ADVERTISEMENT

ADVERTISEMENT

ਅਮਰੀਕਾ ਵਿੱਚ ਭਾਰਤੀ ਲੜਕੀ ਦਾ ਚਾਕੂ ਮਾਰ ਕੇ ਕਤਲ, ਮੁਲਜ਼ਮ ਸਾਬਕਾ ਪ੍ਰੇਮੀ ਭਾਰਤ ਫ਼ਰਾਰ

ਪੁਲਿਸ ਅਨੁਸਾਰ, ਲੜਕੀ ਦੇ ਸਾਬਕਾ ਪ੍ਰੇਮੀ ਦੀ ਅੰਤਰਰਾਸ਼ਟਰੀ ਪੱਧਰ 'ਤੇ ਭਾਲ ਕੀਤੀ ਜਾ ਰਹੀ ਹੈ

Representative image / Pexels

ਅਮਰੀਕਾ ਦੇ ਮੈਰੀਲੈਂਡ ਰਾਜ ਵਿੱਚ ਇੱਕ ਅਪਾਰਟਮੈਂਟ ਦੇ ਅੰਦਰ ਇੱਕ ਨੌਜਵਾਨ ਭਾਰਤੀ ਹੈਲਥਕੇਅਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ, ਲੜਕੀ ਦੇ ਸਾਬਕਾ ਪ੍ਰੇਮੀ ਦੀ ਅੰਤਰਰਾਸ਼ਟਰੀ ਪੱਧਰ 'ਤੇ ਭਾਲ ਕੀਤੀ ਜਾ ਰਹੀ ਹੈ, ਜੋ ਲੜਕੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਤੋਂ ਕੁਝ ਘੰਟਿਆਂ ਬਾਅਦ ਹੀ ਦੇਸ਼ ਛੱਡ ਕੇ ਭਾਰਤ ਚਲਾ ਗਿਆ ਸੀ। 

ਹਾਵਰਡ ਕਾਊਂਟੀ ਪੁਲਿਸ ਦੇ ਅਨੁਸਾਰ, ਐਲੀਸੋਟ ਸਿਟੀ ਦੀ 27 ਸਾਲਾ ਨਿਕਿਤਾ ਗੋਡਿਸ਼ਲਾ ਦੀ ਲਾਸ਼ 3 ਜਨਵਰੀ ਨੂੰ ਕੋਲੰਬੀਆ ਸਥਿਤ ਇੱਕ ਅਪਾਰਟਮੈਂਟ ਵਿੱਚ ਮਿਲੀ। ਇਹ ਅਪਾਰਟਮੈਂਟ ਉਸ ਦੇ ਸਾਬਕਾ ਸਾਥੀ 26 ਸਾਲਾ ਅਰਜੁਨ ਸ਼ਰਮਾ ਦਾ ਸੀ। ਅਰਜੁਨ ਸ਼ਰਮਾ ਵੀ ਭਾਰਤ ਤੋਂ ਹੈ। ਪੁਲਿਸ ਨੇ ਉਸ 'ਤੇ ਫਸਟ ਅਤੇ ਸੈਕੰਡ-ਡਿਗਰੀ ਮਰਡਰ ਦੇ ਦੋਸ਼ ਲਗਾਏ ਹਨ। ਅਰਜੁਨ ਦੇ ਭਾਰਤ ਭੱਜ ਜਾਣ ਦੀ ਪੁਸ਼ਟੀ ਹੋਣ ਤੋਂ ਬਾਅਦ, ਅਮਰੀਕੀ ਏਜੰਸੀਆਂ ਉਸਦੀ ਤਲਾਸ਼ ਅਤੇ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਕਿ 2 ਜਨਵਰੀ ਨੂੰ ਅਰਜੁਨ ਸ਼ਰਮਾ ਨੇ ਨਿਕਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਸਨੇ ਕਿਹਾ ਸੀ ਕਿ ਉਸਨੇ ਨਿਕਿਤਾ ਨੂੰ ਆਖ਼ਰੀ ਵਾਰ 31 ਦਸੰਬਰ ਨੂੰ ਆਪਣੇ ਅਪਾਰਟਮੈਂਟ ਵਿੱਚ ਦੇਖਿਆ ਸੀ, ਜੋ ਟਵਿਨ ਰਿਵਰਜ਼ ਰੋਡ ਦੇ 10100 ਬਲਾਕ ਵਿੱਚ ਸਥਿਤ ਹੈ। ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਉਸੇ ਦਿਨ ਅਰਜੁਨ ਸ਼ਰਮਾ ਅਮਰੀਕਾ ਛੱਡ ਕੇ ਭਾਰਤ ਚਲਾ ਗਿਆ ਸੀ।

