ADVERTISEMENT

ADVERTISEMENT

ਜਥੇਦਾਰ ਗੜਗੱਜ ਤੇ ਭਾਈ ਗਰੇਵਾਲ ਦਾ ਝਾਰਖੰਡ ਪਹੁੰਚਣ ’ਤੇ ਸੰਗਤ ਵੱਲੋਂ ਭਰਵਾਂ ਸੁਆਗਤ

ਜਥੇਦਾਰ ਗੜਗੱਜ ਅਤੇ ਭਾਈ ਗਰੇਵਾਲ ਝਾਰਖੰਡ ਦੇ ਦੋ ਦਿਨਾਂ ਦੌਰੇ 'ਤੇ ਹਨ

ਝਾਰਖੰਡ ਵਿਖੇ ਸਵਾਗਤ ਦੀਆਂ ਤਸਵੀਰਾਂ / Courtesy Photo

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਸਿੱਖੀ ਪ੍ਰਚਾਰ-ਪ੍ਰਸਾਰ ਲਈ ਝਾਰਖੰਡ ਸੂਬੇ ਦੇ ਰਾਂਚੀ ਅਤੇ ਜਮਸ਼ੇਦਪੁਰ ਸ਼ਹਿਰ ਪਹੁੰਚੇ। ਇਸ ਦੌਰਾਨ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਮਾਨਗੋ, ਜਮਸ਼ੇਦਪੁਰ ਪਹੁੰਚਣ ਉੱਤੇ ਇਲਾਕੇ ਦੀ ਸਿੱਖ ਸੰਗਤ ਨੇ ਜਥੇਦਾਰ ਗੜਗੱਜ ਅਤੇ ਭਾਈ ਗਰੇਵਾਲ ਦਾ ਜੈਕਾਰਿਆਂ ਦੀ ਗੂੰਜ 'ਚ ਭਰਵਾਂ ਸੁਆਗਤ ਤੇ ਮਾਨ ਸਨਮਾਨ ਕੀਤਾ।

ਇਸ ਸਬੰਧੀ ਰਾਂਚੀ ਤੋਂ ਜਾਣਕਾਰੀ ਦਿੰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਭਰ ਵਿੱਚ ਸਿੱਖ ਸੰਸਥਾਵਾਂ ਦੇ ਤਾਲਮੇਲ ਨਾਲ ਸਿੱਖੀ ਪ੍ਰਚਾਰ ਦੇ ਕਾਰਜ ਵੱਡੇ ਪੱਧਰ ਉੱਤੇ ਕੀਤੇ ਜਾਂਦੇ ਹਨ ਅਤੇ ਅਜਿਹੇ ਹੀ ਸਾਂਝੇ ਉਪਰਾਲੇ ਤਹਿਤ ਦ ਸਿੱਖ ਫ਼ੋਰਮ ਐਂਡ ਸਿੱਖ ਵੈਲਫੇਅਰ ਐਸੋਸੀਏਸ਼ਨ, ਕਲਕੱਤਾ ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਮਾਨਗੋ, ਜਮਸ਼ੇਦਪੁਰ ਦੇ ਸਹਿਯੋਗ ਨਾਲ 55ਵਾਂ ਗੁਰਮਤਿ ਸਿਖਲਾਈ ਕੈਂਪ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੈਂਪ ਵਿੱਚ ਭਾਗ ਲੈ ਰਹੇ ਬੱਚਿਆਂ ਨੂੰ ਸੰਬੋਧਨ ਕਰਕੇ ਉਨ੍ਹਾਂ ਨੂੰ ਸਿੱਖੀ ਪ੍ਰਰੰਪਰਾਵਾਂ ਤੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਪ੍ਰੇਰਿਤ ਕਰਨਗੇ।

ਜਥੇਦਾਰ ਗੜਗੱਜ ਅਤੇ ਭਾਈ ਗਰੇਵਾਲ ਝਾਰਖੰਡ ਦੇ ਦੋ ਦਿਨਾਂ ਦੌਰੇ 'ਤੇ ਹਨ ਜਿਸ ਦੌਰਾਨ ਉਹ ਜਮਸ਼ੇਦਪੁਰ ਅਤੇ ਰਾਂਚੀ ਵਿਖੇ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨਗੇ। ਇਸ ਮੌਕੇ ਸਿੱਖ ਮਿਸ਼ਨ ਕਲਕੱਤਾ ਪੂਰਵੀ ਦੇ ਇੰਚਾਰਜ ਸ. ਜਗਮੋਹਨ ਸਿੰਘ ਗਿੱਲ, ਸ. ਸਵਿੰਦਰ ਸਿੰਘ, ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ ਦੇ ਪ੍ਰਧਾਨ ਸ. ਭਗਵਾਨ ਸਿੰਘ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Comments

Related