ADVERTISEMENTs

AI ਨੇ ਭਾਰਤ ਦੇ ਕਿਸਾਨਾਂ ਲਈ ਮਾਨਸੂਨ ਦੀ ਭਵਿੱਖਬਾਣੀ ਵਿੱਚ ਕ੍ਰਾਂਤੀ ਲਿਆਂਦੀ

AI ਭਵਿੱਖਬਾਣੀ ਮਾਡਲਾਂ ਨੇ ਇਸ ਸਾਲ 13 ਰਾਜਾਂ ਵਿੱਚ ਲੱਖਾਂ ਭਾਰਤੀ ਕਿਸਾਨਾਂ ਨੂੰ ਮਾਨਸੂਨ ਦੀ ਬਾਰਿਸ਼ ਦੀ ਚਾਰ ਹਫ਼ਤਿਆਂ ਦੀ ਸੂਚਨਾ ਦਿੱਤੀ, ਜਿਸ ਨਾਲ ਫਸਲਾਂ ਦੀ ਯੋਜਨਾਬੰਦੀ ਨੂੰ ਮੁੜ ਆਕਾਰ ਦਿੱਤਾ ਗਿਆ।

ਏਆਈ ਨੇ ਕਿਸਾਨਾਂ ਦੀ ਜ਼ਿੰਦਗੀ ਬਦਲੀ / ਮਾਲਵਿਕਾ ਚੌਧਰੀ

ਆਰਟੀਫੀਸ਼ਲ ਇੰਟੈਲੀਜੈਂਸ ਭਾਰਤ ਵਿੱਚ ਮੌਸਮ ਦੀ ਭਵਿੱਖਬਾਣੀ ਨੂੰ ਬਦਲ ਰਹੀ ਹੈ, ਜਿਸ ਨਾਲ ਲੱਖਾਂ ਕਿਸਾਨਾਂ ਨੂੰ ਮੌਸਮ ਦੀ ਅਨਿਸ਼ਚਿਤਤਾ ਦਾ ਸਾਮਨਾ ਕਰਨ ਲਈ ਨਵੇਂ ਔਜ਼ਾਰ ਮਿਲ ਰਹੇ ਹਨ। ਇਸ ਸਾਲ, ਯੂ.ਸੀ. ਬਰਕਲੇ ਦੇ ਵਿਲੀਅਮ ਬੂਸ ਵੱਲੋਂ ਵਿਕਸਿਤ ਇੱਕ AI-ਆਧਾਰਿਤ ਮਾਡਲ ਨੇ ਇੱਕ ਰੁਕੇ ਹੋਏ ਮਾਨਸੂਨ ਦੀ ਸਹੀ ਭਵਿੱਖਬਾਣੀ ਕੀਤੀ, ਜਿਸ ਨਾਲ ਛੋਟੇ ਕਿਸਾਨਾਂ ਨੂੰ ਬਿਜਾਈ ਨੂੰ ਅਨੁਕੂਲ ਕਰਨ ਅਤੇ ਨੁਕਸਾਨ ਤੋਂ ਬਚਣ ਵਿੱਚ ਮਦਦ ਮਿਲੀ।

ਪਹਿਲੀ ਵਾਰ, ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਨਿਰੰਤਰ ਮੀਂਹ ਦੀ ਚਾਰ ਹਫ਼ਤੇ ਪਹਿਲਾਂ ਤੱਕ ਭਵਿੱਖਬਾਣੀ ਜਾਰੀ ਕੀਤੀ, ਜੋ ਕਿ 13 ਰਾਜਾਂ ਦੇ 3.8 ਕਰੋੜ ਕਿਸਾਨਾਂ ਤੱਕ SMS ਰਾਹੀਂ ਪਹੁੰਚਾਈ ਗਈ। ਓਡੀਸ਼ਾ ਰਾਜ ਨੇ ਇੱਕ ਹੋਰ 10 ਲੱਖ ਕਿਸਾਨਾਂ ਤੱਕ ਇਹ ਸੇਵਾ ਵੌਇਸ ਮੈਸੇਜ ਰਾਹੀਂ ਪਹੁੰਚਾਈ।

ਇਹ ਪਹਿਲਕਦਮੀ, ਜੋ ਕਿ ਆਪਣੀ ਕਿਸਮ ਦੀ ਸਭ ਤੋਂ ਵੱਡੀ ਹੈ, ਯੂ.ਸੀ. ਬਰਕਲੇ ਐਂਡ ਯੂਨੀਵਰਸਿਟੀ ਆਫ਼ ਸ਼ਿਕਾਗੋ ਵੱਲੋਂ ਭਾਰਤ ਦੇ ਖੇਤੀਬਾੜੀ ਮੰਤਰਾਲੇ ਅਤੇ ਗੈਰ-ਲਾਭਕਾਰੀ ਪ੍ਰੀਸੀਜ਼ਨ ਡਿਵੈਲਪਮੈਂਟ (PxD) ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਸੀ। ਇਹ NOAA ਦੇ ਗਲੋਬਲ ਕਲਾਈਮੇਟ ਡੇਟਾਸੈੱਟ ਅਤੇ ਭਾਰਤ ਮੌਸਮ ਵਿਗਿਆਨ ਵਿਭਾਗ ਦੇ ਇੱਕ ਸਦੀ ਤੋਂ ਜ਼ਿਆਦਾ ਪੁਰਾਣੇ ਮੀਂਹ ਦੇ ਡਾਟਾ 'ਤੇ ਆਧਾਰਿਤ ਸੀ।

