ADVERTISEMENT

ADVERTISEMENT

ਯੂਨੈਸਕੋ ਸੂਚੀ ‘ਚ ਸ਼ਾਮਲ ਹੋਇਆ ਦੀਵਾਲੀ ਦਾ ਤਿਓਹਾਰ, ਹਿਊਸਟਨ ‘ਚ ਭਾਰਤੀ ਦੂਤਾਵਾਸ ਨੇ ਮਨਾਈ ਖ਼ੁਸ਼ੀ

ਜਦੋਂ ਯੂਨੇਸਕੋ ਵੱਲੋਂ ਦੀਵਾਲੀ ਨੂੰ ਮਨੁੱਖਤਾ ਦੀ ਅਟੁੱਟ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧ ਸੂਚੀ ਵਿੱਚ ਸ਼ਾਮਲ ਕੀਤੇ ਗਿਆ ਤਾਂ ਇਸ ਮੌਕੇ ਨੂੰ ਮਨਾਉਣ ਲਈ ਹਿਊਸਟਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ। ਇਹ ਸਮਾਗਮ ਬੀਏਪੀਐਸ ਸ਼੍ਰੀ ਸਵਾਮੀਨਾਰਾਇਣ ਮੰਦਰ ਅਤੇ ਹਿਊਸਟਨ ਵਿੱਚ ਹੋਰ ਭਾਰਤੀ-ਅਮਰੀਕੀ ਡਾਇਸਪੋਰਾ ਸੰਸਥਾਵਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

ਇਸ ਦੌਰਾਨ ਸੰਬੋਧਨ ਕਰਦੇ ਹੋਏ ਹਿਊਸਟਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਡੀ.ਸੀ. ਮੰਜੂਨਾਥ ਨੇ ਇਸ ਮਾਨਤਾ ਦੀ ਵਿਸ਼ਵ-ਪੱਧਰੀ ਮਹੱਤਤਾ ਅਤੇ ਦੀਵਾਲੀ ਦੀ ਰੌਸ਼ਨੀ, ਸਾਂਝ ਅਤੇ ਸਦਭਾਵਨਾ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਉਜਾਗਰ ਕੀਤਾ। ਹਿਊਸਟਨ ਕੌਂਸਲੇਟ ਨੇ ਐਕਸ ‘ਤੇ ਪੋਸਟ ਕੀਤਾ, “ਸਮਾਰੋਹ ਵਿੱਚ ਦੀਵਾ-ਜਲਾਉਣ ਦੀ ਰਸਮ, ਸੱਭਿਆਚਾਰਕ ਪ੍ਰਸਤੁਤੀਆਂ, ਅਤੇ ਮਨਮੋਹਕ ਲਾਈਟ ਸ਼ੋਅ ਸ਼ਾਮਲ ਸਨ, ਜਿਸ ਵਿੱਚ ਪ੍ਰਵਾਸੀ ਭਾਈਚਾਰੇ ਅਤੇ ਚੁਣੇ ਹੋਏ ਅਧਿਕਾਰੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ।”

ਯੂਨੇਸਕੋ ਦੀ ਇੰਟਰਗਵਰਨਮੈਂਟਲ ਕਮੇਟੀ ਫ਼ਾਰ ਦ ਸੇਫਗਾਰਡਿੰਗ ਆਫ਼ ਇੰਟੈਂਜਿਬਲ ਕਲਚਰਲ ਹੈਰੀਟੇਜ ਦੀ ਹਫ਼ਤੇ-ਲੰਬੀ ਬੈਠਕ ਦੌਰਾਨ, ਜਿਸਦੀ ਸ਼ੁਰੂਆਤ ਸੋਮਵਾਰ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਚ ਹੋਈ, ਭਾਰਤ ਦੀ ਦੀਵਾਲੀ ਸਮੇਤ ਲਗਭਗ 80 ਦੇਸ਼ਾਂ ਦੁਆਰਾ ਪੇਸ਼ ਕੀਤੀਆਂ ਗਈਆਂ ਕੁੱਲ 67 ਨਾਮਜ਼ਦਗੀਆਂ ਦੀ ਜਾਂਚ ਕੀਤੀ ਗਈ। 

