Representative image / File Photo/IANS
ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰਿਕ ਰਿਆਸਤਾਂ—ਭਾਰਤ ਅਤੇ ਅਮਰੀਕਾ ਦਰਮਿਆਨ ਦੋ-ਪੱਖੀ ਸੰਬੰਧਾਂ ਲਈ ਵਪਾਰ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪ੍ਰਵਾਸੀ ਭਾਰਤੀ ਮੀਡੀਆ ਦੀ ਭੂਮਿਕਾ ਮੁੱਦਿਆਂ ਵਿਚੋਂ ਰਹੀ। ਭਵਿੱਖੀ ਭਾਰਤ–ਅਮਰੀਕਾ ਰਿਸ਼ਤਿਆਂ ਦੀ ਦਿਸ਼ਾ ‘ਤੇ ਵਿਚਾਰ ਕਰਦਿਆਂ ਪ੍ਰਮੁੱਖ ਸਮਾਜਕ ਆਗੂਆਂ, ਵਪਾਰਕ ਨੇਤਾਵਾਂ ਅਤੇ ਰਾਜਨਾਇਕਾਂ ਨੇ ਇਹ ਗੱਲਾਂ ਉਜਾਗਰ ਕੀਤੀਆਂ। ਯੂਐਸ-ਇੰਡੀਆ ਰਣਨੀਤਕ ਭਾਈਵਾਲੀ ਫੋਰਮ ਦੇ ਅੰਕਿਤ ਜੈਨ ਨੇ ਦੋ-ਪੱਖੀ ਸੰਬੰਧਾਂ ਨੂੰ “ਇੱਕ ਲੰਬਾ ਚੱਲਦਾ ਵਿਆਹ—ਜਿਸ ਵਿੱਚ ਵਚਨਬੱਧਤਾ ਬਹੁਤ ਹੈ ਪਰ ਡਰਾਮਾ ਘੱਟ ਹੈ” ਵਜੋਂ ਵਰਣਨ ਕੀਤਾ।
ਉਨ੍ਹਾਂ ਕਿਹਾ ਕਿ ਰਾਜਨੀਤਕ ਉਲਝਣਾਂ ਦੇ ਬਾਵਜੂਦ ਵਪਾਰਕ ਸੰਬੰਧ ਮਜ਼ਬੂਤ ਹਨ। ਉਨ੍ਹਾਂ ਕਿਹਾ, “ਭਾਰਤ 200 ਅਰਬ ਡਾਲਰ ਤੋਂ ਵੱਧ ਦੇ ਨਾਲ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਹੈ” ਉਨ੍ਹਾਂ ਅੱਗੇ ਕਿਹਾ ਕਿ ਐਮਾਜ਼ਾਨ, ਮਾਈਕ੍ਰੋਸਾਫਟ ਅਤੇ ਗੂਗਲ ਵੱਲੋਂ ਕੀਤੀਆਂ ਹਾਲੀਆ ਘੋਸ਼ਣਾਵਾਂ ਇਸ ਗੱਲ ਦਾ ਸਬੂਤ ਹਨ ਕਿ ਅਮਰੀਕੀ ਕੰਪਨੀਆਂ ਭਾਰਤ ਵਿੱਚ ਲਗਾਤਾਰ ਵੱਡਾ ਨਿਵੇਸ਼ ਕਰ ਰਹੀਆਂ ਹਨ।
ਇੱਥੇ ਹੋਏ ‘ਇੰਡੀਆ ਅਬਰੌਡ ਡਾਇਲਾਗ’ ਦੌਰਾਨ ਇੱਕ ਪੈਨਲ ਚਰਚਾ ਵਿੱਚ ਹਿੱਸਾ ਲੈਂਦਿਆਂ ਜੈਨ ਨੇ ਚੇਤਾਵਨੀ ਦਿੱਤੀ ਕਿ ਟੈਰਿਫ਼ ਦੋਵਾਂ ਅਰਥਵਿਵਸਥਾਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ, “ਭਾਰਤ ਨੂੰ 50 ਫੀਸਦੀ ਤੱਕ ਦੇ ਸਭ ਤੋਂ ਉੱਚੇ ਟੈਰਿਫ਼ ਵਾਲੀ ਸ਼੍ਰੇਣੀ ਵਿੱਚ ਰੱਖਣਾ ਬਿਲਕੁਲ ਬੇਮਤਲਬ ਹੈ।” ਇਸਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਵਿੱਚ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਅਤੇ ਮਹਿੰਗਾਈ ‘ਤੇ ਪੈਣ ਵਾਲੇ ਪ੍ਰਭਾਵ ਵੱਲ ਧਿਆਨ ਦਿਵਾਇਆ।
ਭਾਰਤੀ ਦੂਤਾਵਾਸ ਦੇ ਕਮਿਊਨਿਟੀ ਮਾਮਲਿਆਂ ਅਤੇ ਸੁਰੱਖਿਆ ਲਈ ਕੌਂਸਲਰ ਦੇਬੇਸ਼ ਕੁਮਾਰ ਬਿਹੇਰਾ ਨੇ ਕਿਹਾ ਕਿ ਭਾਰਤ ਦਾ ਆਉਣ ਵਾਲਾ ਏਆਈ ਸਮਿਟ ਖੁੱਲ੍ਹੇ ਸਰੋਤ (ਓਪਨ ਸੋਰਸ) ਨਵੀਨਤਾ ਅਤੇ ਦੇਸੀ ਸਮਰੱਥਾ ‘ਤੇ ਕੇਂਦਰਿਤ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ “ਅਸੀਂ ਜਿੰਨਾ ਜ਼ਿਆਦਾ ਓਪਨ ਸੋਰਸ ਵਰਤਾਂਗੇ, ਉਹਨਾ ਹੀ ਭਾਈਚਾਰੇ ਨੂੰ ਲਾਭ ਹੋਵੇਗਾ।”
ਭਾਈਚਾਰਕ ਆਗੂ ਅਤੇ ਸਫ਼ਲ ਵਪਾਰੀ ਅਮਿਤਾਭ ਮਿੱਤਲ ਨੇ ਕਿਹਾ, “ਏਆਈ ਵਿਕਾਸ ਦੇ ਮਾਮਲੇ ਵਿੱਚ ਅਸੀਂ ਸਭ ਤੋਂ ਮਜ਼ਬੂਤ ਕਮਿਊਨਿਟੀ ਹਾਂ” ਅਤੇ ਉਨ੍ਹਾਂ ਨੇ ਅਗਲੀ ਪੀੜ੍ਹੀ ਦੇ ਭਾਰਤੀ–ਅਮਰੀਕੀ ਉਦਯੋਗਪਤੀਆਂ ਅਤੇ ਭਾਰਤ ਦੇ ਨਵੀਨਤਾ ਇਕੋਸਿਸਟਮ ਵਿਚਕਾਰ ਹੋਰ ਗਹਿਰੇ ਸਹਿਯੋਗ ਦੀ ਅਪੀਲ ਕੀਤੀ।
ਮੀਡੀਆ ਦੀ ਜ਼ਿੰਮੇਵਾਰੀ ਵੀ ਚਰਚਾ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ। ਕਮਿਊਨਿਟੀ ਮੀਡੀਆ ਦੀ ਆਗੂ ਵੰਦਨਾ ਝਿੰਗਨ ਨੇ ਚੇਤਾਵਨੀ ਦਿੱਤੀ ਕਿ ਗਲਤ ਜਾਣਕਾਰੀ ਅਤੇ “ਪੀਲੀ ਪੱਤਰਕਾਰੀ” ਭਰੋਸੇ ਨੂੰ ਖੋਖਲਾ ਕਰ ਰਹੀ ਹੈ। ਉਨ੍ਹਾਂ ਕਿਹਾ, “ਹਰ ਕਿਸੇ ਦੇ ਹੱਥ ਵਿੱਚ ਸਮਾਰਟਫ਼ੋਨ ਹੈ ਅਤੇ ਹਰ ਕੋਈ ਆਪਣੇ ਆਪ ਨੂੰ ਰਿਪੋਰਟਰ ਸਮਝਦਾ ਹੈ।” ਉਨ੍ਹਾਂ ਕਿਹਾ ਕਿ ਨਸਲੀ (ਇਥਨਿਕ) ਮੀਡੀਆ ਨੂੰ ਭਾਈਚਾਰੇ ਵੱਲੋਂ ਹੋਰ ਮਜ਼ਬੂਤ ਸਹਿਯੋਗ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ ਵਪਾਰਕ ਸੰਸਥਾਵਾਂ ਨੂੰ ਭਰੋਸੇਯੋਗ ਪ੍ਰਵਾਸੀ ਮੀਡੀਆ ਦਾ ਸਹਾਰਾ ਬਣਨ ਦੀ ਅਪੀਲ ਕੀਤੀ।
ਭਾਗੀਦਾਰਾਂ ਨੇ ਰੱਖਿਆ ਨਿਰਮਾਣ, ਸੈਮੀਕੰਡਕਟਰਾਂ ਅਤੇ ਪੁਲਾੜ ਤਕਨਾਲੋਜੀ ‘ਤੇ ਵੀ ਚਰਚਾ ਕੀਤੀ ਅਤੇ ਉਨ੍ਹਾਂ ਨੇ ਸਾਂਝੀ ਰਚਨਾ (ਕੋ-ਕ੍ਰੀਏਸ਼ਨ) ਦੇ ਵਧਦੇ ਮੌਕਿਆਂ ਨੂੰ ਉਜਾਗਰ ਕੀਤਾ। ਭਾਈਚਾਰਕ ਅਤੇ ਵਪਾਰਕ ਆਗੂ ਨੀਰਵ ਪਟੇਲ ਨੇ ਕਿਹਾ, “ਅਮਰੀਕਾ ਵਿੱਚ ਰੱਖਿਆ ਅਤੇ ਪੁਲਾੜ ਖੇਤਰ ਵਿੱਚ ਕੰਮ ਕਰ ਰਹੀਆਂ 3,600 ਤੋਂ ਵੱਧ ਛੋਟੀਆਂ ਸੰਸਥਾਵਾਂ ਹਨ,” ਅਤੇ ਇਨ੍ਹਾਂ ਵਿੱਚੋਂ ਕਈ ਅਗਲੀ ਪੀੜ੍ਹੀ ਦੇ ਭਾਰਤੀ–ਅਮਰੀਕੀਆਂ ਦੀ ਅਗਵਾਈ ਹੇਠ ਹਨ।
ਸੈਸ਼ਨ ਦਾ ਸਮਾਪਨ ਰਾਜਨੀਤਕ ਅਨਿਸ਼ਚਿਤਤਾ ਦੇ ਬਾਵਜੂਦ ਲਗਾਤਾਰ ਸੰਪਰਕ ਬਣਾਈ ਰੱਖਣ ਦੀ ਅਪੀਲ ਨਾਲ ਹੋਇਆ। ਇੱਕ ਵਕਤਾ ਨੇ ਕਿਹਾ, “ਨਾ ਇਹ ਸਭ ਤੋਂ ਮਾੜਾ ਸਮਾਂ ਹੈ, ਨਾ ਹੀ ਸਭ ਤੋਂ ਚੰਗਾ। ਇਹ ਸਿਰਫ਼ ਸਮਾਂ ਹੈ।” ਪਿਛਲੇ ਦਹਾਕੇ ਦੌਰਾਨ ਭਾਰਤ ਅਤੇ ਅਮਰੀਕਾ ਨੇ ਰੱਖਿਆ, ਤਕਨਾਲੋਜੀ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਇਆ ਹੈ। ਜਿਵੇਂ-ਜਿਵੇਂ ਦੋਵੇਂ ਦੇਸ਼ ਰਾਜਨੀਤਕ ਬਦਲਾਵਾਂ ਵਿਚੋਂ ਲੰਘ ਰਹੇ ਹਨ, ਪ੍ਰਵਾਸੀ ਆਗੂਆਂ ਦਾ ਕਹਿਣਾ ਹੈ ਕਿ ਲੋਕ-ਤੋਂ-ਲੋਕ ਸੰਪਰਕ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਲਈ ਇੱਕ ਸਥਿਰਤਾ ਪੈਦਾ ਕਰਨ ਵਾਲੀ ਤਾਕਤ ਬਣੇ ਰਹਿਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login