ਮੰਤਰਾਲੇ ਦੇ ਵਧੀਕ ਸਕੱਤਰ, ਪ੍ਰਮੋਦ ਕੁਮਾਰ ਮੇਹਰਦਾ ਨੇ ਯੂ.ਸੀ. ਬਰਕਲੇ ਨਿਊਜ਼ ਨੂੰ ਦੱਸਿਆ “ਇਹ ਪ੍ਰੋਗਰਾਮ AI-ਆਧਾਰਿਤ ਮੌਸਮ ਭਵਿੱਖਬਾਣੀ ਵਿਚ ਆ ਰਹੀ ਕ੍ਰਾਂਤੀ ਦਾ ਲਾਭ ਚੁੱਕਦਾ ਹੈ ਤਾਂ ਜੋ ਲਗਾਤਾਰ ਬਾਰਿਸ਼ ਦੇ ਆਉਣ ਦੀ ਭਵਿੱਖਬਾਣੀ ਕੀਤੀ ਜਾ ਸਕੇ, ਜਿਸ ਨਾਲ ਕਿਸਾਨ ਵਧੇਰੇ ਭਰੋਸੇ ਨਾਲ ਖੇਤੀ ਦੀ ਯੋਜਨਾ ਬਣਾਉਂਦੇ ਹਨ ਅਤੇ ਜੋਖਮਾਂ ਨੂੰ ਸੰਭਾਲਦੇ ਹਨ।”

ਬੂਸ ਅਤੇ ਯੂ.ਸ਼ਿਕਾਗੋ ਦੇ ਵਿਗਿਆਨੀ ਪੇਡ੍ਰਾਮ ਹਸਨਜ਼ਾਦੇਹ ਨੇ ਗੂਗਲ ਦੇ ਨਿਊਰਲਜੀਸੀਐਮ ਅਤੇ ਯੂਰਪੀਅਨ ਸੈਂਟਰ ਫਾਰ ਮੀਡੀਅਮ-ਰੇਂਜ ਵੈਦਰ ਫੋਰਕਾਸਟਸ ਦੇ ਏਆਈ ਫੋਰਕਾਸਟਿੰਗ ਸਿਸਟਮ ਨੂੰ ਭਾਰਤ ਦੇ ਮੀਂਹ ਡੇਟਾ ਨਾਲ ਜੋੜਿਆ, ਜਿਸ ਨਾਲ ਪ੍ਰੋਬਾਬਿਲਿਸਟਿਕ ਮਾਡਲ ਤਿਆਰ ਹੋਏ ਜਿਨ੍ਹਾਂ ਨੇ ਭਵਿੱਖਬਾਣੀ ਦੀ ਸ਼ੁੱਧਤਾ ਨੂੰ 30 ਦਿਨਾਂ ਤੱਕ ਵਧਾ ਦਿੱਤਾ। ਆਮ ਤੌਰ 'ਤੇ ਭੌਤਿਕ ਵਿਗਿਆਨ ‘ਤੇ ਆਧਾਰਿਤ ਮਾਡਲ ਸਿਰਫ਼ ਪੰਜ ਦਿਨਾਂ ਤੱਕ ਦੀ ਹੀ ਭਵਿੱਖਬਾਣੀ ਕਰ ਸਕਦੇ ਹਨ।  ਬੂਸ ਨੇ ਯੂ.ਸੀ. ਬਰਕਲੇ ਨਿਊਜ਼ ਨੂੰ ਕਿਹਾ "ਇਹ ਇੱਕ ਵੱਡੀ ਉਪਲਬਧੀ ਹੈ। ਇਹ ਪਹਿਲਾਂ ਕਿਸੇ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਸੀ।”