ਦੁਨੀਆ ਭਰ ਵਿੱਚ ਕਈ ਭਾਰਤੀ ਕੂਟਨੀਤਕ ਮਿਸ਼ਨਾਂ ਨੇ ਵੀ ਇਸ ਮੌਕੇ ਦਾ ਜਸ਼ਨ ਮਨਾਇਆ, ਜੋ ਭਾਰਤ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਅਤੇ ਆਧਿਆਤਮਿਕ ਤਿਉਹਾਰਾਂ ਵਿੱਚੋਂ ਇੱਕ ਦੀ ਵਿਸ਼ਵ ਮਾਨਤਾ ਦਾ ਪ੍ਰਤੀਕ ਹੈ। ਲੇਬਨਾਨ ਵਿੱਚ, ਬੇਰੂਤ ਸਥਿਤ ਭਾਰਤੀ ਦੂਤਾਵਾਸ ਨੇ ਇਸ ਜਸ਼ਨ ਦੇ ਹਿੱਸੇ ਵਜੋਂ ਸ਼ਾਨਦਾਰ ਸੱਭਿਆਚਾਰਕ ਪ੍ਰਸਤੁਤੀਆਂ ਦਾ ਆਯੋਜਨ ਕੀਤਾ। ਲੇਬਨਾਨ ਵਿੱਚ ਭਾਰਤ ਦੇ ਰਾਜਦੂਤ ਨੂਰ ਰਹਿਮਾਨ ਸ਼ੇਖ ਨੇ, ਆਪਣੀ ਪਤਨੀ ਦੇ ਨਾਲ, ਦੀਵੇ ਬਾਲ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਅਤੇ ਭਾਈਚਾਰੇ ਦੇ ਨਾਲ ਮਿਲ ਕੇ ਰੋਸ਼ਨੀ ਦੇ ਇਸ ਤਿਉਹਾਰ ਨੂੰ ਮਨਾਇਆ।

ਵੀਰਵਾਰ ਨੂੰ ਪਹਿਲਾਂ, ਚਿਲੀ ਵਿੱਚ ਭਾਰਤੀ ਦੂਤਾਵਾਸ ਨੇ ਸੈਂਟੀਆਗੋ ਹਿੰਦੂ ਮੰਦਰ ਵਿੱਚ ਇੱਕ ਸਮਾਰੋਹ ਕਰਵਾਇਆ, ਜਿਸ ਵਿੱਚ ਦੀਵੇ, ਰੌਸ਼ਨੀ, ਭਜਨ ਅਤੇ ਵੱਖ-ਵੱਖ ਹਿੰਦੂ ਦੇਵਤਿਆਂ ਦੀ ਅਰਦਾਸ ਅਤੇ ਪੂਜਾ ਕੀਤੀ ਗਈ ਜੋ ਹਨੇਰੇ ਉੱਤੇ ਚਾਨਣ ਅਤੇ ਵੰਡ ਉੱਤੇ ਏਕਤਾ ਦੇ ਸੰਦੇਸ਼ ਨੂੰ ਦਰਸਾਉਂਦਾ ਹੈ। 

ਚਿਲੀ ਵਿੱਚ ਭਾਰਤੀ ਦੂਤਾਵਾਸ ਨੇ ਐਕਸ ‘ਤੇ ਪੋਸਟ ਕੀਤਾ, “ਅਸੀਂ ਚਿਲੀ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਵਿਸ਼ਵ ਮਾਨਤਾ ਦੇ ਜਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋ ਕੇ ਭਾਰਤ ਦੀਆਂ ਸਭ ਤੋਂ ਕੀਮਤੀ ਸੱਭਿਆਚਾਰਿਕ ਪਰੰਪਰਾਵਾਂ ਵਿੱਚੋਂ ਇੱਕ ਦਾ ਮਾਣ ਵਧਾਇਆ।”

Comments

Related