ADVERTISEMENT

ADVERTISEMENT

'ਬਾਰਡਰ 2' ਵਿੱਚ ਜੈਕੀ ਸ਼ਰਾਫ ਅਤੇ ਤੱਬੂ ਕਿਉਂ ਨਹੀਂ? ਨਿਰਦੇਸ਼ਕ ਅਨੁਰਾਗ ਸਿੰਘ ਨੇ ਦਿੱਤਾ ਜਵਾਬ

ਇਹ ਫ਼ਿਲਮ 23 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਵਿਚਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ

ਬਾਰਡਰ 2 ਫਿਲਮ ਦੇ ਕਲਾਕਾਰ / Anurag Singh/instagram

ਫ਼ਿਲਮਾਂ ਦੇ ਸੀਕੁਅਲ ਨੂੰ ਲੈ ਕੇ ਦਰਸ਼ਕਾਂ ਦੀਆਂ ਉਮੀਦਾਂ ਹਮੇਸ਼ਾ ਹੀ ਕਾਫ਼ੀ ਉੱਚੀਆਂ ਹੁੰਦੀਆਂ ਹਨ। ਖ਼ਾਸ ਕਰਕੇ ਜਦੋਂ ਗੱਲ 1997 ਦੀ ਸੁਪਰਹਿੱਟ ਫ਼ਿਲਮ ‘ਬਾਰਡਰ’ ਦੀ ਆਉਂਦੀ ਹੈ, ਤਾਂ ਸਨੀ ਦਿਓਲ, ਜੈਕੀ ਸ਼ਰਾਫ਼ ਅਤੇ ਤੱਬੂ ਵਰਗੇ ਕਲਾਕਾਰਾਂ ਨੇ ਉਸ ਫ਼ਿਲਮ ਨੂੰ ਬੇਹੱਦ ਖ਼ਾਸ ਬਣਾਇਆ ਸੀ। ਪਰ ‘ਬਾਰਡਰ 2’ ਵਿੱਚ ਜੈਕੀ ਸ਼ਰਾਫ਼ ਅਤੇ ਤੱਬੂ ਦੀ ਗੈਰਹਾਜ਼ਰੀ ਨੂੰ ਦਰਸ਼ਕਾਂ ਨੇ ਬਹੁਤ ਮਹਿਸੂਸ ਕੀਤਾ। ਸੋਸ਼ਲ ਮੀਡੀਆ ਪੋਸਟਾਂ ਰਾਹੀਂ ਕਈ ਲੋਕਾਂ ਨੇ ਦੋਵਾਂ ਨੂੰ ਫ਼ਿਲਮ ਵਿੱਚ ਸ਼ਾਮਲ ਨਾ ਕਰਨ ਨੂੰ ਲੈ ਕੇ ਸਵਾਲ ਚੁੱਕੇ। ਹੁਣ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਆਈਏਐਨਐਸ ਨਾਲ ਗੱਲਬਾਤ ਦੌਰਾਨ ਦਿੱਤੇ ਹਨ।

‘ਬਾਰਡਰ 2’ ਦੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਕਿਹਾ, “ਕਿਸੇ ਵੀ ਫਿਲਮ ਦੀ ਕਾਸਟਿੰਗ ਭਾਵਨਾਵਾਂ ਜਾਂ ਪੁਰਾਣੇ ਸਬੰਧਾਂ ਦੇ ਆਧਾਰ 'ਤੇ ਨਹੀਂ, ਸਗੋਂ ਕਹਾਣੀ ਦੀ ਲੋੜ ਅਨੁਸਾਰ ਹੁੰਦੀ ਹੈ। ਫਿਲਮ ਬਣਾਉਂਦੇ ਸਮੇਂ ਸਭ ਤੋਂ ਪਹਿਲਾਂ ਕਹਾਣੀ 'ਤੇ ਧਿਆਨ ਦਿੱਤਾ ਜਾਂਦਾ ਹੈ, ਨਾ ਕਿ ਇਸ ਗੱਲ 'ਤੇ ਕਿ ਕਿਸ ਅਦਾਕਾਰ ਨੂੰ ਦੁਬਾਰਾ ਲਿਆ ਜਾਵੇ। ਕਹਾਣੀ ਜਿਸ ਤਰ੍ਹਾਂ ਦੇ ਕਿਰਦਾਰਾਂ ਦੀ ਮੰਗ ਕਰਦੀ ਹੈ, ਕਲਾਕਾਰਾਂ ਦੀ ਚੋਣ ਉਸੇ ਹਿਸਾਬ ਨਾਲ ਕੀਤੀ ਜਾਂਦੀ ਹੈ।" 