3 ਜਨਵਰੀ ਨੂੰ ਪੁਲਿਸ ਨੇ ਅਪਾਰਟਮੈਂਟ ਦੀ ਤਲਾਸ਼ੀ ਲਈ, ਜਿੱਥੇ ਚਾਕੂ ਦੇ ਜ਼ਖ਼ਮਾਂ ਨਾਲ ਨਿਕਿਤਾ ਦੀ ਲਾਸ਼ ਮਿਲੀ। ਪੁਲਿਸ ਦਾ ਮੰਨਣਾ ਹੈ ਕਿ 31 ਦਸੰਬਰ, ਨਿਊ ਰੀਅਰ ਈਵ ਸ਼ਾਮ ਕਰੀਬ 7 ਵਜੇ ਤੋਂ ਕੁਝ ਹੀ ਸਮੇਂ ਬਾਅਦ ਉਸਦੀ ਹੱਤਿਆ ਕੀਤੀ ਗਈ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੁਣ ਤੱਕ ਹੱਤਿਆ ਦਾ ਕੋਈ ਸਪਸ਼ਟ ਮਕਸਦ ਸਾਹਮਣੇ ਨਹੀਂ ਆਇਆ। ਹਾਵਰਡ ਕਾਊਂਟੀ ਪੁਲਿਸ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਅਰਜੁਨ ਸ਼ਰਮਾ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਅਤੇ ਉਸਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।

ਨਿਕਿਤਾ ਦੇ ਲਿੰਕਡਇਨ ਪ੍ਰੋਫ਼ਾਈਲ ਮੁਤਾਬਕ, ਉਹ ਇੱਕ ਹੈਲਥਕੇਅਰ ਅਤੇ ਡਾਟਾ ਐਨਾਲਿਟਿਕਸ ਪ੍ਰੋਫੈਸ਼ਨਲ ਸੀ। ਉਸਨੂੰ ਫ਼ਾਰਮੇਸੀ, ਕਲੀਨਿਕਲ ਰਿਸਰਚ, ਹੈਲਥ ਇਨਫ਼ੋਰਮੇਸ਼ਨ ਟੈਕਨੋਲੋਜੀ ਅਤੇ ਡਾਟਾ ਮੈਨੇਜਮੈਂਟ ਵਿੱਚ ਤਜਰਬਾ ਸੀ। ਉਸਦਾ ਟੀਚਾ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਸੀ।

ਉਸਨੇ ਯੂਨੀਵਰਸਿਟੀ ਆਫ਼ ਮੈਰੀਲੈਂਡ, ਬਾਲਟੀਮੋਰ ਕਾਊਂਟੀ ਤੋਂ ਹੈਲਥ ਇਨਫ਼ੋਰਮੇਸ਼ਨ ਤਕਨਾਲੋਜੀ ਵਿੱਚ ਮਾਸਟਰ ਡਿਗਰੀ ਅਤੇ ਭਾਰਤ ਵਿੱਚ ਜਵਾਹਰਲਾਲ ਨਹਿਰੂ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਡਾਕਟਰ ਆਫ਼ ਫ਼ਾਰਮੇਸੀ ਦੀ ਡਿਗਰੀ ਹਾਸਲ ਕੀਤੀ ਹੋਈ ਸੀ।

ਅਮਰੀਕੀ ਕਾਨੂੰਨ ਅਨੁਸਾਰ, ਫ਼ਰਸਟ-ਡਿਗਰੀ ਮਰਡਰ ਵਿੱਚ ਪਹਿਲਾਂ ਤੋਂ ਯੋਜਨਾ ਬਣਾਈ ਹੋਈ ਹੱਤਿਆ ਸ਼ਾਮਲ ਹੁੰਦੀ ਹੈ, ਜਦਕਿ ਸੈਕੰਡ-ਡਿਗਰੀ ਮਰਡਰ ਉਹਨਾਂ ਜਾਣ-ਬੁੱਝ ਕੇ ਕੀਤੀਆਂ ਹੱਤਿਆਵਾਂ ’ਤੇ ਲਾਗੂ ਹੁੰਦਾ ਹੈ ਜਿਨ੍ਹਾਂ ਵਿੱਚ ਪਹਿਲਾਂ ਤੋਂ ਕੋਈ ਯੋਜਨਾ ਨਹੀਂ ਹੁੰਦੀ।

Comments

Related