ਦਿੱਲੀ ਵਿਖੇ ਸੀਲੀਅਰ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਨੇ ਸੋਮਵਾਰ 25 ਦਸੰਬਰ ਨੂੰ ਆਪਣੀ ਜਾਗੋ ਪਾਰਟੀ ਦੇ ਸਮੁੱਚੀ ਟੀਮ ਨਾਲ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਨਾਲ ਰਲ ਕੇ ਪਾਰਟੀ ਦੀ ਮਜ਼ਬੂਤੀ ਲਈ ਅਤੇ ਸਾਰੇ ਲਮਕਦੇ ਪੰਥਕ ਮਸਲੇ ਹੱਲ ਕਰਵਾਉਣ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਵਿਚ ਅਕਾਲੀ ਦਲ ਦੀ ਇਕਾਈ ਦੇ ਪ੍ਰਧਾਨ ਤੇ ਸੀਨੀਅਰ ਲੀਡਰਸ਼ਿਪ ਨਾਲ ਮਨਜੀਤ ਸਿੰਘ ਜੀਕੇ ਦੀ ਰਿਹਾਇਸ਼ ’ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮੈਂਬਰ ਤੇ ਸਾਬਕਾ ਕੌਂਸਲਰ ਸਰਦਾਰ ਪਰਮਜੀਤ ਸਿੰਘ ਰਾਣਾ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਏਕਤਾ ਵਾਸਤੇ ਉਨ੍ਹਾਂ ਦੀ ਰਿਹਾਇਸ਼ ’ਤੇ ਆ ਕੇ ਵੱਡਾ ਦਿਲ ਵਿਖਾਇਆ ਹੈ ਤੇ ਉਨ੍ਹਾਂ ਐਲਾਨ ਕੀਤਾ ਕਿ ਉਹ ਬਿਨਾਂ ਸ਼ਰਤ ਆਪਣੀ ਜਾਗੋ ਪਾਰਟੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋ ਰਹੇ ਹਨ।
ਜੀਕੇ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦਿਲੋਂ ਮੰਗੀ ਮੁਆਫੀ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਏਕਤਾ ਸਮੇਂ ਦੀ ਲੋੜ ਹੈ ਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸਾਰੇ ਲਮਕਦੇ ਮਸਲਿਆਂ ਜਿਵੇਂ ਧਾਰਾ 25 (ਉਪ ਧਾਰਾ 2-ਬੀ) ਵਿਚ ਸੋਧ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਤੇ ਗੁਰਦੁਆਰਾ ਡੋਂਗਮਾਰ ਸਾਹਿਬ ਦਾ ਮਾਮਲਾ, ਸ਼੍ਰੋਮਣੀ ਕਮੇਟੀ ਮਾਮਲਿਆਂ ਵਿਚ ਦਖਲ ਬੰਦ ਕਰਨ ਤੇ ਪੰਜਾਬ ਦੇ ਚੰਡੀਗੜ੍ਹ ’ਤੇ ਹੱਕ ਨੂੰ ਖੋਰਾ ਲਾਉਣ ਆਦਿ ਦੇ ਹੱਲ ਵਾਸਤੇ ਇਸਦੀ ਬਹੁਤ ਜ਼ਰੂਰਤ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਇਕਰਾਰ ਤੋਂ ਵਾਪਸ ਭੱਜ ਰਹੀ ਹੈ ਤੇ ਸਰਕਾਰ ’ਤੇ ਦੋਸ਼ ਲਗਾਏ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਤੋਂ ਇਨਕਾਰ ਕਰ ਕੇ ਅਤੇ ਬਿਲਕਿਸ ਬਾਨੋ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਰਿਹਾਅ ਕਰ ਕੇ ਦੋਗਲੇ ਮਾਪਦੰਡ ਅਪਣਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਜੀਕੇ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਤੇ ਕਿਹਾ ਕਿ ਮੇਰੀ ਇਹ ਇੱਛਾ ਹੈ ਕਿ ਪੰਥਕ ਏਕਤਾ ਹੋਵੇ ਤੇ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਦਿੱਲੀ ਵਿਚ ਏਕਤਾ ਹੋ ਗਈ ਹੈ। ਉਨ੍ਹਾਂ ਨੇ ਜੀਕੇ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋ ਪੰਥ ਲਈ ਪਾਏ ਯੋਗਦਾਨ ਤੇ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਦਾ ਜ਼ਿਕਰ ਵੀ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਿਚ ਸਾਰੀਆਂ ਪੰਥਕ ਧਿਰਾਂ ਇਕ ਹੋ ਗਈਆਂ ਹਨ ਤੇ ਉਹ ਪੰਜਾਬ ਵਿਚ ਵੀ ਏਕਤਾ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਪਹਿਲਾਂ ਹੀ ਅਕਾਲੀ ਦਲ ਵਿਚ ਵਾਪਸ ਆ ਗਏ ਹਨ ਤੇ ਮੈਂ ਉਨ੍ਹਾਂ ਨੂੰ ਵੀ ਮੁੜ ਅਪੀਲ ਕਰਦਾ ਹਾਂ ਜੋ ਆਪਣੀ ਮਾਂ ਪਾਰਟੀ ਛੱਡ ਗਏ ਹਨ ਕਿ ਵਾਪਸ ਪਾਰਟੀ ਵਿਚ ਸ਼ਾਮਲ ਹੋਣ।
ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਦੇਸ਼ ਵਿਚ ਦੋ ਤਰੀਕੇ ਦੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਤੇ ਸਿੱਖਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲ ਰਿਹਾ ਭਾਵੇਂ ਕਿ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਨੂੰ ਹੋਏ ਨੂੰ 40 ਸਾਲ ਤੋਂ ਜ਼ਿਆਦਾ ਬੀਤ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਇਕਜੁੱਟ ਹੋ ਗਏ ਤਾਂ ਕੌਮ ਨੂੰ ਦਰਪੇਸ਼ ਸਾਰੇ ਮਸਲੇ ਹੱਲ ਹੋ ਜਾਣਗੇ।
ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜੀਕੇ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਸਿੱਖ ਕੌਮ ਇਕਜੁੱਟ ਨਾ ਹੋਈ ਤਾਂ ਇਤਿਹਾਸ ਕਦੇ ਸਾਨੂੰ ਮੁਆਫ ਨਹੀਂ ਕਰੇਗਾ ਤੇ ਸਾਨੂੰ ਵਿਤਕਰੇ ਵੀ ਝੱਲਣੇ ਪੈਣਗੇ।
ਸਰਨਾ ਨੇ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਦੋ ਵਾਰ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ। ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ’ਤੇ ਮੁਆਫੀ ਮੰਗੀ ਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ। ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਦੇ ਤਰੀਕੇ ’ਤੇ ਕਿੰਤੂ ਕਰਨ ਦਾ ਹੁਣ ਕੋਈ ਸਵਾਲ ਹੀ ਨਹੀਂ ਰਹਿ ਗਿਆ।
ਅਕਾਲੀ ਦਲ ਸਿੱਖ ਅਬਾਦੀ ਵਾਲੇ ਸਾਰੇ ਰਾਜਾਂ ਵਿਚ ਪਾਰਟੀ ਇਕਾਈਆਂ ਸਥਾਪਿਤ ਕਰੇਗਾ: ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪਾਰਟੀ ਵੱਲੋਂ ਸਿੱਖ ਅਬਾਦੀ ਵਾਲੇ ਸਾਰੇ ਰਾਜਾਂ ਵਿੱਚ ਪਾਰਟੀ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਨੇ ਸ੍ਰੀ ਪਟਨਾ ਸਾਹਿਬ ਤੇ ਮੁੰਬਈ ਦੀ ਸਿੱਖ ਸੰਗਤ ਨਾਲ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਮਗਰੋਂ ਇਹ ਐਲਾਨ ਕੀਤਾ।
ਉਨ੍ਹਾਂ ਐਲਾਨ ਕੀਤਾ ਕਿ 30 ਦਸੰਬਰ ਨੂੰ ਇਸ ਉਦੇਸ਼ ਨਾਲ ਅਕਾਲੀ ਦਲ ਦੀ ਇਕ ਕਮੇਟੀ ਸ੍ਰੀ ਪਟਨਾ ਸਾਹਿਬ ਜਾਵੇਗੀ। ਇਹ ਕਮੇਟੀ ਨਾ ਸਿਰਫ ਉਥੇ ਸਥਾਨਕ ਸਿੱਖ ਸੰਗਤ ਨਾਲ ਮੀਟਿੰਗਾਂ ਕਰੇਗੀ ਬਲਕਿ ਇਕਾਈ ਸਥਾਪਿਤ ਕਰਨ ਵਾਸਤੇ ਲੋੜੀਂਦੇ ਸਾਰੇ ਪ੍ਰਬੰਧ ਵੀ ਕਰੇਗੀ।
ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਤੋਂ ਬਾਅਦ ਕਮੇਟੀ ਹੋਰ ਰਾਜਾਂ ਵਿਚ ਜਾਵੇਗੀ ਜਿਥੋਂ ਮੰਗ ਆ ਰਹੀ ਹੋਵੇਗੀ।
ਮੀਡੀਆ ਦੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਵਿਚ ਪੰਥਕ ਏਕਤਾ ਕਰਵਾਉਣ ਦੇ ਹਿੱਸੇ ਵਜੋਂ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਵੱਖ-ਵੱਖ ਚੁਣੌਤੀਆਂ ਦਰਪੇਸ਼ ਹਨ ਤੇ ਇਹ ਤਾਂ ਹੀ ਹੱਲ ਹੋ ਸਕਦੀਆਂ ਹਨ ਜੇਕਰ ਸਾਰਾ ਪੰਥ ਇੱਕ ਝੰਡੇ ਥੱਲੇ ਇਕਜੁੱਟ ਹੋਵੇ।
Comments
Start the conversation
Become a member of New India Abroad to start commenting.
Sign Up Now
Already have an account? Login