ਵੀਹਵੀਂ ਸਦੀ ਦੇ ਸ਼ੁਰੂ ਵਿਚ ਸਿੱਖ ਸੰਘਰਸ਼ ਵਿੱਚ “ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ” ਪ੍ਰਮੁੱਖ ਸੀ। ਇਸੇ ਅਧੀਨ ਲਗਪਗ 1920 ਈ. ਨੂੰ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਤਾਂ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਇਸ ਕਮੇਟੀ ਦੇ ਅਧਿਕਾਰ ਖੇਤਰ ਅੰਦਰ ਆਏ। ਇਸ ਲਹਿਰ ਤਹਿਤ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ ਆਦਿ ਕਈ ਮੋਰਚੇ ਇਸ ਸਮੇਂ ਦੌਰਾਨ ਹੀ ਲੱਗੇ ਸਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਮੋਰਚਾ “ਮੋਰਚਾ ਗੁਰੂ ਕਾ ਬਾਗ” ਵੀ ਹੈ। ਗੁਰੂ ਕਾ ਬਾਗ ਨਾਮੀ ਅਸਥਾਨ ਸ੍ਰੀ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਚਰਨ ਛੋਹ ਪ੍ਰਾਪਤ ਅਸਥਾਨ ਹੈ। ਗੁਰੂ ਸਾਹਿਬਾਨ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਨਾਲ ਲੱਗਦੀ ਜ਼ਮੀਨ ਵਿਚ ਇੱਕ ਬਾਗ਼ ਸੀ। ਇਸ ਬਾਗ਼ ਵਿਚੋਂ ਸਿੱਖ ਸੰਗਤ ਵੱਲੋਂ ਲੱਕੜਾਂ ਕੱਟ ਕੇ ਗੁਰੂ ਕਾ ਲੰਗਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਸਨ।
ਗੁਰਦੁਆਰਾ ਗੁਰੂ ਕਾ ਬਾਗ ਦੀ ਸਾਂਭ-ਸੰਭਾਲ ਮਹੰਤ ਸੁੰਦਰ ਦਾਸ ਕੋਲ ਸੀ ਜੋ ਭ੍ਰਿਸ਼ਟ ਆਚਰਣ ਵਾਲਾ ਸੀ। ਭ੍ਰਿਸ਼ਟ ਮਹੰਤ ਤੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅਜ਼ਾਦ ਕਰਵਾਉਣ ਹਿੱਤ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 31 ਜਨਵਰੀ, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਵੱਲੋਂ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਤੇ ਸ. ਕਰਤਾਰ ਸਿੰਘ ਝੱਬਰ ਅਤੇ ਸ. ਦਾਨ ਸਿੰਘ ਵਿਛੋਆ ਗੁਰੂ ਕੇ ਬਾਗ ਵਿਖੇ ਜਥਾ ਲੈ ਕੇ ਗਏ। ਮਹੰਤ ਸੁੰਦਰ ਦਾਸ ਅੱਗੇ ਕੁਝ ਸ਼ਰਤਾਂ ਰੱਖੀਆਂ ਗਈਆਂ ਤੇ ਇਹ ਵੀ ਤੈਅ ਹੋਇਆ ਕਿ ਮਹੰਤ 11 ਮੈਂਬਰੀ ਕਮੇਟੀ ਅਧੀਨ ਰਹਿ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਵੇਗਾ। ਮਹੰਤ ਨੇ ਸ਼ਰਤਾਂ ਪ੍ਰਵਾਨ ਕੀਤੀਆਂ ਤੇ 8 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਅੰਮ੍ਰਿਤ ਛਕ ਕੇ ਜੋਗਿੰਦਰ ਸਿੰਘ ਬਣਿਆ।
