ADVERTISEMENT

ADVERTISEMENT

ਮੈਲਬੌਰਨ 'ਚ ‘ਆਸਟਰੇਲੀਅਨ ਸਿੱਖ ਖੇਡਾਂ’ ਦਾ ਆਯੋਜਨ ਭਲਕੇ ਤੋਂ

 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ / facebook

ਆਸਟ੍ਰੇਲੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਦਾ ਸਭ ਤੋਂ ਵੱਡਾ ਖੇਡ ਅਤੇ ਸੱਭਿਆਚਾਰਕ ਮੇਲਾ, 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ, ਭਲਕੇ 3 ਅਪ੍ਰੈਲ ਤੋਂ ਮੈਲਬੌਰਨ ਦੇ ਪਾਰਕਵਿਲੇ ਇਲਾਕੇ ਵਿੱਚ ਸ਼ੁਰੂ ਹੋ ਰਹੀਆਂ ਹਨ। ਈਸਟਰ ਦੇ ਲੰਮੇ ਵੀਕੈਂਡ ਦੌਰਾਨ ਚੱਲਣ ਵਾਲਾ ਇਹ ਤਿੰਨ ਰੋਜ਼ਾ ਈਵੈਂਟ 5 ਅਪ੍ਰੈਲ ਤੱਕ ਜਾਰੀ ਰਹੇਗਾ। ਮੈਲਬੌਰਨ ਸਿਟੀ ਕੌਂਸਲ ਦੇ ਸਹਿਯੋਗ ਨਾਲ ਹੋ ਰਹੀਆਂ ਇਨ੍ਹਾਂ ਖੇਡਾਂ ਲਈ ਇਸ ਵਾਰ ਰਿਕਾਰਡ ਤੋੜ ਤਿਆਰੀਆਂ ਕੀਤੀਆਂ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੇ ਤਿੰਨ ਦਿਨਾ ਆਯੋਜਨ ਵਿੱਚ ਲਗਭਗ 3 ਲੱਖ ਤੋਂ ਵੱਧ ਦਰਸ਼ਕ ਪਹੁੰਚ ਸਕਦੇ ਹਨ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਬਣ ਜਾਵੇਗਾ। ਅੱਜ 2 ਅਪ੍ਰੈਲ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਅਤੇ ਬਿਬ ਕਲੈਕਸ਼ਨ ਦਾ ਕੰਮ ਮੁਕੰਮਲ ਹੋ ਰਿਹਾ ਹੈ ਤਾਂ ਜੋ ਭਲਕੇ ਸਵੇਰੇ 8 ਵਜੇ ਤੋਂ ਖੇਡਾਂ ਦਾ ਆਗਾਜ਼ ਹੋ ਸਕੇ।

ਇਸ ਵਾਰ ਖੇਡਾਂ ਵਿੱਚ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਅਤੇ ਕੈਨੇਡਾ ਤੋਂ ਲਗਭਗ 5,500 ਖਿਡਾਰੀ ਆਪਣੀ ਜੌਹਰ ਦਿਖਾਉਣਗੇ। ਖੇਡਾਂ ਦਾ ਮੁੱਖ ਆਕਰਸ਼ਣ ਹਮੇਸ਼ਾ ਦੀ ਤਰ੍ਹਾਂ ਕਬੱਡੀ ਰਹੇਗੀ, ਜਿਸ ਲਈ ਪੰਜਾਬ ਲਾਇਨ ਕਲੱਬ ਐਡੀਲੇਡ ਸਮੇਤ ਕਈ ਵੱਡੀਆਂ ਟੀਮਾਂ ਮੈਲਬੌਰਨ ਪਹੁੰਚ ਚੁੱਕੀਆਂ ਹਨ। ਕਬੱਡੀ ਤੋਂ ਇਲਾਵਾ ਹਾਕੀ, ਫੁੱਟਬਾਲ, ਕ੍ਰਿਕਟ, ਨੈੱਟਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਹੋਣਗੇ। ਕ੍ਰਿਕਟ ਦੇ ਕੁਝ ਲੀਗ ਮੈਚ ਤਾਂ ਅੱਜ ਤੋਂ ਹੀ ਵੱਖ-ਵੱਖ ਮੈਦਾਨਾਂ 'ਤੇ ਸ਼ੁਰੂ ਹੋ ਚੁੱਕੇ ਹਨ।

