ADVERTISEMENT

ADVERTISEMENT

ਇਰਾਨ ਨੇ ਇਜ਼ਰਾਈਲ ਨੂੰ ਜੰਗ ਰੋਕਣ ਲਈ ਭਾਰਤ ਤੋਂ ਮੰਗਿਆ ਸਹਿਯੋਗ

ਭਾਰਤ 'ਚ ਇਰਾਨ ਦੇ ਡਿਪਟੀ ਰਾਜਦੂਤ ਮੁਹੰਮਦ ਜਾਵੇਦ ਹੁਸੈਨੀ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਦੀ ਖੁੱਲ੍ਹ ਕੇ ਨਿੰਦਾ ਕਰੇ ਤੇ ਉਸ ’ਤੇ ਦਬਾਅ ਪਾਏ।

ਇਰਾਨ-ਇਜ਼ਰਾਈਲ ਜੰਗ / France 24

ਭਾਰਤ ਵਿਚ ਇਰਾਨ ਦੇ ਡਿਪਟੀ ਰਾਜਦੂਤ ਮੁਹੰਮਦ ਜਾਵੇਦ ਹੁਸੈਨੀ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਦੀ ਖੁੱਲ੍ਹ ਕੇ ਨਿੰਦਾ ਕਰੇ ਤੇ ਉਸ ’ਤੇ ਦਬਾਅ ਪਾਏ। ਉਨ੍ਹਾਂ ਕਿਹਾ ਕਿ ਭਾਰਤ ਵਰਗਾ ਵੱਡਾ ਅਤੇ ਸ਼ਾਂਤੀ ਪਸੰਦ ਦੇਸ਼ ਜੋ ਵਿਸ਼ਵ ਦੀ ਆਵਾਜ਼ ਬਣ ਚੁੱਕਾ ਹੈ, ਉਸਨੂੰ ਇਜ਼ਰਾਈਲ ਦੀ ਆਲੋਚਨਾ ਕਰਕੇ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਹੁਸੈਨੀ ਨੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਨਿਰਪੱਖਤਾ ’ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਏਜੰਸੀ ਨੇ ਖੁਦ ਕਿਹਾ ਸੀ ਕਿ ਇਰਾਨ ਵਲੋਂ ਕੋਈ ਫ਼ੌਜੀ ਪਰਮਾਣੂ ਗਤੀਵਿਧੀ ਨਹੀਂ ਚੱਲ ਰਹੀ ਹੈ। ਫਿਰ ਵੀ ਉਨ੍ਹਾਂ ਨੇ ਇਜ਼ਰਾਈਲ ਦਾ ਪੱਖ ਲੈ ਕੇ ਇਰਾਨ ਵਿਰੁਧ ਫ਼ੌਜੀ ਕਾਰਵਾਈ ਦਾ ਸਮਰਥਨ ਕੀਤਾ। ਇਸ ਨਾਲ ਏਜੰਸੀ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੋਏ ਹਨ।

ਮੁਹੰਮਦ ਜਾਵੇਦ ਹੁਸੈਨੀ ਨੇ ਕਿਹਾ ਕਿ ਜੇ ਅਕਤੂਬਰ ਵਿਚ ਹਮਾਸ ਵਿਰੁਧ ਕੀਤੇ ਗਏ ਹਮਲਿਆਂ ਦੌਰਾਨ ਇਜ਼ਰਾਈਲ ਦੀ ਵਿਸ਼ਵ ਪੱਧਰ ’ਤੇ ਨਿੰਦਾ ਕੀਤੀ ਜਾਂਦੀ ਤਾਂ ਉਹ ਕਦੇ ਵੀ ਇਰਾਨ’ਤੇ ਹਮਲਾ ਕਰਨ ਦੀ ਹਿੰਮਤ ਨਾ ਕਰਦਾ। ਹੁਸੈਨੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਇਰਾਨ ਦੀ ਰੱਖਿਆ ਨੀਤੀ ਵਿਚ ਪ੍ਰਮਾਣੂ ਹਥਿਆਰਾਂ ਦੀ ਕੋਈ ਜਗ੍ਹਾ ਨਹੀਂ ਹੈ ਅਤੇ ਦੇਸ਼ ਨੂੰ ਆਪਣੀ ਸੁਰੱਖਿਆ ਲਈ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਲੋਕ ਖੁੱਲ੍ਹ ਕੇ ਸ਼ਾਸਨ ਤਬਦੀਲੀ ਬਾਰੇ ਗੱਲ ਕਰ ਰਹੇ ਹਨ, ਅਜਿਹਾ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਅਸਲ ਮਨੋਰਥ ਹੈ। ਪਾਕਿਸਤਾਨੀ ਫ਼ੌਜ ਮੁਖੀ ਦੇ ਅਮਰੀਕਾ ਦੌਰੇ ਤੋਂ ਬਾਅਦ ਕੀ ਅਮਰੀਕਾ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕਰੇਗਾ? ਇਸ ਸਵਾਲ 'ਤੇੇ ਹੁਸੈਨੀ ਨੇ ਉਮੀਦ ਪ੍ਰਗਟਾਈ ਕਿ ਪਾਕਿਸਤਾਨ ਅਜਿਹੇ ਕਿਸੇ ਵੀ ਕਦਮ ਵਿਚ ਸ਼ਾਮਲ ਨਹੀਂ ਹੋਵੇਗਾ ਤੇ ਇਜ਼ਰਾਈਲੀ ਹਮਲਿਆਂ ਵਿਰੁਧ ਇਰਾਨ ਦਾ ਸਮਰਥਨ ਕਰੇਗਾ।

*ਹਮਲੇ ’ਚ ਇਰਾਨ ਦੇ ਪ੍ਰਮਾਣੂ ਵਿਗਿਆਨੀ ਦੀ ਮੌਤ*

20 ਜੂਨ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਗੀਸ਼ਾ ਖੇਤਰ ਵਿਚ ਇਕ ਵੱਡੇ ਧਮਾਕੇ ਵਿਚ ਇਕ ਪ੍ਰਮਾਣੂ ਵਿਗਿਆਨੀ ਦੀ ਮੌਤ ਹੋ ਗਈ। ਇਜ਼ਰਾਈਲੀ ਮੀਡੀਆ ਕਾਨ ਨਿਊਜ਼ ਦੇ ਮੁਤਾਬਕ ਇਕ ਇਜ਼ਰਾਈਲੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਜ਼ਰਾਈਲੀ ਫ਼ੌਜ ਦੁਆਰਾ ਕੀਤਾ ਗਿਆ ਸੀ। ਹਾਲਾਂਕਿ ਇਰਾਨੀ ਸਰਕਾਰ ਵਲੋਂ ਹੁਣ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਇਸ ਘਟਨਾ ਨੇ ਦੋਹਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰਨ ਮਾਹੌਲ ਨੂੰ ਹੋਰ ਵਧਾ ਦਿਤਾ ਹੈ। ਇਸ ਦੇ ਨਾਲ ਹੀ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਿੰਨਾ ਚਿਰ ਇਜ਼ਰਾਈਲੀ ਹਮਲੇ ਜਾਰੀ ਰਹਿਣਗੇ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਨਾਲ ਇਸ ਮੁੱਦੇ ’ਤੇ ਕੋਈ ਗੱਲਬਾਤ ਨਹੀਂ ਹੋਵੇਗੀ।

ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇਜ਼ਰਾਈਲੀ ਹਮਲਿਆਂ ਬਾਰੇ ਸਖ਼ਤ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਦਾ ਇਕੋ ਇਕ ਰਸਤਾ ਇਹ ਹੈ ਕਿ ਇਜ਼ਰਾਈਲੀ ਹਮਲੇ ਤੁਰੰਤ ਅਤੇ ਬਿਨਾਂ ਸ਼ਰਤ ਬੰਦ ਕੀਤੇ ਜਾਣ। ਪੇਜ਼ੇਸ਼ਕੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਇਜ਼ਰਾਈਲ ਵਲੋਂ ਹਮਲੇ ਜਾਰੀ ਰਹੇ ਤਾਂ ਇਰਾਨ ਹੋਰ ਵੀ ਸਖ਼ਤ ਜਵਾਬ ਦੇਣ ਲਈ ਮਜਬੂਰ ਹੋਵੇਗਾ।

*ਨੇਤਨਯਾਹੂ ਦਾ ਬਿਆਨ*

ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਇਕ ਅਜਿਹਾ ਬਿਆਨ ਦਿਤਾ, ਜਿਸ ਕਾਰਨ ਉਹ ਤਿੱਖੀ ਆਲੋਚਨਾ ਦੇ ਘੇਰੇ ’ਚ ਆ ਗਏ ਹਨ।ਨੇਤਨਯਾਹੂ ਦੇ ਇਸ ਬਿਆਨ ’ਤੇ ਇਜ਼ਰਾਈਲ ਦੇ ਲੋਕਾਂ ਨੇ ਹੀ ਉਨ੍ਹਾਂ ਦੇ ਵਿਰੁਧ ਰੋਸ ਪ੍ਰਗਟ ਕੀਤਾ। ਨੇਤਨਯਾਹੂ ਨੇ ਕਿਹਾ ਕਿ ਜੰਗ ਦੀ ਨਿਜੀ ਕੀਮਤ ਇਹ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਵਿਆਹ ਦੀ ਤਾਰੀਕ ਮੁਲਤਵੀ ਕਰਨੀ ਪਈ। ਅਸਲ ਵਿਚ ਇਰਾਨ ਵਲੋਂ ਇਜ਼ਰਾਈਲ ਦੇ ਸੋਰੋਕਾ ਹਸਪਤਾਲ ’ਤੇ ਹਮਲਾ ਕੀਤਾ ਗਿਆ ਸੀ।ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਹਸਪਤਾਲ ਦਾ ਦੌਰਾ ਕੀਤਾ।ਜੰਗ ਵਿਚ ਲੋਕ ਅਪਣੀ ਜਾਨ ਗਵਾ ਰਹੇ ਹਨ, ਹਰ ਕੋਈ ਨਿੱਜੀ ਤੌਰ ’ਤੇ ਕਿਸੇ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਮੇਰਾ ਪਰਿਵਾਰ ਵੀ ਇਸ ਤੋਂ ਬਚ ਨਹੀਂ ਸਕਿਆ।’ ਨੇਤਨਯਾਹੂ ਦੇ ਬਿਆਨ ਤੋਂ ਬਾਅਦ ਇਜ਼ਰਾਈਲ ਦੇ ਲੋਕ ਨਾਰਾਜ਼ ਹੋ ਗਏ। ਇਜ਼ਰਾਈਲੀਆਂ ਨੇ ਵੱਡੀ ਗਿਣਤੀ ’ਚ ਸੋਸ਼ਲ ਮੀਡੀਆ ’ਤੇ ਅਪਣੀ ਪ੍ਰਤਿਕਿਰਿਆ ਦਿੱਤੀ। ਲੋਕਾਂ ਨੇ ਦੋਸ਼ ਲਾਏ ਕਿ ਨੇਤਨਯਾਹੂ ਜਨਤਾ ਦੀ ਪਰੇਸ਼ਾਨੀ ਦੀ ਥਾਂ ਖ਼ੁਦ ਨੂੰ ਤਰਜੀਹ ਦੇ ਰਹੇ ਹਨ।

Comments

Related