ADVERTISEMENT

ADVERTISEMENT

ਮਮਦਾਨੀ ਵੱਲੋਂ ਨਿਉਯਾਰਕ ਦੇ ਗੁਰਦੁਆਰੇ ‘ਚ ਮੋਦੀ ‘ਤੇ ਕੀਤੀ ਟਿੱਪਣੀ ਨੇ ਛੇੜਿਆ ਵਿਵਾਦ

ਮਮਦਾਨੀ ਨੇ ਕਿਹ ਕਿ ਮੋਦੀ ਸਰਕਾਰ ਘੱਟ ਗਿਣਤੀਆਂ 'ਤੇ ਹਿੰਸਾ ਕਰ ਰਹੀ ਹੈ

zohran mamdani / x

 ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਡੈਮੋਕ੍ਰੈਟ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਸ਼ੁੱਕਰਵਾਰ ਨੂੰ ਇੱਕ ਗੁਰਦੁਆਰੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਰੁੱਧ ਵਿਵਾਦਤ ਬਿਆਨ ਦਿੱਤਾ। ਉਹਨਾਂ ਕਿਹਾ ਕਿ ਮੋਦੀ ਅਤੇ ਭਾਰਤ ਸਰਕਾਰ ਘੱਟਗਿਣਤੀਆਂ ਖ਼ਿਲਾਫ਼ ਹਿੰਸਾ ਦੀ ਨੀਤੀ ਅਪਣਾਉਂਦੇ ਹਨ। 

ਮਮਦਾਨੀ ਨੇ ਕਿਹਾ ਕਿ ਮੇਅਰ ਐਰਿਕ ਐਡਮਜ਼ ਨੇ ਸ਼ਹਿਰ ਵਿੱਚ ਰਹਿਣਾ ਬਹੁਤ ਮਹਿੰਗਾ ਕਰ ਦਿੱਤਾ ਹੈ ਅਤੇ ਨਾਲ ਹੀ ਮੋਦੀ ਅਤੇ ਭਾਰਤ ਸਰਕਾਰ ਨਾਲ ਨਜ਼ਦੀਕੀ ਵਧਾਈ ਹੈ, ਜੋ ਸਾਡੀ ਕਮਿਉਨਟੀ ਖ਼ਿਲਾਫ਼ ਹਿੰਸਕ ਨੀਤੀਆਂ ਅਪਣਾਉਂਦੇ ਹਨ। ਇਸ ਟਿੱਪਣੀ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।



ਭਾਰਤ ਦੇ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਇਸ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ। ਉਹਨਾਂ ਕਿਹਾ ਕਿ “ਨਿਊਯਾਰਕ ਦੇ ਲੋਕ ਕਿਸ ਨੂੰ ਮੇਅਰ ਚੁਣਦੇ ਹਨ, ਇਹ ਸਾਡਾ ਮਾਮਲਾ ਨਹੀਂ ਹੈ, ਪਰ ਜ਼ੋਹਰਾਨ ਨੇ ਗੁਰਦੁਆਰੇ ਵਿੱਚ ਜੋ ਕਿਹਾ, ਉਹ ਚਿੰਤਾਜਨਕ ਹੈ।” ਉਹਨਾਂ ਸਵਾਲ ਕੀਤਾ, “ਮਮਦਾਨੀ ਦੀ ਸਕ੍ਰਿਪਟ ਕੌਣ ਲਿਖ ਰਿਹਾ ਹੈ? ਗੁਰਪਤਵੰਤ ਸਿੰਘ ਪੰਨੂ?”

ਇਹ ਪਹਿਲੀ ਵਾਰ ਨਹੀਂ ਹੈ ਕਿ ਮਮਦਾਨੀ ਕਿਸੇ ਵਿਵਾਦ ਵਿੱਚ ਫਸੇ ਹੋਣ। ਕੁਝ ਦਿਨ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ 'ਤੇ ਇਸਲਾਮਿਕ ਕੱਟੜਪੰਥੀਆਂ ਨਾਲ ਨੇੜਤਾ ਰੱਖਣ ਦਾ ਦੋਸ਼ ਲਗਾਇਆ ਸੀ। ਦਰਅਸਲ, 18 ਅਕਤੂਬਰ ਨੂੰ ਮਮਦਾਨੀ ਬ੍ਰੂਕਲਿਨ ਦੇ ਇਮਾਮ ਸਿਰਾਜ ਵਹਾਜ ਨਾਲ ਹੱਸਦੇ ਅਤੇ ਤਸਵੀਰ ਖਿੱਚਦੇ ਨਜ਼ਰ ਆਏ ਸਨ। ਵਹਾਜ 'ਤੇ 1993 ਦੇ ਵਰਲਡ ਟਰੇਡ ਸੈਂਟਰ ਵਿਸਫੋਟ ਦੀ ਸਾਜ਼ਿਸ਼ ਰਚਣ ਅਤੇ ਮੁਸਲਮਾਨਾਂ ਨੂੰ ਜਿਹਾਦ ਲਈ ਉਕਸਾਉਣ ਦਾ ਦੋਸ਼ ਹੈ।

ਤਸਵੀਰ ਵਾਇਰਲ ਹੋਣ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, “ਇਹ ਅਨਰਥ ਹੋ ਰਿਹਾ ਹੈ। ਸ਼ਰਮ ਦੀ ਗੱਲ ਹੈ ਕਿ ਸਿਰਾਜ ਵਹਾਜ ਵਰਗਾ ਵਿਅਕਤੀ ਮਮਦਾਨੀ ਦਾ ਸਮਰਥਨ ਕਰ ਰਿਹਾ ਹੈ ਅਤੇ ਉਸ ਨਾਲ ਦੋਸਤੀ ਨਿਭਾਅ ਰਿਹਾ ਹੈ। ਇਸੇ ਨੇ ਹੀ ਵਰਲਡ ਟਰੇਡ ਸੈਂਟਰ ਨੂੰ ਉਡਾਉਣ ਦੀ ਸਾਜ਼ਿਸ਼ ਰਚੀ ਸੀ।”

