ADVERTISEMENT

ADVERTISEMENT

'ਇੰਡੀਆ ਸੌਫਟ 2026' ਦਾ ਆਯੋਜਨ-ਦਿੱਲੀ ਦੇ ਐਲ.ਜੀ ਤਰਨਜੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

80 ਤੋਂ ਵੱਧ ਦੇਸ਼ਾਂ ਦੇ ਲਗਭਗ 700 ਅੰਤਰਰਾਸ਼ਟਰੀ ਖਰੀਦਦਾਰ ਵੀ ਹੋਏ ਸ਼ਾਮਲ

ਇੰਡੀਆਸੌਫਟ 2026 ਵਿੱਚ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ / Staff Reporter

ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 'ਇੰਡੀਆ ਸੌਫਟ 2026' ਤਹਿਤ ਤਕਨਾਲੋਜੀ ਅਤੇ ਨਵੀਨਤਾ ਦਾ ਵੱਡਾ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਇਸ ਤਿੰਨ-ਰੋਜ਼ਾ ਅੰਤਰਰਾਸ਼ਟਰੀ ਆਈ.ਟੀ. ਪ੍ਰਦਰਸ਼ਨੀ ਅਤੇ ਕਾਨਫਰੰਸ ਦਾ ਰਸਮੀ ਉਦਘਾਟਨ 23 ਮਾਰਚ ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਕੀਤਾ ਗਿਆ ਸੀ। ਇਸ ਸਾਲ ਦੇ ਸਮਾਗਮ ਦਾ ਮੁੱਖ ਉਦੇਸ਼ ਭਾਰਤ ਨੂੰ ਵਿਸ਼ਵਵਿਆਪੀ ਤਕਨਾਲੋਜੀ ਦੇ ਕੇਂਦਰ ਵਜੋਂ ਪੇਸ਼ ਕਰਨਾ ਹੈ। ਉਦਘਾਟਨੀ ਸਮਾਰੋਹ ਦੌਰਾਨ ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਦੇ ਦਿੱਗਜਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ, ਬਲਾਕਚੈਨ, ਸਾਈਬਰ ਸੁਰੱਖਿਆ ਅਤੇ ਕਲਾਉਡ ਕੰਪਿਊਟਿੰਗ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਲਗਭਗ 1,500 ਭਾਰਤੀ ਤਕਨਾਲੋਜੀ ਕੰਪਨੀਆਂ ਆਪਣੇ ਨਵੇਂ ਉਤਪਾਦ ਅਤੇ ਸੇਵਾਵਾਂ ਪੇਸ਼ ਕਰ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ 80 ਤੋਂ ਵੱਧ ਦੇਸ਼ਾਂ ਦੇ ਲਗਭਗ 700 ਅੰਤਰਰਾਸ਼ਟਰੀ ਖਰੀਦਦਾਰ ਵੀ ਸ਼ਾਮਲ ਹੋਏ ਹਨ, ਜੋ ਭਾਰਤੀ ਸੌਫਟਵੇਅਰ ਅਤੇ ਸੇਵਾਵਾਂ ਵਿੱਚ ਭਾਰੀ ਦਿਲਚਸਪੀ ਦਿਖਾ ਰਹੇ ਹਨ।

