ADVERTISEMENT

ADVERTISEMENT

ਡੇਟਨ ਓਹਾਇਓ ਵਿਖੇ ਸਿੱਖ ਯੂਥ ਸਿਮਪੋਜ਼ੀਅਮ 2025 ਦਾ ਆਯੋਜਨ

ਭਾਗ ਲੈਣ ਵਾਲੇ ਬੱਚਿਆਂ ਨੂੰ ਪੁਰਸਕਾਰ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ / ਸਮੀਪ ਸਿੰਘ ਗੁਮਟਾਲਾ

ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2025 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸਿੱਖ ਸੋਸਾਇਟੀ ਆਫ ਡੇਟਨ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਹੋਏ। ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੀ ਸਰਪ੍ਰਸਤੀ ਹੇਠ ਆਯੋਜਿਤ ਪ੍ਰੋਗਰਾਮ ਵਿੱਚ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ 15 ਬੱਚਿਆਂ ਤੇ ਨੋਜਵਾਨਾਂ ਨੇ ਭਾਗ ਲਿਆ। 


ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੇਟਨ ਖੇਤਰ ਦੇ ਕਨਵੀਨਰ ਸਮੀਪ ਸਿੰਘ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਜਨਵਰੀ ਮਹੀਨੇ ਇਕ ਕਿਤਾਬ ਅਤੇ 3 ਸਵਾਲ ਦਿੱਤੇ ਜਾਂਦੇ ਹਨ। ਬੱਚਿਆਂ ਨੇ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। 


ਉਹਨਾਂ ਅੱਗੇ ਦੱਸਿਆ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਅਤੇ ਬੋਲਣ ਦਾ ਵੀ ਪਤਾ ਲੱਗਦਾ ਹੈ। ਸਿਮਪੋਜ਼ੀਅਮ ਵਾਲੇ ਦਿਨ ਹਰੇਕ ਬੱਚੇ ਦੀ ਮਿਹਨਤ ਉਹਨਾਂ ਦੇ ਭਾਸ਼ਣ ਰਾਹੀਂ ਸਾਫ ਝਲਕ ਰਹੀ ਸੀ।


ਇਸ ਸਾਲ ਪਹਿਲੇ ਗਰੁੱਪ ਨੂੰ “ਸਾਕਾ ਚਮਕੌਰ”, ਦੂਜੇ ਨੂੰ “ਸਿੱਖ ਸਾਖੀਜ਼”, ਤੀਜੇ ਨੂੰ “ਸਿੱਖ ਇਤੀਹਾਸ ਦੀਆਂ ਚੋਣਵੀਆਂ ਸਾਖੀਆਂ” ਅਤੇ ਚੌਥੇ ਨੂੰ “ਦ ਮੈਸੇਜ ਆਫ ਗੁਰਬਾਣੀ” ਪੁਸਤਕ ਦਿੱਤੀ ਗਈ। ਹਰ ਸਾਲ ਵਾਂਗ ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। 


ਭਾਗ ਲੈਣ ਵਾਲੇ ਬੱਚਿਆਂ ਨੂੰ ਪੁਰਸਕਾਰ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਹਰੇਕ ਗਰੁਪ ਦੇ ਜੇਤੂ ਬੱਚੇ ਓਹਾਇਓ ਅਤੇ ਪੈਨਸਲਵੇਨੀਆਂ ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਜੇਤੂਆਂ ਨਾਲ ਕਲੀਵਲੈਂਡ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ।
 

Comments

Related