ADVERTISEMENT

ADVERTISEMENT

ਮਿਡਲ ਈਸਟ ਤੋਂ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ ਚਾਰਟਰ ਉਡਾਣਾਂ ਸ਼ੁਰੂ

ਇਹ ਕਦਮ ਟਰੰਪ ਪ੍ਰਸ਼ਾਸਨ ਦੀ ਉਸ ਯੋਜਨਾਬੰਦੀ ਦੀ ਆਲੋਚਨਾ ਤੋਂ ਬਾਅਦ ਚੁੱਕਿਆ ਗਿਆ, ਜਿਸ ਵਿੱਚ ਅਮਰੀਕੀ ਨਾਗਰਿਕਾਂ ਦੀ ਮਦਦ ਕਰਨ ਵਿੱਚ ਦੇਰੀ ਦੇ ਦੋਸ਼ ਲੱਗੇ ਸਨ

ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ, ਅਮਰੀਕੀ ਵਿਦੇਸ਼ ਵਿਭਾਗ ਨੇ 5 ਮਾਰਚ ਨੂੰ ਮੱਧ ਪੂਰਬ (ਮਿਡਲ ਈਸਟ) ਤੋਂ ਵਿਸ਼ੇਸ਼ ਚਾਰਟਰ ਉਡਾਣਾਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਟਰੰਪ ਪ੍ਰਸ਼ਾਸਨ ਦੀ ਉਸ ਯੋਜਨਾਬੰਦੀ ਦੀ ਆਲੋਚਨਾ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ ਅਮਰੀਕੀ ਨਾਗਰਿਕਾਂ ਦੀ ਮਦਦ ਕਰਨ ਵਿੱਚ ਦੇਰੀ ਦੇ ਦੋਸ਼ ਲੱਗੇ ਸਨ।

28 ਫਰਵਰੀ ਨੂੰ ਸ਼ੁਰੂ ਹੋਏ ਹਮਲਿਆਂ ਅਤੇ ਈਰਾਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਕਈ ਦੇਸ਼ਾਂ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਫਸੇ ਹੋਏ ਹਨ। ਈਰਾਨ ਵੱਲੋਂ ਅਮਰੀਕੀ ਡਿਪਲੋਮੈਟਿਕ ਸਹੂਲਤਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਗਏ ਹਨ। ਇਸ ਕਾਰਨ ਕੁਵੈਤ ਵਿੱਚ ਅਮਰੀਕੀ ਦੂਤਾਵਾਸ ਦਾ ਕੰਮਕਾਜ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਿਰਦੇਸ਼ਾਂ ਹੇਠ ਪਹਿਲੀ ਚਾਰਟਰ ਉਡਾਣ ਅਮਰੀਕਾ ਲਈ ਰਵਾਨਾ ਹੋ ਚੁੱਕੀ ਹੈ। ਵਿਦੇਸ਼ ਵਿਭਾਗ ਅਨੁਸਾਰ, ਇਹ ਉਡਾਣਾਂ ਅਤੇ ਜ਼ਮੀਨੀ ਆਵਾਜਾਈ ਦੇ ਸਾਧਨ ਹੁਣ ਲਗਾਤਾਰ ਵਧਾਏ ਜਾਣਗੇ। ਕੁਵੈਤ, ਬਹਿਰੀਨ, ਸੰਯੁਕਤ ਅਰਬ ਅਮੀਰਾਤ, ਕਤਰ, ਸਾਊਦੀ ਅਰਬ ਅਤੇ ਇਜ਼ਰਾਈਲ ਵਿੱਚ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਇੱਕ 'ਕ੍ਰਾਈਸਿਸ ਇਨਟੇਕ ਫਾਰਮ' ਭਰਨ ਲਈ ਕਿਹਾ ਗਿਆ ਹੈ।
 
ਇੱਕ ਨਵੀਂ ਟਾਸਕ ਫੋਰਸ ਨੇ ਹੁਣ ਤੱਕ 10,000 ਤੋਂ ਵੱਧ ਅਮਰੀਕੀਆਂ ਨੂੰ ਸਹੀ ਮਾਰਗਦਰਸ਼ਨ ਦੇ ਕੇ ਮਦਦ ਕੀਤੀ ਹੈ। ਪਹਿਲਾਂ ਸਿਰਫ਼ ਇਜ਼ਰਾਈਲ ਅਤੇ ਲੇਬਨਾਨ ਲਈ ਚੇਤਾਵਨੀ ਜਾਰੀ ਕੀਤੀ ਗਈ ਸੀ, ਪਰ ਹੁਣ ਈਰਾਨ ਦੇ ਹਮਲਿਆਂ ਦੇ ਦਾਇਰੇ ਨੂੰ ਦੇਖਦੇ ਹੋਏ UAE, ਇਰਾਕ, ਕਤਰ ਅਤੇ ਬਹਿਰੀਨ ਵਰਗੇ ਦੇਸ਼ਾਂ ਵਿੱਚ ਵੀ ਸੁਰੱਖਿਆ ਅਲਰਟ ਜਾਰੀ ਕਰ ਦਿੱਤੇ ਗਏ ਹਨ।

ਦੱਸ ਦਈਏ ਕਿ ਪ੍ਰਸ਼ਾਸਨ ਨੂੰ ਉਦੋਂ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਦੋਂ 2 ਮਾਰਚ ਨੂੰ ਅਮਰੀਕਾ ਨੇ 14 ਦੇਸ਼ਾਂ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ, ਆਪਣੇ ਪੱਧਰ 'ਤੇ ਕਮਰਸ਼ੀਅਲ ਫਲਾਈਟਾਂ ਰਾਹੀਂ ਤੁਰੰਤ ਖੇਤਰ ਛੱਡਣ ਦੀ ਸਲਾਹ ਦਿੱਤੀ ਸੀ।

Comments

Related