ਪੰਜ-ਪੰਜ ਸਿੰਘਾਂ ਦੇ ਜਥੇ ਜਾਣੇ ਸ਼ੁਰੂ ਹੋਏ
ਅਕਾਲੀਆਂ ਵੱਲੋਂ ਚਲਾਈ ਗਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਅੰਗਰੇਜ਼ ਸਰਕਾਰ ਰਾਜਨੀਤਿਕ ਲਹਿਰ ਮੰਨਦੀ ਹੋਈ ਜੜ੍ਹੋਂ ਖ਼ਤਮ ਕਰਨਾ ਚਾਹੁੰਦੀ ਸੀ। ਇਸੇ ਤਹਿਤ ਸਰਕਾਰ ਨੇ ਮਹੰਤਾਂ ਨੂੰ ਵਿਰੋਧੀ ਧਿਰ ਵਜੋਂ ਵਰਤੋਂ ਵਿਚ ਲਿਆਂਦਾ। ਅੰਗਰੇਜ਼ ਸਰਕਾਰ ਦੀ ਮਹੰਤਾਂ ਨੂੰ ਪੂਰਨ ਸ਼ਹਿ ਹੋਣ ਦੇ ਨਾਤੇ ਆਪਣੇ ਵਾਅਦੇ ਤੋਂ ਫਿਰਿਆ ਮਹੰਤ ਸੁੰਦਰ ਦਾਸ ਗੁਰਦੁਆਰਾ ਗੁਰੂ ਕਾ ਬਾਗ਼ ਦੀ ਜ਼ਮੀਨ ਨੂੰ ਆਪਣੀ ਸੰਪਤੀ ਮੰਨਣ ਲੱਗਿਆ। ਜੂਨ 1921 ਈ. ਨੂੰ ਮਹੰਤ ਨੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਸਾਰੇ ਕਾਗਜ਼ ਵੀ ਸਾੜ ਦਿਤੇ।
ਗੁਰਦੁਆਰਾ ਗੁਰੂ ਕਾ ਬਾਗ ਵਿਖੇ ਵੱਖ-ਵੱਖ ਸਮਾਗਮਾਂ ਦੌਰਾਨ ਦੀਵਾਨ ਸਜਾਏ ਜਾਂਦੇ, ਗੁਰੂ ਕਾ ਲੰਗਰ ਅਤੁੱਟ ਵਰਤਦਾ ਅਤੇ ਲੰਗਰ ਲਈ ਬਾਲਣ ਦਾ ਇੰਤਜ਼ਾਮ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚੋਂ ਹੀ ਸੁੱਕੇ ਦਰਖ਼ਤ ਵੱਢ ਕੇ ਕੀਤਾ ਜਾਂਦਾ। ਕੁਝ ਸਮੇਂ ਬਾਅਦ ਮਹੰਤ ਫਿਰ ਆਪਣੇ ਵਾਅਦੇ 'ਤੇ ਨਾ ਰਹਿ ਕੇ ਮਨ ਆਈਆਂ ਕਰਨ ਲੱਗਾ। ਉਸਨੇ ਸਿੱਖਾਂ ਨੂੰ ਗੁਰੂ ਕੇ ਬਾਗ਼ ਵਿਚੋਂ ਲੰਗਰ ਲਈ ਲੱਕੜਾਂ ਕੱਟਣ ਤੋਂ ਵੀ ਮਨ੍ਹਾ ਕਰ ਦਿੱਤਾ। 8 ਅਗਸਤ 1922 ਈ. ਨੂੰ ਗੁਰਦੁਆਰਾ ਸਾਹਿਬ ਦੇ ਪੰਜ ਸੇਵਕਾਂ ਨੇ ਗੁਰੂ ਕੇ ਬਾਗ਼ ਦੀ ਜ਼ਮੀਨ ਵਿਚੋਂ ਆਮ ਦਿਨਾਂ ਵਾਂਗ ਬਾਲਣ ਕੱਟ ਲਿਆ। ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿ. ਡੰਨਟ ਨੇ ਜ਼ੈਲਦਾਰ ਬੇਦੀ ਬ੍ਰਿਜ ਲਾਲ ਵਾਸੀ ਮਹਿਲਾਂ ਵਾਲਾ ਦੀ ਇਤਲਾਹ 'ਤੇ ਐੱਫ.ਆਈ.