ਮਾਰਕ ਕਾਰਨੀ ਦੀ ਸਰਕਾਰ ਅਧੀਨ ਕਿਸੇ ਵੀ ਕੈਨੇਡੀਅਨ ਮੰਤਰੀ ਦਾ ਭਾਰਤ ਦਾ ਇਹ ਪਹਿਲਾ ਅਧਿਕਾਰਤ ਦੌਰਾ ਦੋ ਪੁਰਾਣੇ ਵਪਾਰਕ ਭਾਈਵਾਲਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਨਵਿਆਉਣ ਲਈ ਗੱਲਬਾਤ ਨੂੰ ਤੇਜ਼ ਕਰਦਾ ਜਾਪਦਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਨੇ ਦੁਵੱਲੇ ਸਬੰਧਾਂ ਦੇ ਭਵਿੱਖ ਦੀ ਇੱਕ ਸੁਨਹਿਰੀ ਤਸਵੀਰ ਪੇਸ਼ ਕੀਤੀ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਸਨ।
ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, "ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੇ ਸੱਦੇ 'ਤੇ, ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ 12 ਅਕਤੂਬਰ ਤੋਂ 14 ਅਕਤੂਬਰ 2025 ਤੱਕ ਭਾਰਤ ਦਾ ਅਧਿਕਾਰਿਕ ਦੌਰਾ ਕੀਤਾ। ਨਵੀਂ ਦਿੱਲੀ ਵਿੱਚ ਹੋਈ ਇਹ ਮੀਟਿੰਗ ਕੈਨੇਡਾ ਵਿੱਚ ਜੀ-7 ਸੰਮੇਲਨ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੁਆਰਾ ਦਿੱਤੇ ਗਏ ਮਾਰਗਦਰਸ਼ਨ ਦਾ ਅੱਗੇ ਦਾ ਕਦਮ ਹੈ। ਇਸ ਮਾਰਗਦਰਸ਼ਨ ਦਾ ਉਦੇਸ਼ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਅਤੇ ਇੱਕ ਉਸਾਰੂ ਅਤੇ ਸੰਤੁਲਿਤ ਭਾਈਵਾਲੀ ਨੂੰ ਅੱਗੇ ਵਧਾਉਣਾ ਹੈ।"
ਇਸ ਮਾਰਗਦਰਸ਼ਨ ਦੀ ਪਾਲਣਾ ਤਹਿਤ ਦੋਵਾਂ ਪੱਖਾਂ ਨੇ ਕਈ ਕਦਮ ਚੁੱਕੇ, ਜਿਵੇਂ ਕਿ:
1. 28 ਅਗਸਤ, 2025 ਨੂੰ ਦੋਵਾਂ ਦੇ ਹਾਈ ਕਮਿਸ਼ਨਰਾਂ ਦੀ ਦੁਬਾਰਾ ਨਿਯੁਕਤੀ ਦੀ ਸਾਂਝੀ ਘੋਸ਼ਣਾ
2. 18 ਸਤੰਬਰ, 2025 ਨੂੰ ਨਵੀਂ ਦਿੱਲੀ ਵਿੱਚ ਦੋਵਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ
3. 9 ਸਤੰਬਰ, 2025 ਨੂੰ ਭਾਰਤ ਦੇ ਸਕੱਤਰ ਅਤੇ ਕੈਨੇਡਾ ਦੇ ਡਿਪਟੀ ਵਿਦੇਸ਼ ਮੰਤਰੀ ਵਿਚਕਾਰ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਸਬੰਧੀ ਮੁਲਾਕਾਤਾਂ ਦੀ ਸ਼ੁਰੂਆਤ