ਇੰਡੀਆ ਸੌਫਟ 2026 ਦੇ 26ਵੇਂ ਸੰਸਕਰਣ ਵਿੱਚ ਦਿੱਲੀ ਦੇ ਨਵੇਂ ਨਿਯੁਕਤ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸੰਬੋਧਨ ਭਾਰਤ ਦੀ ਵਧਦੀ ਤਕਨੀਕੀ ਤਾਕਤ ਅਤੇ ਗਲੋਬਲ ਸਪਲਾਈ ਚੇਨ ਵਿੱਚ ਇਸ ਦੀ ਅਹਿਮ ਭੂਮਿਕਾ 'ਤੇ ਕੇਂਦਰਿਤ ਰਿਹਾ। ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ 'ਬਿਜ਼ਨੈੱਸ ਬਿਓਂਡ ਬਾਊਂਡਰੀਜ਼' ਵਿਸ਼ੇ 'ਤੇ ਬੋਲਦਿਆਂ ਕਿਹਾ ਕਿ 'ਭਾਰਤ ਹੁਣ ਗਲੋਬਲ ਸਪਲਾਈ ਚੇਨ ਅਤੇ ਨਵੀਨਤਾਕਾਰੀ ਈਕੋਸਿਸਟਮ ਵਿੱਚ ਇੱਕ "ਭਰੋਸੇਯੋਗ ਭਾਈਵਾਲ" ਵਜੋਂ ਉੱਭਰਿਆ ਹੈ।' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਭਾਰਤ ਹੁਣ ਵਿਸ਼ਵੀਕਰਨ ਵਿੱਚ ਸਿਰਫ਼ ਇੱਕ ਭਾਗੀਦਾਰ ਨਹੀਂ ਰਿਹਾ, ਸਗੋਂ ਇਸ ਨੂੰ ਨਵਾਂ ਰੂਪ ਦੇਣ ਵਾਲਾ ਬਣ ਗਿਆ ਹੈ।' ਸੰਧੂ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ 'ਅੱਜ ਦੀਆਂ ਸਰਹੱਦਾਂ ਸਿਰਫ਼ ਭੂਗੋਲਿਕ ਨਹੀਂ ਹਨ, ਸਗੋਂ ਇਨ੍ਹਾਂ ਵਿੱਚ ਡਾਟਾ ਗਵਰਨੈਂਸ, ਰੈਗੂਲੇਟਰੀ ਫਰੇਮਵਰਕ ਅਤੇ ਭੂ-ਸਿਆਸੀ ਚੁਣੌਤੀਆਂ ਵੀ ਸ਼ਾਮਲ ਹਨ। ਉਨ੍ਹਾਂ ਮੁਤਾਬਕ ਵਪਾਰਕ ਸਫਲਤਾ ਇਨ੍ਹਾਂ ਰੁਕਾਵਟਾਂ ਨੂੰ ਨਜ਼ਰਅੰਦਾਜ਼ ਕਰਨ ਵਿੱਚ ਨਹੀਂ, ਸਗੋਂ ਇਨ੍ਹਾਂ ਨੂੰ ਸਮਝ ਕੇ ਇਨ੍ਹਾਂ ਵਿੱਚੋਂ ਰਸਤਾ ਕੱਢਣ ਅਤੇ ਆਪਸੀ ਤਾਲਮੇਲ ਬਣਾਉਣ ਵਿੱਚ ਹੈ।'

 

ਰਾਜਪਾਲ ਤਰਨਜੀਤ ਸਿੰਘ ਸੰਧੂ ਦੀ ਸਮਾਗਮ 'ਚ ਸੰਬੋਧਨ ਕਰਦਿਆਂ ਦੀ ਤਸਵੀਰ / Staff Reporter

ਸੰਧੂ ਨੇ ਤਕਨਾਲੋਜੀ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ 'ਡਿਜੀਟਲ ਪਲੇਟਫਾਰਮਾਂ ਨੇ ਕਾਰੋਬਾਰਾਂ ਨੂੰ ਰਵਾਇਤੀ ਰੁਕਾਵਟਾਂ ਨੂੰ ਪਾਰ ਕਰਨ ਦੇ ਯੋਗ ਬਣਾਇਆ ਹੈ, ਪਰ ਇਸ ਦੇ ਨਾਲ ਹੀ ਡਾਟਾ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਵਰਗੀਆਂ ਵੱਡੀਆਂ ਜ਼ਿੰਮੇਵਾਰੀਆਂ ਵੀ ਆਈਆਂ ਹਨ।' ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਅਤੇ ਸਟਾਰਟਅੱਪਸ ਦੇ ਵਧਦੇ ਰੋਲ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਲਈ ਮਾਲੀ ਸਹਾਇਤਾ ਅਤੇ ਨਿਰਯਾਤ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਅਨੁਸਾਰ, ਗਲੋਬਲ ਕਾਰੋਬਾਰ ਦਾ ਭਵਿੱਖ ਸਰਹੱਦਾਂ ਦੀ ਅਣਹੋਂਦ ਦੁਆਰਾ ਨਹੀਂ, ਸਗੋਂ ਇਸ ਗੱਲ ਦੁਆਰਾ ਪਰਿਭਾਸ਼ਿਤ ਕੀਤਾ ਜਾਵੇਗਾ ਕਿ ਅਸੀਂ ਉਨ੍ਹਾਂ ਨੂੰ ਕਿੰਨੀ ਕੁ ਪ੍ਰਭਾਵਸ਼ਾਲੀ ਢੰਗ ਨਾਲ "ਪੁਲਾਂ" ਵਿੱਚ ਬਦਲਦੇ ਹਾਂ। ਸੰਧੂ ਦਾ ਇਹ ਸੰਬੋਧਨ ਭਾਰਤ ਦੇ ਡਿਜੀਟਲ ਭਵਿੱਖ ਅਤੇ ਆਰਥਿਕ ਮਜ਼ਬੂਤੀ ਲਈ ਇੱਕ ਮਜ਼ਬੂਤ ਰੋਡਮੈਪ ਵਜੋਂ ਦੇਖਿਆ ਜਾ ਰਿਹਾ ਹੈ।

Comments

Related