ਆਰ. ਦਰਜ ਕਰਕੇ ਪੰਜ ਸਿੰਘਾਂ -ਭਾਈ ਸੰਤੋਖ ਸਿੰਘ ਲਸ਼ਕਰੀ ਨੰਗਲ, ਭਾਈ ਲਾਭ ਸਿੰਘ ਰਾਜਾਸਾਂਸੀ, ਭਾਈ ਲਾਭ ਸਿੰਘ ਮੱਤੇ ਨੰਗਲ, ਭਾਈ ਸੰਤਾ ਸਿੰਘ ਮੇਸਾ ਆਦਿ ’ਤੇ ਚੋਰੀ ਦੇ ਇਲਜ਼ਾਮ ਹਿਤ ਛੇ ਮਹੀਨੇ ਕੈਦ, ਪੰਜਾਹ ਰੁਪਏ ਜੁਰਮਾਨਾ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅਧੀਨ ਫ਼ੈਸਲਾ ਕੀਤਾ ਗਿਆ ਕਿ ਨਜਾਇਜ਼ ਗ੍ਰਿਫਤਾਰੀਆਂ ਦੇ ਰੋਸ ਵਜੋਂ ਰੋਜ਼ਾਨਾ ਪੰਜ-ਪੰਜ ਸਿੱਖਾਂ ਦਾ ਜਥਾ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਕਰੇਗਾ ਅਤੇ ਸ਼ਾਂਤਮਈ ਰਹਿ ਕੇ ਹੀ ਜਥੇ ਦੇ ਰੂਪ ਵਿਚ ਦਰਖ਼ਤ ਕੱਟੇ ਜਾਣਗੇ।
ਸਿੰਘਾਂ ਨੂੰ ਤਸੀਹੇ ਅਤੇ ਗ੍ਰਿਫਤਾਰੀਆਂ
ਅੰਗਰੇਜ ਹਕੂਮਤ ਨੇ ਮੋਰਚੇ ਨੂੰ ਅਸਫਲ ਕਰਨ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅੱਠ ਆਗੂਆਂ- ਸਰਦਾਰ ਬਹਾਦਰ ਮਹਿਤਾਬ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਸ. ਨਰਾਇਣ ਸਿੰਘ, ਬੈਰਿਸਟਰ ਸਕੱਤਰ, ਪ੍ਰੋ. ਸਾਹਿਬ ਸਿੰਘ ਮੀਤ ਸਕੱਤਰ, ਸ. ਸਰਮੁਖ ਸਿੰਘ ਝਬਾਲ ਪ੍ਰਧਾਨ ਅਕਾਲੀ ਦਲ, ਮਾ. ਤਾਰਾ ਸਿੰਘ ਵਰਕਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਰਵੇਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ. ਤੇਜਾ ਸਿੰਘ ਚੂਹੜਕਾਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤ੍ਰਤਾ ਦੌਰਾਨ ਗ੍ਰਿਫ਼ਤਾਰ ਕਰ ਲਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਮੋਰਚੇ ਸਬੰਧੀ ਪ੍ਰਬੰਧ ਜਥੇਦਾਰ ਤੇਜਾ ਸਿੰਘ ਸਮੁੰਦਰੀ ਨੇ ਸੰਭਾਲੇ।
ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿ. ਜੇ. ਐੱਮ. ਡੰਨਟ ਨੇ ਅਕਾਲੀ ਲਹਿਰ ਨੂੰ ਕੁਚਲਣ ਲਈ ਸੁਪ੍ਰਿੰਟੈਂਡੈਂਟ ਆਫ ਪੁਲਿਸ ਮਿ. ਮੈਕਫ਼ਰਸਨ (ਐਸ. ਪੀ.) ਅਤੇ ਐਡੀਸ਼ਨਲ ਸੁਪ੍ਰਿੰਟੈਂਡੈਂਟ ਆਫ ਪੁਲਿਸ ਮਿ. ਬੀਟੀ ਨੂੰ ਪੂਰਨ ਅਧਿਕਾਰ ਦਿੱਤੇ ਹੋਏ ਸਨ; ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਨੇ ਗੁਰੂ ਕਾ ਬਾਗ ਜਾਣ ਵਾਲੇ ਜਥਿਆਂ 'ਤੇ ਅਣ-ਮਨੁੱਖੀ ਤਸ਼ੱਦਦ ਕਰਨਾ ਸ਼ੁਰੂ ਕੀਤਾ।