ਉਨ੍ਹਾਂ ਨੇ ਅੱਗੇ ਕਿਹਾ, “ਕੋਈ ਵੀ ਨਿਰਦੇਸ਼ਕ ਇਹ ਸੋਚ ਕੇ ਸਕ੍ਰਿਪਟ ਨਹੀਂ ਲਿਖਦਾ ਕਿ ਉਸਨੇ ਕਿਸੇ ਖ਼ਾਸ ਅਦਾਕਾਰ ਨੂੰ ਹੀ ਲੈਣਾ ਹੈ। ਪਹਿਲਾਂ ਇੱਕ ਅਜਿਹੀ ਕਹਾਣੀ ਲਿਖੀ ਜਾਂਦੀ ਹੈ ਜੋ ਸੱਚੀ ਲੱਗੇ ਅਤੇ ਦਿਲ ਨੂੰ ਛੂਹ ਜਾਵੇ। ਉਸ ਤੋਂ ਬਾਅਦ ਇਹ ਸੋਚਿਆ ਜਾਂਦਾ ਹੈ ਕਿ ਉਸ ਕਿਰਦਾਰ ਨੂੰ ਸਭ ਤੋਂ ਚੰਗੀ ਤਰ੍ਹਾਂ ਕੌਣ ਨਿਭਾਅ ਸਕਦਾ ਹੈ। ਕਈ ਵਾਰ ਕਿਰਦਾਰ ਲਿਖਦੇ ਸਮੇਂ ਆਪਣੇ ਆਪ ਕਿਸੇ ਅਦਾਕਾਰ ਦਾ ਚਿਹਰਾ ਮਨ ਵਿੱਚ ਆ ਜਾਂਦਾ ਹੈ, ਪਰ ਇਹ ਇੱਕ ਕੁਦਰਤੀ ਪ੍ਰਕਿਰਿਆ ਹੁੰਦੀ ਹੈ, ਕਿਸੇ ਦਬਾਅ ਹੇਠ ਲਿਆ ਗਿਆ ਫ਼ੈਸਲਾ ਨਹੀਂ।”

ਸਨੀ ਦਿਓਲ ਬਾਰੇ ਗੱਲ ਕਰਦੇ ਹੋਏ ਅਨੁਰਾਗ ਸਿੰਘ ਨੇ ਕਿਹਾ, “ਜੇ ‘ਬਾਰਡਰ’ ਫ੍ਰੈਂਚਾਈਜ਼ੀ ਨੂੰ ਕਿਸੇ ਇੱਕ ਚਿਹਰੇ ਨਾਲ ਸਭ ਤੋਂ ਵੱਧ ਪਛਾਣ ਮਿਲੀ ਹੈ, ਤਾਂ ਉਹ ਸਨੀ ਦਿਓਲ ਹੈ। ‘ਬਾਰਡਰ’ ਦਾ ਨਾਮ ਸੁਣਦੇ ਹੀ ਦਰਸ਼ਕਾਂ ਦੇ ਮਨ ਵਿੱਚ ਸਨੀ ਦਿਓਲ ਦੀ ਤਸਵੀਰ ਉਭਰ ਆਉਂਦੀ ਹੈ। ਇਸ ਲਈ ਜੇ ‘ਬਾਰਡਰ’ ਬਣਾਈ ਜਾ ਰਹੀ ਹੈ, ਤਾਂ ਉਸ ਵਿੱਚ ਸਨੀ ਦਿਓਲ ਦਾ ਹੋਣਾ ਲਾਜ਼ਮੀ ਹੈ। ਇਹ ਸਿਰਫ਼ ਇੱਕ ਫ਼ਿਲਮ ਨਹੀਂ, ਸਗੋਂ ਸਨੀ ਦਿਓਲ ਅਤੇ ਨਿਰਦੇਸ਼ਕ ਜੇ.ਪੀ. ਦੱਤਾ ਦੀ ਪਛਾਣ ਬਣ ਚੁੱਕੀ ਹੈ।”

