ADVERTISEMENT

ADVERTISEMENT

ਦਿੱਲੀ ਹਵਾਈ ਅੱਡੇ 'ਤੇ ਅਮਰੀਕੀ ਨਾਗਰਿਕ ਗ੍ਰਿਫ਼ਤਾਰ, 5.42 ਕਰੋੜ ਰੁਪਏ ਦਾ ਸਾਮਾਨ ਬਰਾਮਦ

ਅਧਿਕਾਰੀਆਂ ਨੇ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਯਾਦ ਦਿਵਾਇਆ ਹੈ ਕਿ ਉਹ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸਾਰੇ ਟੈਕਸਯੋਗ ਸਾਮਾਨ ਅਤੇ ਕਰੰਸੀ ਦਾ ਐਲਾਨ ਜ਼ਰੂਰ ਕਰਨ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਇੱਕ ਅਮਰੀਕੀ ਪਾਸਪੋਰਟ ਧਾਰਕ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਕੋਲੋਂ ਵੱਡੀ ਮਾਤਰਾ ਵਿੱਚ ਅਣਐਲਾਨਿਆ ਵਿਦੇਸ਼ੀ ਸਾਮਾਨ ਅਤੇ ਕਰੰਸੀ ਬਰਾਮਦ ਕੀਤੀ ਗਈ ਹੈ। ਇਹ ਯਾਤਰੀ ਹਾਂਗਕਾਂਗ ਤੋਂ ਉਡਾਣ ਰਾਹੀਂ ਆਇਆ ਸੀ ਅਤੇ ਨਿਯਮਤ ਜਾਂਚ (ਸਪੌਟ ਪ੍ਰੋਫਾਈਲਿੰਗ) ਦੌਰਾਨ ਰੋਕਿਆ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸਾਮਾਨ ਦੀ ਐਕਸ-ਰੇਅ ਸਕ੍ਰੀਨਿੰਗ ਅਤੇ ਜਾਂਚ ਤੋਂ ਬਾਅਦ ਕਈ ਵਸਤਾਂ ਬਰਾਮਦ ਕੀਤੀਆਂ ਗਈਆਂ ਜਿੰਨ੍ਹਾਂ ਵਿਚ 1.2 ਕਿਲੋਗ੍ਰਾਮ ਸੋਨੇ ਅਤੇ ਹੀਰੇ ਦੇ ਗਹਿਣੇ, 10 ਕਿਲੋਗ੍ਰਾਮ ਚਾਂਦੀ ਦੇ ਬਰਤਨ, ਰੋਲੈਕਸ, ਬੁਲਗਾਰੀ, ਸ਼ੋਪਾਰਡ ਅਤੇ ਕਾਰਟੀਅਰ ਵਰਗੇ ਮਸ਼ਹੂਰ ਬ੍ਰਾਂਡਾਂ ਦੀਆਂ ਘੜੀਆਂ ਸ਼ਾਮਲ ਸਨ। ਇਸ ਤੋਂ ਇਲਾਵਾ 9,084 ਅਮਰੀਕੀ ਡਾਲਰ, 605 ਯੂਰੋ ਅਤੇ 2,540 ਹਾਂਗਕਾਂਗ ਡਾਲਰ ਵੀ ਬਰਾਮਦ ਕੀਤੇ ਗਏ। 

ਜ਼ਬਤ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ ਲਗਭਗ 6 ਲੱਖ ਅਮਰੀਕੀ ਡਾਲਰ (5.42 ਕਰੋੜ ਰੁਪਏ) ਦੱਸੀ ਗਈ ਹੈ। ਕਿਉਂਕਿ ਯਾਤਰੀ ਨੇ ਪਹੁੰਚਣ 'ਤੇ ਇਨ੍ਹਾਂ ਵਸਤਾਂ ਦਾ ਐਲਾਨ ਨਹੀਂ ਕੀਤਾ ਸੀ, ਇਸ ਲਈ ਇਨ੍ਹਾਂ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕਰ ਲਿਆ ਗਿਆ। ਹਾਲਾਂਕਿ, ਜਾਂਚ ਦੌਰਾਨ 552 ਗ੍ਰਾਮ ਸੋਨੇ ਦੇ ਗਹਿਣੇ (ਜੋ ਘਰੇਲੂ ਤੌਰ 'ਤੇ ਖਰੀਦੇ ਗਏ ਸਨ) ਯਾਤਰੀ ਨੂੰ ਵਾਪਸ ਕਰ ਦਿੱਤੇ ਗਏ।

ਯਾਤਰੀ ਨੂੰ ਕਸਟਮ ਐਕਟ ਦੀ ਧਾਰਾ 104 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਇੱਕ ਅਧਿਕਾਰੀ ਨੇ ਕਿਹਾ, "ਇਹ ਕਾਰਵਾਈ ਸਾਡੇ ਕਰਮਚਾਰੀਆਂ ਦੀ ਚੌਕਸੀ ਨੂੰ ਦਰਸਾਉਂਦੀ ਹੈ। ਅਸੀਂ ਭਾਰਤ ਦੇ ਆਰਥਿਕ ਹਿੱਤਾਂ ਦੀ ਰੱਖਿਆ ਕਰਨ ਅਤੇ ਤਸਕਰੀ ਨੂੰ ਰੋਕਣ ਲਈ ਵਚਨਬੱਧ ਹਾਂ।" ਅਧਿਕਾਰੀਆਂ ਨੇ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਯਾਦ ਦਿਵਾਇਆ ਹੈ ਕਿ ਉਹ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸਾਰੇ ਟੈਕਸਯੋਗ ਸਾਮਾਨ ਅਤੇ ਕਰੰਸੀ ਦਾ ਐਲਾਨ ਜ਼ਰੂਰ ਕਰਨ।

Comments

Related