੈ।" 

ਇੰਟਰਵਿਊ ਦੇ ਸ਼ੁਰੂ ‘ਚ ਨਵਾਰੋ ਨੇ ਆਸ ਜਤਾਈ ਕਿ ਸੁਪਰੀਮ ਕੋਰਟ ਟਰੰਪ ਪ੍ਰਸ਼ਾਸਨ ਦੇ ਹੱਕ ‘ਚ ਫੈਸਲਾ ਕਰੇਗੀ ਤਾਂ ਜੋ ਟੈਰਿਫ਼ ਬਰਕਰਾਰ ਰਹਿਣ।

ਇਨ੍ਹਾਂ ਟੈਰਿਫ਼ਾਂ ਦਾ ਭਾਰਤੀ ਅਰਥਵਿਵਸਥਾ ‘ਤੇ ਵੱਡਾ ਪ੍ਰਭਾਵ ਪਿਆ ਹੈ। ਟੈਕਸਟਾਈਲ, ਸੀਫੂਡ ਅਤੇ ਗਹਿਣਿਆਂ ਵਰਗੇ ਖੇਤਰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇੱਕ ਰਿਪੋਰਟ ਅਨੁਸਾਰ ਟੈਰਿਫ਼ ਵਾਧੇ ਕਾਰਨ ਇਸ ਵਿੱਤੀ ਸਾਲ ਵਿੱਚ ਭਾਰਤੀ ਝਿੰਗਾ (shrimp) ਨਿਰਯਾਤ ਵਿੱਚ 15-18% ਦੀ ਗਿਰਾਵਟ ਦੀ ਸੰਭਾਵਨਾ ਹੈ, ਜਿਸ ਨਾਲ 5 ਅਰਬ ਡਾਲਰ ਦਾ ਵਪਾਰ ਖੇਤਰ ਖਤਰੇ ਵਿੱਚ ਹੈ।

ਨਵਾਰੋ ਦੇ ਟਿੱਪਣੀਆਂ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ, ਵਿਰੋਧੀਆਂ ਨੇ ਉਸ ‘ਤੇ ਵੰਡ ਵਾਲੀ ਭਾਸ਼ਾ ਵਰਤਣ ਦਾ ਦੋਸ਼ ਲਾਇਆ ਹੈ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੀਤੇ ਹਾਲੀਆ ਬਿਆਨਾਂ ਨੂੰ ਨਵੀਂ ਦਿੱਲੀ ਵੱਲੋਂ ਗੌਰ ਨਾਲ ਦੇਖਿਆ ਜਾ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ।

Comments

Related