ADVERTISEMENTs

ਭਾਰਤ-ਅਮਰੀਕਾ ਸਮਝੌਤਾ: ਟੈਰਿਫ 50% ਤੋਂ ਘਟ ਕੇ 15%! ਟਰੰਪ ਦਾ ਵੱਡਾ ਤੋਹਫ਼ਾ

ਖਬਰਾਂ ਮੁਤਾਬਕ, ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਬੰਧੀ ਇੱਕ ਮਹੱਤਵਪੂਰਨ ਡੀਲ ਵੀ ਹੋਣ ਵਾਲੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ / facebook and instagram

ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਿਹਾ ਟੈਰਿਫ ਵਿਵਾਦ ਜਲਦ ਹੀ ਸਮਾਪਤ ਹੋ ਸਕਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਮਝੌਤਾ ਵੀ ਆਪਣੀ ਆਖ਼ਰੀ ਮੰਜ਼ਿਲ 'ਤੇ ਪਹੁੰਚ ਰਿਹਾ ਹੈ। ਇਹ ਸਮਝੌਤਾ ਭਾਰਤ ਤੇ ਅਮਰੀਕਾ ਵਿਚਕਾਰ ਕਈ ਸਾਲਾਂ ਤੋਂ ਚੱਲ ਰਹੀਆਂ ਗੱਲਬਾਤਾਂ ਦਾ ਨਤੀਜਾ ਹੋਵੇਗਾ। ਇਸਦੀ ਜਾਣਕਾਰੀ ਨਿਊਜ਼ ਚੈਨਲ ‘Mint’ ਵੱਲੋਂ ਜਾਰੀ ਕੀਤੀ ਗਈ ਹੈ।

ਸਮਝੌਤੇ ਤਹਿਤ, ਅਮਰੀਕਾ ਭਾਰਤੀ ਉਤਪਾਦਾਂ 'ਤੇ ਲੱਗੇ 50% ਟੈਰਿਫ ਨੂੰ ਘਟਾ ਕੇ 15-16% ਕਰ ਸਕਦਾ ਹੈ। ਟੈਰਿਫ ਵਿਚ ਇਹ ਗਿਰਾਵਟ ਭਾਰਤ ਦੇ ਕੱਪੜਾ, ਇੰਜੀਨੀਅਰਿੰਗ ਤੇ ਦਵਾਈਆਂ ਵਰਗੇ ਸੈਕਟਰਾਂ ਲਈ ਅਮਰੀਕੀ ਮਾਰਕੀਟ ਵਿੱਚ ਮੁਕਾਬਲੇਯੋਗਤਾ ਵਧਾ ਸਕਦੀ ਹੈ।

ਇਹ ਟ੍ਰੇਡ ਡੀਲ ਖਾਸ ਕਰਕੇ ਐਗਰੀਕਲਚਰ ਅਤੇ ਐਨਰਜੀ ਸੈਕਟਰ 'ਤੇ ਧਿਆਨ ਕੇਂਦਰਤ ਕਰੇਗੀ। ਰਿਪੋਰਟ ਮੁਤਾਬਕ, ਭਾਰਤ ਰੂਸ ਤੋਂ ਕੱਚੇ ਤੇਲ ਦੀ ਖਰੀਦ ਵਿੱਚ ਕਮੀ ਕਰ ਸਕਦਾ ਹੈ – ਜਿਸ ਦੀ ਮੰਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ। ਡੀਲ ਤਹਿਤ, ਭਾਰਤ ਜੀਐਮ-ਮੁਕਤ ਅਮਰੀਕੀ ਮੱਕੀ ਅਤੇ ਸੋਯਾ ਮਿਲ ਵਰਗੇ ਉਤਪਾਦਾਂ ਦੇ ਆਯਾਤ ਦੀ ਇਜਾਜ਼ਤ ਦੇ ਸਕਦਾ ਹੈ, ਜੋ ਕਿ ਅਮਰੀਕਾ ਲਈ ਭਾਰਤੀ ਐਗਰੀ ਮਾਰਕੀਟ ਤੱਕ ਪਹੁੰਚ ਨੂੰ ਅਸਾਨ ਕਰੇਗਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸਮਝੌਤਾ ਅਕਤੂਬਰ ਦੇ ਅੰਤ ਵਿਚ ਹੋਣ ਵਾਲੇ ਆਸੀਅਨ ਸਿਖਰ ਸੰਮੇਲਨ ਤੋਂ ਪਹਿਲਾਂ ਤੈਅ ਹੋ ਸਕਦਾ ਹੈ। ਇਸ ਤੋਂ ਬਾਅਦ ਇਸਦਾ ਸਰਕਾਰੀ ਐਲਾਨ ਕੀਤਾ ਜਾ ਸਕਦਾ ਹੈ। 

ਦਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਨੇ ਉਨ੍ਹਾਂ ਨੂੰ ਰੂਸੀ ਤੇਲ ਖਰੀਦ ਘਟਾਉਣ ਦੀ ਸਹਿਮਤੀ ਦਿੱਤੀ ਹੈ। ਹਾਲਾਂਕਿ ਨਵੀਂ ਦਿੱਲੀ ਵੱਲੋਂ ਕਿਹਾ ਗਿਆ ਕਿ ਰੂਸੀ ਤੇਲ 'ਤੇ ਕੋਈ ਗੱਲ ਨਹੀਂ ਹੋਈ।

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ, ਟਰੰਪ ਅਤੇ ਮੋਦੀ ਵਿਚਕਾਰ ਟੈਲੀਫ਼ੋਨ 'ਤੇ ਗੱਲਬਾਤ ਹੋਈ। ਟਰੰਪ ਨੇ ਦੱਸਿਆ ਕਿ ਇਹ ਗੱਲਬਾਤ ਵਪਾਰ ਅਤੇ ਊਰਜਾ ਸਹਿਯੋਗ 'ਤੇ ਕੇਂਦਰਤ ਸੀ। ਮੋਦੀ ਨੇ ਵੀ ਐਕਸ 'ਤੇ ਪੋਸਟ ਕਰਕੇ ਟਰੰਪ ਦਾ ਧੰਨਵਾਦ ਕੀਤਾ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਸਾਂਝੀਆਂ ਕੀਤੀਆਂ।

ਮੋਦੀ ਨੇ ਲਿਖਿਆ, “ਰਾਸ਼ਟਰਪਤੀ ਟਰੰਪ, ਤੁਹਾਡੀ ਫੋਨ ਕਾਲ ਅਤੇ ਦੀਵਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ ਲਈ ਧੰਨਵਾਦ। ਰੋਸ਼ਨੀ ਦੇ ਇਸ ਤਿਉਹਾਰ 'ਤੇ, ਸਾਡੇ ਦੋ ਮਹਾਨ ਲੋਕਤੰਤਰ ਦੁਨੀਆ ਨੂੰ ਆਸ਼ਾ ਦੀ ਕਿਰਨ ਵਿਖਾਉਂਦੇ ਰਹਿਣ ਅਤੇ ਹਰ ਕਿਸਮ ਦੇ ਅੱਤਵਾਦ ਦੇ ਖਿਲਾਫ਼ ਇਕੱਠੇ ਖੜੇ ਰਹਿਣ।”

 



ਹਾਲਾਂਕਿ ਮੋਦੀ ਨੇ ਵਪਾਰਕ ਚਰਚਾ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਉਨ੍ਹਾਂ ਦੇ ਸੰਦੇਸ਼ ਤੋਂ ਸੰਕੇਤ ਮਿਲਿਆ ਕਿ ਦੋਵੇਂ ਧਿਰਾਂ ਸੰਭਾਵਿਤ ਸਮਝੌਤੇ ਤੋਂ ਪਹਿਲਾਂ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੀਆਂ ਹਨ।

Comments

Related