ਪੰਜਾਬ ਦੇ ਲੈਫਟੀਨੈਂਟ ਗਵਰਨਰ-ਜਨਰਲ ਸਰ ਐਡਵਰਡ ਮੈਕਲਾਗਨ ਨੇ 14 ਸਤੰਬਰ, 1922 ਨੂੰ ਗੁਰੂ ਕਾ ਬਾਗ਼ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਇਸ ਫੇਰੀ ਸਮੇਂ ਹੁਕਮ ਦਿੱਤੇ ਕਿ ਜਥਿਆਂ ਵਿਚ ਗਏ ਅਕਾਲੀ ਸਿੱਖਾਂ ਉਪਰ ਕੀਤੇ ਜਾਂਦੇ ਅਤਿਆਚਾਰ ਬੰਦ ਕੀਤੇ ਜਾਣ। ਇਸ ਤੋਂ ਬਾਅਦ ਗ੍ਰਿਫ਼ਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ ਜੋ 14 ਸਤੰਬਰ ਤੋਂ 17 ਨਵੰਬਰ ਤਕ ਚਲਿਆ। ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਜਥੇ ਗ੍ਰਿਫ਼ਤਾਰੀ ਦੇਣ ਲਈ ਗੁਰਦੁਆਰਾ ਗੁਰੂ ਕਾ ਬਾਗ਼ ਵਿਖੇ ਪਹੁੰਚਦੇ। ਗ੍ਰਿਫ਼ਤਾਰੀਆਂ ਦੌਰਾਨ ਵੀ ਸਿੰਘਾਂ 'ਤੇ ਤਸ਼ੱਦਦ ਜਾਰੀ ਰਿਹਾ।
17 ਨਵੰਬਰ, 1922 ਨੂੰ ਗੁਰੂ ਕਾ ਬਾਗ਼ ਦੀ ਜ਼ਮੀਨ ਨੂੰ ਸਰ ਗੰਗਾ ਰਾਮ ਵਲੋਂ ਮਹੰਤ ਸੁੰਦਰ ਦਾਸ ਤੋਂ ਲੈ ਕੇ ਅਕਾਲੀਆਂ ਦੇ ਹਵਾਲੇ ਕੀਤੀ ਗਈ। 22 ਅਗਸਤ ਤੋਂ 17 ਨਵੰਬਰ ਤਕ ਚੱਲੇ ਮੋਰਚਾ ਗੁਰੂ ਕਾ ਬਾਗ਼ ਦੌਰਾਨ 5605 ਸਿੰਘ ਗ੍ਰਿਫ਼ਤਾਰ ਕੀਤੇ ਗਏ, 1500 ਤੋਂ ਜ਼ਿਆਦਾ ਜ਼ਖ਼ਮੀ ਹੋਏ, ਦਰਜਨ ਦੇ ਕਰੀਬ ਸਿੰਘਾਂ ਨੇ ਸ਼ਹਾਦਤ ਪਾਈ।
ਇਹ ਮੋਰਚਾ ਪੂਰਨ ਰੂਪ ਵਿਚ ਸ਼ਾਂਤਮਈ ਸੀ। ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ ਅਤੇ ਸਿੰਘਾਂ ਦੀ ਬੀਰਤਾ ਤੇ ਗੌਰਵ ਦੀਆਂ ਕਹਾਣੀਆਂ ਘਰ-ਘਰ ਹੋਣ ਲੱਗੀਆਂ। ਇਸ ਮੋਰਚੇ ਦੌਰਾਨ ਸਿੰਘ ਚੜ੍ਹਦੀਕਲਾ ਨਾਲ ਗੁਰੂ ਦੇ ਸ਼ੁਕਰ ਵਿਚ ਰਹੇ, ਦੁਨੀਆ ਭਰ ਵਿਚ ਪੰਥ ਦਾ ਵਕਾਰ ਅਤੇ ਸਤਿਕਾਰ ਹੋਰ ਵੀ ਵਧ ਗਿਆ। ਸਿੰਘਾਂ ਨੇ ਸ਼ਾਂਤਮਈ ਰਹਿੰਦਿਆਂ ਅੰਗਰੇਜ਼ ਸਰਕਾਰ ਵੱਲੋਂ ਕੀਤੇ ਗਏ ਜਬਰ ਨੂੰ ਸਬਰ ਨਾਲ ਝਲਦਿਆਂ ਮੋਰਚਾ ਗੁਰੂ ਕਾ ਬਾਗ਼ ਵਿਚ ਫ਼ਤਹਿ ਪ੍ਰਾਪਤ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login