ADVERTISEMENT

ADVERTISEMENT

‘ਆਪ’ ‘ਚ ਵੱਡੀ ਹਲਚਲ, 'ਡਿਪਟੀ ਲੀਡਰ' ਦੇ ਅਹੁਦੇ ਤੋਂ ਹਟਾਉਣ ਮਗਰੋਂ ਰਾਘਵ ਚੱਢਾ ਦਾ ਵੱਡਾ ਬਿਆਨ

ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਹਾਰੇ ਨਹੀਂ ਹਨ

 ਰਾਜ ਸਭਾ ਮੈਂਬਰ ਰਾਘਵ ਚੱਢਾ  ਰਾਜ ਸਭਾ ਮੈਂਬਰ ਰਾਘਵ ਚੱਢਾ / x/@raghav_chadha

ਆਮ ਆਦਮੀ ਪਾਰਟੀ ਵਿਚ ਵੱਡੀ ਹਲਚਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ 'ਡਿਪਟੀ ਲੀਡਰ' ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦੀ ਥਾਂ ਹੁਣ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਸ਼ੋਕ ਮਿੱਤਲ ਨੂੰ ਪਾਰਟੀ ਦਾ ਨਵਾਂ ਡਿਪਟੀ ਲੀਡਰ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਇਸ ਸਬੰਧ ਵਿੱਚ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਸੌਂਪਿਆ ਹੈ।

ਇਸ ਫ਼ੈਸਲੇ ਤੋਂ ਬਾਅਦ ਸੰਸਦ ਮੈਂਬਰ ਰਾਘਵ ਚੱਢਾ ਨੇ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਹਾਰੇ ਨਹੀਂ ਹਨ।



ਹੈਰਾਨੀ ਦੀ ਗੱਲ ਇਹ ਹੈ ਕਿ ਪਾਰਟੀ ਨੇ ਸਕੱਤਰੇਤ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਰਾਘਵ ਚੱਢਾ ਨੂੰ ਸਦਨ 'ਚ ਪਾਰਟੀ ਵੱਲੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਇਸ 'ਤੇ ਸਵਾਲ ਚੁੱਕਦੇ ਹੋਏ ਚੱਢਾ ਨੇ ਕਿਹਾ,"ਕੋਈ ਮੇਰੇ ਬੋਲਣ 'ਤੇ ਰੋਕ ਕਿਉਂ ਲਗਾਉਣਾ ਚਾਹੇਗਾ? ਮੈਂ ਤਾਂ ਹਮੇਸ਼ਾ ਦੇਸ਼ ਦੇ ਆਮ ਆਦਮੀ ਦੀ ਗੱਲ ਕਰਦਾ ਹਾਂ।''

ਸੰਸਦ ਕੰਪਲੈਕਸ ਤੋਂ ਜਾਰੀ ਕੀਤੇ 2.18 ਮਿੰਟ ਦੇ ਵੀਡੀਓ 'ਚ ਰਾਘਵ ਚੱਢਾ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ,"ਮੇਰੀ ਖਾਮੋਸ਼ੀ ਨੂੰ ਮੇਰੀ ਹਾਰ ਨਾ ਸਮਝ ਲੈਣਾ। ਮੈਂ ਉਹ ਦਰਿਆ ਹਾਂ, ਜੋ ਸਮਾਂ ਆਉਣ 'ਤੇ ਸੈਲਾਬ ਬਣਦਾ ਹੈ।'' ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅੱਜ ਉਨ੍ਹਾਂ ਦੇ ਬੋਲਣ ਦਾ ਅਧਿਕਾਰ ਖੋਹਿਆ ਹੈ, ਉਹ ਇਹ ਯਾਦ ਰੱਖਣ ਕਿ ਉਹ ਜਨਤਾ ਦੇ ਹੱਕਾਂ ਲਈ ਲੜਦੇ ਰਹਿਣਗੇ।

ਰਾਘਵ ਚੱਢਾ ਨੇ ਸੂਚੀਬੱਧ ਕੀਤਾ ਕਿ ਉਨ੍ਹਾਂ ਨੇ ਸੰਸਦ ਵਿੱਚ ਹਮੇਸ਼ਾ ਅਜਿਹੇ ਮੁੱਦੇ ਉਠਾਏ ਜੋ ਸਿੱਧੇ ਤੌਰ 'ਤੇ ਆਮ ਲੋਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਨ੍ਹਾਂ ਮੁੱਦਿਆਂ 'ਤੇ ਗੱਲ ਕਰਨਾ ਕੋਈ ਗੁਨਾਹ ਹੈ ਜਾਂ ਇਸ ਨਾਲ ਪਾਰਟੀ ਦਾ ਕੀ ਨੁਕਸਾਨ ਹੋ ਰਿਹਾ ਸੀ? ਦੱਸਣਯੋਗ ਹੈ ਕਿ ਰਾਘਵ ਚੱਢਾ 2022 ਤੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦਾ ਕਾਰਜਕਾਲ 2028 ਤੱਕ ਹੈ। ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ, ਪਰ ਚਰਚਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ। ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦਾ ਸਾਥ ਨਾ ਛੱਡਣ ਕਿਉਂਕਿ ਉਹ ਜਨਤਾ ਦੇ ਭਰੋਸੇ ਸਦਕਾ ਹੀ ਅੱਗੇ ਵਧ ਰਹੇ ਹਨ।

Comments

Leave A Comment

Required fields are marked (*).

Related

Talk to us?