ADVERTISEMENT

ADVERTISEMENT

ਅਮਰੀਕਾ ਦੀ ਭਾਰਤੀ ਵਿਦਿਆਰਥੀਆਂ ਨੂੰ ਚੇਤਾਵਨੀ, “ਤੁਹਾਨੂੰ ਦੇਸ਼ ਵਿੱਚੋਂ ਕੱਢਿਆ ਜਾ ਸਕਦਾ ਹੈ”

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਅਮਰੀਕੀ ਕਾਨੂੰਨਾਂ ਨੂੰ ਤੋੜਨ ਨਾਲ ਸਟੂਡੈਂਟ ਵੀਜ਼ਾ ਰੱਦ ਹੋ ਸਕਦਾ ਹੈ

ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਚੇਤਾਵਨੀ / Pexels

ਭਾਰਤ ਅਤੇ ਅਮਰੀਕਾ ਦੇ ਆਪਸੀ ਸੰਬੰਧਾਂ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਵੀ ਠੀਕ ਵੇਖਣ ਨੂੰ ਨਹੀਂ ਮਿਲ ਰਿਹਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਖ-ਵੱਖ ਫ਼ੈਸਲਿਆਂ ਅਤੇ ਬਿਆਨਾਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵਧ ਗਿਆ ਹੈ। ਇਸ ਦਰਮਿਆਨ, ਅਮਰੀਕਾ ਨੇ ਬੁੱਧਵਾਰ ਨੂੰ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਭਾਰਤ ਵਿਚ ਸਥਿਤ ਅਮਰੀਕੀ ਦੂਤਾਵਾਸ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਨਾਲ ਸਟੂਡੈਂਟ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਇੱਥੋਂ ਤੱਕ ਕਿ ਵਿਦਿਆਰਥੀ ਨੂੰ ਦੇਸ਼ ਤੋਂ ਕੱਢਿਆ ਵੀ ਜਾ ਸਕਦਾ ਹੈ।

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਅਮਰੀਕੀ ਕਾਨੂੰਨਾਂ ਨੂੰ ਤੋੜਨ 'ਤੇ ਤੁਹਾਡੇ ਸਟੂਡੈਂਟ ਵੀਜ਼ਾ ਲਈ ਗੰਭੀਰ ਨਤੀਜੇ ਹੋ ਸਕਦੇ ਹਨ। ਜੇ ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਜਾਂ ਤੁਸੀਂ ਕਿਸੇ ਕਾਨੂੰਨ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ, ਤੁਹਾਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਅਮਰੀਕੀ ਵੀਜ਼ਾ ਲਈ ਤੁਸੀਂ ਅਯੋਗ ਹੋ ਸਕਦੇ ਹੋ। ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਯਾਤਰਾ ਨੂੰ ਖਤਰੇ ਵਿੱਚ ਨਾ ਪਾਓ। ਅਮਰੀਕੀ ਵੀਜ਼ਾ ਕੋਈ ਅਧਿਕਾਰ ਨਹੀਂ, ਬਲਕਿ ਇੱਕ ਸੁਵਿਧਾ ਹੈ।”

ਅਮਰੀਕੀ ਦੂਤਾਵਾਸ ਸਮੇਂ-ਸਮੇਂ ‘ਤੇ ਸੋਸ਼ਲ ਮੀਡੀਆ ਰਾਹੀਂ ਇਸ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕਰਦਾ ਰਹਿੰਦਾ ਹੈ। ਹਾਲ ਹੀ ਵਿੱਚ, ਉਸਨੇ ਭਾਰਤ ਤੋਂ ਅਮਰੀਕਾ ਜਾਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਇੱਕ ਸਖ਼ਤ ਜਨਤਕ ਚੇਤਾਵਨੀ ਵੀ ਜਾਰੀ ਕੀਤੀ ਸੀ। ਇਸ ਚੇਤਾਵਨੀ ਵਿੱਚ ਸਪਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ‘ਤੇ ਅਪਰਾਧਿਕ ਸਜ਼ਾ ਹੋ ਸਕਦੀ ਹੈ। ਇਹ ਚੇਤਾਵਨੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਅਤੇ ਇਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਵਿੱਚ ਵਧ ਰਹੀ ਸਖ਼ਤੀ ਦੇ ਸਮੇਂ ਦਿੱਤੀ ਗਈ ਹੈ।

ਅਮਰੀਕੀ ਦੂਤਾਵਾਸ ਨੇ ਐਕਸ ‘ਤੇ ਇਹ ਵੀ ਲਿਖਿਆ ਸੀ ਕਿ ਜੇ ਤੁਸੀਂ ਅਮਰੀਕੀ ਕਾਨੂੰਨ ਤੋੜਦੇ ਹੋ, ਤਾਂ ਤੁਹਾਨੂੰ ਸਖਤ ਅਪਰਾਧਿਕ ਸਜ਼ਾ ਮਿਲੇਗੀ। ਟਰੰਪ ਪ੍ਰਸ਼ਾਸਨ ਅਮਰੀਕਾ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਖਤਮ ਕਰਨ ਅਤੇ ਦੇਸ਼ ਦੀਆਂ ਸਰਹੱਦਾਂ ‘ਤੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵੀਜ਼ਾ ਨਿਯਮਾਂ ਦੇ ਹੋਰ ਸਖ਼ਤ ਹੋਣ ਕਾਰਨ, ਪਿਛਲੇ ਸਾਲ ਅਮਰੀਕਾ ਵਿੱਚ ਸਟੂਡੈਂਟ ਵੀਜ਼ਾ ‘ਤੇ ਆਉਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 17 ਫ਼ੀਸਦੀ ਦੀ ਕਮੀ ਆਈ ਹੈ। ਇਸਦੇ ਨਾਲ ਹੀ, H-1B ਵੀਜ਼ਾ ਲਈ ਅਰਜ਼ੀ ਦੇਣ ਵਾਲੇ ਉੱਚ-ਹੁਨਰਮੰਦ ਅੰਤਰਰਾਸ਼ਟਰੀ ਕਰਮਚਾਰੀਆਂ ਨੂੰ ਦੇਰੀ ਅਤੇ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comments

Related