ਨਿਰਦੇਸ਼ਕ ਨੇ ਸਪੱਸ਼ਟ ਕੀਤਾ ਕਿ ਰਚਨਾਤਮਕਤਾ ’ਤੇ ਜ਼ੋਰ ਪਾ ਕੇ ਕਿਸੇ ਅਦਾਕਾਰ ਨੂੰ ਕਹਾਣੀ ਵਿੱਚ ਫਿੱਟ ਨਹੀਂ ਕੀਤਾ ਜਾ ਸਕਦਾ। ਕੁਝ ਫ਼ਿਲਮਾਂ ਵਿੱਚ ਇਹ ਸੰਭਵ ਹੋ ਸਕਦਾ ਹੈ, ਪਰ ‘ਬਾਰਡਰ 2’ ਵਰਗੀ ਗੰਭੀਰ ਅਤੇ ਭਾਵਨਾਤਮਕ ਫ਼ਿਲਮ ਵਿੱਚ ਇਹ ਠੀਕ ਨਹੀਂ ਹੁੰਦਾ। ਜੇ ਕਹਾਣੀ ਕਿਸੇ ਹੋਰ ਦਿਸ਼ਾ ਵੱਲ ਜਾ ਰਹੀ ਹੈ, ਤਾਂ ਕਲਾਕਾਰਾਂ ਦੀ ਚੋਣ ਵੀ ਉਸੇ ਰਾਹ ’ਤੇ ਚੱਲਦੀ ਹੈ।

ਨਿਰਦੇਸ਼ਕ ਨੇ ਅੱਗੇ ਕਿਹਾ, “ਪੂਰੀ ਸਕ੍ਰਿਪਟ, ਕਿਰਦਾਰਾਂ ਦੀ ਗਹਿਰਾਈ ਅਤੇ ਕਹਾਣੀ ਦੀ ਮੰਗ ਨੂੰ ਵੇਖਦਿਆਂ ਮੈਨੂੰ ਲੱਗਿਆ ਕਿ ਜੋ ਕਾਸਟ ਚੁਣੀ ਗਈ ਹੈ, ਉਹੀ ਇਸ ਫ਼ਿਲਮ ਲਈ ਸਭ ਤੋਂ ਢੁੱਕਵੀਂ ਹੈ। ਇਸ ਲਈ ਉਸੇ ਫ਼ੈਸਲੇ ਨਾਲ ਅੱਗੇ ਵਧਿਆ ਗਿਆ। ਕਿਸੇ ਕਲਾਕਾਰ ਨੂੰ ਸ਼ਾਮਲ ਨਾ ਕਰਨ ਦਾ ਇਹ ਮਤਲਬ ਨਹੀਂ ਕਿ ਉਸਦੇ ਕੰਮ ਜਾਂ ਯੋਗਦਾਨ ਨੂੰ ਘੱਟ ਅੰਕਿਆ ਗਿਆ ਹੈ।”

‘ਬਾਰਡਰ 2’ ਵਿੱਚ ਇਸ ਵਾਰ ਨਵੀਂ ਪੀੜ੍ਹੀ ਦੇ ਕਲਾਕਾਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਫ਼ਿਲਮ ਵਿੱਚ ਵਰੁਣ ਧਵਨ, ਅਹਾਨ ਸ਼ੈੱਟੀ ਅਤੇ ਦਿਲਜੀਤ ਦੋਸਾਂਝ ਫੌਜੀ ਜਵਾਨਾਂ ਦੇ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ। ਉੱਥੇ ਹੀ ਮੋਨਾ ਸਿੰਘ, ਸੋਨਮ ਬਾਜਵਾ, ਮੇਧਾ ਰਾਣਾ ਅਤੇ ਅਨਿਆ ਸਿੰਘ ਵਰਗੀਆਂ ਅਦਾਕਾਰਾਵਾਂ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਰਹੀਆਂ ਹਨ। ਇਹ ਫ਼ਿਲਮ 23 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਵਿਚਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Comments

Related