ਇਸਦੀ ਮਹੱਤਤਾ ਜੂਨ ਵਿੱਚ ਸਪਸ਼ਟ ਹੋਈ, ਜਦੋਂ ਏਆਈ ਸਿਸਟਮ ਨੇ ਦੱਖਣੀ ਭਾਰਤ 'ਚ ਮਾਨਸੂਨ ਦੇ ਪਹੁੰਚਣ ਮਗਰੋਂ 20 ਦਿਨਾਂ ਦੇ ਠਹਿਰਾਅ ਦੀ ਭਵਿੱਖਬਾਣੀ ਕੀਤੀ—ਇਹ ਗੱਲ ਰਵਾਇਤੀ ਮੌਸਮ ਮਾਡਲਾਂ ਵਿੱਚ ਨਹੀਂ ਆਈ ਸੀ। ਹਫ਼ਤਾਵਾਰੀ ਮੈਸੇਜ ਰਾਹੀਂ ਕਿਸਾਨਾਂ ਨੂੰ ਖੇਤਰ ਅਨੁਸਾਰ ਮੀਂਹ ਦੇ ਆਉਣ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ, ਅਤੇ ਭਾਸ਼ਾ ਦੀ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ ਜਾਂਚ ਕੀਤੀ ਗਈ।

ਜਿਨ੍ਹਾਂ ਕਿਸਾਨਾਂ ਕੋਲ ਸਿੰਚਾਈ ਦੀ ਵਿਵਸਥਾ ਘੱਟ ਹੈ, ਉਨ੍ਹਾਂ ਲਈ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। "ਸਭ ਤੋਂ ਬੁਰਾ ਹਾਲ ਇਹ ਹੁੰਦਾ ਹੈ ਕਿ ਕੁਝ ਦਿਨ ਮੀਂਹ ਪੈਂਦਾ ਹੈ, ਕਿਸਾਨ ਬੀਜ ਬੀਜਦੇ ਹਨ, ਫਿਰ 15 ਦਿਨ ਸੁੱਕਾ ਪੈਂਦਾ ਹੈ ਅਤੇ ਸਾਰੇ ਬੀਜ ਸੁੱਕ ਕੇ ਖਤਮ ਹੋ ਜਾਂਦੇ ਹਨ,"ਬੂਸ ਨੇ ਕਿਹਾ।

ਕਿਸਾਨਾਂ ਨੇ ਸਿੱਧੇ ਲਾਭ ਦੀ ਰਿਪੋਰਟ ਦਿੱਤੀ। ਮੱਧ ਪ੍ਰਦੇਸ਼ ਦੇ ਪਰਸਨਾਥ ਤਿਵਾਰੀ ਨੇ ਕਿਹਾ, "ਮਾਨਸੂਨ ਦੀ ਆਮਦ ਬਾਰੇ ਭਵਿੱਖਬਾਣੀ ਬਿਲਕੁਲ ਸਹੀ ਸੀ। ਮੈਂ ਫਸਲ ਬਦਲਣ ਦਾ ਫੈਸਲਾ ਭਰੋਸੇ ਨਾਲ ਲਿਆ। ਹੁਣ ਮੈਨੂੰ ਇਸ ਭਵਿੱਖਬਾਣੀ ‘ਤੇ ਭਰੋਸਾ ਹੋ ਗਿਆ ਹੈ ਅਤੇ ਅੱਗੇ ਵੀ ਮੈਨੂੰ ਵਿਗਿਆਨੀਆਂ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਉੱਤੇ ਭਰੋਸਾ ਰਹੇਗਾ।" ਇੱਕ ਸਰਵੇਖਣ ਵਿੱਚ ਪਤਾ ਲੱਗਾ ਕਿ 55% ਕਿਸਾਨਾਂ ਨੇ ਮੈਸੇਜ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ, ਲਗਭਗ ਅੱਧੇ ਕਿਸਾਨਾਂ ਨੇ ਆਪਣੀ ਬਿਜਾਈ ਦੀ ਯੋਜਨਾ ਬਦਲੀ ਅਤੇ ਕਈ ਕਿਸਾਨਾਂ ਨੇ ਇਹ ਮੈਸੇਜ ਆਪਣੇ ਗੁਆਂਢੀਆਂ ਨਾਲ ਵੀ ਸਾਂਝੇ ਕੀਤੇ।

ਇਹ ਪ੍ਰੋਗਰਾਮ, ਜਿਸਨੂੰ ਏਆਈਐਮ ਫਾਰ ਸਕੇਲ - ਗੇਟਸ ਫਾਊਂਡੇਸ਼ਨ ਅਤੇ ਸੰਯੁਕਤ ਅਰਬ ਅਮੀਰਾਤ ਦੁਆਰਾ ਸਮਰਥਨ ਪ੍ਰਾਪਤ ਹੈ - ਹੋਰ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ ਵੀ ਫੈਲ ਸਕਦਾ ਹੈ। ਖੋਜਕਰਤਾ ਹੁਣ ਮੌਸਮ ਦੌਰਾਨ ਖੁਸ਼ਕੀ ਦੇ ਸਮੇਂ ਦੀ ਭਵਿੱਖਬਾਣੀ ਕਰਨ ਲਈ ਮਾਡਲ ਵਿਸਤਾਰਿਤ ਕਰ ਰਹੇ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video