4. 29 ਸਤੰਬਰ, 2025 ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਹਾਈ-ਲੈਵਲ ਸਮਿੱਟ ਦੌਰਾਨ ਦੋਵਾਂ ਵਿਦੇਸ਼ ਮੰਤਰੀਆਂ ਵਿਚਕਾਰ ਹੋਈ ਮੁਲਾਕਾਤ
"ਭਾਰਤ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਵੱਲੋਂ ਸੰਬੰਧਾਂ ਨੂੰ ਨਵੀਂ ਰਫ਼ਤਾਰ ਦੇਣ ਲਈ ਜੋ ਟੀਚਾ ਬਣਾਇਆ ਗਿਆ ਸੀ, ਉਸਦੇ ਤਹਿਤ ਦੋਵਾਂ ਪੱਖਾਂ ਨੇ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਰਾਜ ਅਤੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਵਚਨਬੱਧਤਾ ਦੇ ਆਧਾਰ 'ਤੇ ਭਾਰਤ-ਕੈਨੇਡਾ ਸਬੰਧਾਂ ਲਈ ਇੱਕ ਨਵੇਂ ਰੋਡਮੈਪ 'ਤੇ ਸਹਿਮਤੀ ਬਣਾਈ।"
“ਦੋਵਾਂ ਮੰਤਰੀਆਂ ਨੇ ਮੰਨਿਆ ਕਿ ਮੌਜੂਦਾ ਵਿਸ਼ਵ ਆਰਥਿਕ ਅਸਥਿਰਤਾ ਅਤੇ ਵੱਧ ਰਹੇ ਭੂ-ਰਾਜਨੀਤਕ ਤਣਾਅ ਦੇ ਚੱਲਦਿਆਂ ਇਕ ਮਜ਼ਬੂਤ ਭਾਰਤ-ਕੈਨੇਡਾ ਦੋ ਪੱਖੀ ਰਿਸ਼ਤਾ ਜ਼ਰੂਰੀ ਹੈ। ਮੰਤਰੀਆਂ ਨੇ ਤਸੱਲੀ ਪ੍ਰਗਟਾਈ ਕਿ 2024 ਵਿੱਚ ਦੋ ਪੱਖੀ ਵਪਾਰ $23.66 ਬਿਲੀਅਨ ਤੱਕ ਪਹੁੰਚ ਗਿਆ ਸੀ। ਦੋਵਾਂ ਦੇ ਉਦਯੋਗਪਤੀਆਂ ਦੀ ਇੱਕ-ਦੂਜੇ ਦੇ ਬਾਜ਼ਾਰਾਂ ਵਿੱਚ ਵੱਧ ਰਹੀ ਹਾਜ਼ਰੀ ਰੋਜ਼ਗਾਰ ਪੈਦਾ ਕਰ ਰਹੀ ਹੈ ਅਤੇ ਭਵਿੱਖ ਵਿੱਚ ਹੋਰ ਵੀ ਵਾਧੂ ਸੰਭਾਵਨਾ ਰੱਖਦੀ ਹੈ। ਮੰਤਰੀਆਂ ਨੇ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ ਅਤੇ ਆਪਣੇ-ਆਪਣੇ ਅਧਿਕਾਰੀਆਂ ਨੂੰ ਸਹਿਮਤੀ ਵਾਲੇ ਰੋਡਮੈਪ ਨੂੰ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।"
ਦੋਵਾਂ ਪੱਖਾਂ ਨੇ ਇਕ ਟਿਕਾਊ ਭਵਿੱਖ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰਦਿਆਂ ਅਤੇ ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ ਦੇ ਨੁਕਸਾਨ ਅਤੇ ਪ੍ਰਦੂਸ਼ਣ ਨਾਲ ਨਜਿੱਠਣ ਵਿੱਚ ਸਾਂਝੀ ਕਾਰਵਾਈ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਦੋਵਾਂ ਪੱਖਾਂ ਨੇ ਇਹ ਮੰਨਿਆ ਕਿ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ, ਊਰਜਾ ਸੁਰੱਖਿਆ ਵਧਾਉਣ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਸਹਿਯੋਗ ਦੇਣ ਵਿੱਚ ਊਰਜਾ ਪਰਿਵਰਤਨ ਦੀ ਕੇਂਦਰੀ ਭੂਮਿਕਾ ਹੈ, ਉਨ੍ਹਾਂ ਨੇ ਸਾਫ਼, ਸੁਰੱਖਿਅਤ ਅਤੇ ਬਰਾਬਰੀ ਵਾਲੇ ਊਰਜਾ ਸਹਿਯੋਗ ਨੂੰ ਅੱਗੇ ਵਧਾਉਣ ਲਈ ਸੈਕਟਰ ਦੀਆਂ ਗਤੀਵਿਧੀਆਂ ਰਾਹੀਂ ਸਹਿਯੋਗ ਤੇਜ਼ ਕਰਨ ਦਾ ਇਰਾਦਾ ਦੁਹਰਾਇਆ।
“ਸਮਾਵੇਸ਼ੀ ਵਿਕਾਸ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਅੱਗੇ ਵਧਾਉਣ ਵਿੱਚ ਨਵੀਨਤਾ ਅਤੇ ਤਕਨਾਲੋਜੀ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ, ਦੋਵਾਂ ਧਿਰਾਂ ਨੇ ਏਆਈ (AI) ਅਤੇ ਡਿਜੀਟਲ ਬੁਨਿਆਦੀ ਢਾਂਚੇ ਸਮੇਤ ਐਸ ਐਂਡ ਟੀ (S&T) ਵਿੱਚ ਨਵੇਂ ਖੇਤਰਾਂ ਨੂੰ ਖੋਲ੍ਹਣ ਲਈ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਸਹਿਮਤੀ ਪ੍ਰਗਟਾਈ। ਇੰਨਾ ਹੀ ਨਹੀਂ ਤਕਨਾਲੋਜੀ, ਖੇਤੀਬਾੜੀ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਤੇ ਵੀ ਸਹਿਮਤੀ ਹੋਈ ਹੈ।
"ਇਸ ਸਾਰੇ ਪ੍ਰਕਿਰਿਆ ਨੂੰ ਲਾਗੂ ਕਰਨ ਲਈ, ਦੋਵਾਂ ਮੰਤਰੀਆਂ ਨੇ ਸਹਿਮਤੀ ਦਿੱਤੀ ਕਿ ਉਨ੍ਹਾਂ ਦੇ ਹਾਈ ਕਮਿਸ਼ਨ ਅਤੇ ਕੌਂਸਲੇਟ—ਆਰਥਿਕ, ਰਾਜਨੀਤਿਕ, ਰੱਖਿਆ ਅਤੇ ਤਕਨਾਲੋਜੀ ਖੇਤਰਾਂ ਵਿੱਚ ਤਜਰਬਾ ਰੱਖਣ ਵਾਲੇ ਅਧਿਕਾਰੀਆਂ ਨੂੰ ਤਾਇਨਾਤ ਕਰਕੇ—ਸੰਸਥਾਗਤ ਸਮਰਥਾ ਨੂੰ ਮਜ਼ਬੂਤ ਕਰਨਗੇ। ਇਹ ਯਤਨ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਨੂੰ ਮੁੜ ਬਣਾਉਣ ਅਤੇ ਸਹਿਯੋਗ ਨੂੰ ਡੂੰਘਾ ਕਰਨ ਵਿੱਚ ਯੋਗਦਾਨ ਪਾਉਣਗੇ।”
ਦੋਵਾਂ ਮੰਤਰੀਆਂ ਨੇ ਵਿਸ਼ਵਵਿਆਪੀ ਮੁੱਦਿਆਂ 'ਤੇ ਸਹਿਯੋਗ ਦਾ ਵਿਸਤਾਰ ਕਰਨ ਦਾ ਵਾਅਦਾ ਕੀਤਾ, ਜਿਸ ਵਿੱਚ ਵਧੇਰੇ ਪ੍ਰਭਾਵਸ਼ਾਲੀ ਅਤੇ ਸਮਾਵੇਸ਼ੀ ਤਰੀਕਿਆਂ ਨਾਲ ਕੰਮ ਕਰਨਾ ਸ਼ਾਮਲ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login