ਡੈਮੋਕ੍ਰੇਟਿਕ ਮੇਅਰ ਉਮੀਦਵਾਰ ਮਮਦਾਨੀ ਚੋਣ ਪ੍ਰਚਾਰ ਲਈ ਇੱਕ ਮਸਜਿਦ ਗਏ ਸਨ। ਉੱਥੇ, ਉਨ੍ਹਾਂ ਨੇ ਇਮਾਮ ਵਹਾਜ ਨਾਲ ਇੱਕ ਤਸਵੀਰ ਖਿੱਚੀ ਸੀ। / Staff Reporter

ਦੱਸ ਦਈਏ ਕਿ ਜ਼ੋਹਰਾਨ ਮਮਦਾਨੀ ਭਾਰਤੀ-ਅਮਰੀਕੀ ਫ਼ਿਲਮ ਨਿਰਦੇਸ਼ਕ ਮੀਰਾ ਨਾਇਰ ਦੇ ਪੁੱਤਰ ਹਨ। ਉਹਨਾਂ ਦਾ ਜਨਮ ਯੂਗਾਂਡਾ ਵਿੱਚ ਹੋਇਆ ਪਰ ਉਹ ਅਮਰੀਕਾ ਵਿੱਚ ਪਲੇ-ਵਧੇ ਹਨ। ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, 2018 ਵਿੱਚ ਮਮਦਾਨੀ ਨੂੰ ਅਮਰੀਕੀ ਨਾਗਰਿਕਤਾ ਮਿਲੀ।
ਉਹਨਾਂ ਨੇ ਕਵੀਨਜ਼ ਅਤੇ ਬ੍ਰੂਕਲਿਨ ਵਿੱਚ ਡੈਮੋਕ੍ਰੈਟਿਕ ਉਮੀਦਵਾਰਾਂ ਨਾਲ ਕੰਮ ਕਰਦਿਆਂ ਰਾਜਨੀਤੀ ਸਿੱਖੀ।

ਦੋ ਸਾਲ ਬਾਅਦ, 2020 ਵਿੱਚ ਉਹ ਪਹਿਲੀ ਵਾਰ ਨਿਊਯਾਰਕ ਸਟੇਟ ਅਸੈਂਬਲੀ ਦੇ ਚੋਣਾਂ ਵਿੱਚ ਕਵੀਨਜ਼ ਦੇ ਐਸਟੋਰਿਆ ਇਲਾਕੇ ਤੋਂ ਜਿੱਤੇ। ਉਹ ਐਸਟੋਰਿਆ ਅਤੇ ਆਲੇ-ਦੁਆਲੇ ਦੇ ਖੇਤਰਾਂ ਦਾ ਪ੍ਰਤੀਨਿਧਤਾ ਕਰਦੇ ਹਨ।

ਬੈਟਿੰਗ ਵੈਬਸਾਈਟ ਪੌਲੀਮਾਰਕੇਟ ਮੁਤਾਬਕ, ਜ਼ੋਹਰਾਨ ਮਮਦਾਨੀ ਦੇ ਮੇਅਰ ਬਣਨ ਦੀ ਸੰਭਾਵਨਾ 96% ਹੈ, ਉਹਨਾਂ ਦਾ ਸਭ ਤੋਂ ਵੱਡਾ ਮੁਕਾਬਲਾ ਐਂਡਰਿਊ ਕਿਊਮੋ  ਨਾਲ ਹੈ, ਜਿਸ ਦੇ ਜਿੱਤਣ ਦੇ ਚਾਂਸ ਕਰੀਬ 4% ਹਨ। ਮਮਦਾਨੀ ਨੇ ਜੂਨ ਵਿੱਚ ਹੋਏ ਪਹਿਲੇ ਰਾਊਂਡ ਵਿੱਚ ਕਿਊਮੋ ਨੂੰ ਹਰਾਇਆ ਸੀ, ਜਿਸ ਤੋਂ ਬਾਅਦ ਉਹਨਾਂ ਦੀ ਲੋਕਪ੍ਰਿਯਤਾ ਵਧਦੀ ਗਈ। ਲੋਕ ਉਹਨਾਂ ਨੂੰ ਪਸੰਦ ਕਰ ਰਹੇ ਹਨ ਕਿਉਂਕਿ ਉਹ ਕਿਰਾਏ ਘਟਾਉਣ, ਬੱਸ ਸੇਵਾ ਮੁਫ਼ਤ ਕਰਨ, ਸਸਤੀਆਂ ਦੁਕਾਨਾਂ ਖੋਲ੍ਹਣ ਅਤੇ ਅਮੀਰਾਂ 'ਤੇ ਵੱਧ ਟੈਕਸ ਲਗਾਉਣ ਦਾ ਵਾਅਦਾ ਕਰ ਰਹੇ ਹਨ। ਜਵਾਨ, ਗਰੀਬ ਅਤੇ ਘੱਟਗਿਣਤੀ ਵਰਗ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ ਅਤੇ ਬਰਨੀ ਸੈਂਡਰਜ਼ ਵਰਗੇ ਵੱਡੇ ਨੇਤਾ ਵੀ ਉਨ੍ਹਾਂ ਦੇ ਨਾਲ ਹਨ। 

Comments

Related