ਸੱਭਿਆਚਾਰਕ ਪੱਖੋਂ ਵੀ ਇਹ ਖੇਡਾਂ ਬਹੁਤ ਅਮੀਰ ਹੋਣਗੀਆਂ। ਭਲਕੇ ਸ਼ਾਮ ਨੂੰ ਹੋਣ ਵਾਲੀ 'ਕਲਚਰਲ ਨਾਈਟ' ਵਿੱਚ ਭੰਗੜੇ ਅਤੇ ਗਿੱਧੇ ਦੇ ਮੁਕਾਬਲੇ ਹੋਣਗੇ, ਜਦਕਿ 5 ਅਪ੍ਰੈਲ ਦੀ ਰਾਤ ਨੂੰ ਕਰਾਊਨ ਪੈਲੇਡੀਅਮ ਵਿਖੇ 'ਜਸ਼ਨ ਦੀ ਰਾਤ' ਨਾਲ ਖੇਡਾਂ ਦਾ ਸਮਾਪਨ ਹੋਵੇਗਾ। ਗੁਰੂ ਕਾ ਲੰਗਰ ਤਿੰਨੇ ਦਿਨ ਅਟੁੱਟ ਵਰਤੇਗਾ, ਜਿਸ ਦੀ ਸੇਵਾ ਸਥਾਨਕ ਗੁਰਦੁਆਰਾ ਸਾਹਿਬਾਨ ਅਤੇ ਵਲੰਟੀਅਰਾਂ ਵੱਲੋਂ ਕੀਤੀ ਜਾ ਰਹੀ ਹੈ।

ਇਸ ਵਾਰ ਦੀਆਂ ਆਸਟਰੇਲੀਅਨ ਸਿੱਖ ਖੇਡਾਂ ਸਿਰਫ਼ ਮੈਦਾਨੀ ਜੰਗ ਤੱਕ ਹੀ ਸੀਮਤ ਨਹੀਂ ਹਨ, ਸਗੋਂ ਮਾਨਵਤਾ ਦੀ ਸੇਵਾ ਅਤੇ ਸੱਭਿਆਚਾਰਕ ਸਾਂਝ ਦਾ ਵੀ ਵੱਡਾ ਪ੍ਰਤੀਕ ਬਣ ਰਹੀਆਂ ਹਨ। ਖੇਡਾਂ ਦੇ ਪ੍ਰਬੰਧਕਾਂ ਨੇ ਇਸ ਸਾਲ ਇੱਕ ਵਿਸ਼ੇਸ਼ ਪਰਉਪਕਾਰੀ ਪਹਿਲਕਦਮੀ ਕਰਦਿਆਂ 'ਮੈਲਬੌਰਨ ਰੌਇਲ ਚਿਲਡਰਨ ਹਸਪਤਾਲ' (ਆਰ.ਸੀ.ਐਚ) ਦੇ ਸਹਿਯੋਗ ਨਾਲ ਇੱਕ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਮਕਸਦ ਬਿਮਾਰ ਬੱਚਿਆਂ ਦੇ ਇਲਾਜ ਲਈ ਮਦਦ ਕਰਨਾ ਹੈ। ਇਸ ਤੋਂ ਇਲਾਵਾ, ਭਲਕੇ 3 ਅਪ੍ਰੈਲ ਨੂੰ ਹੋਣ ਵਾਲੀ 'ਕਲਚਰਲ ਨਾਈਟ' ਵਿੱਚ ਪਹਿਲੀ ਵਾਰ ਆਸਟ੍ਰੇਲੀਆ ਭਰ ਦੇ ਪ੍ਰਮੁੱਖ ਭੰਗੜਾ ਅਤੇ ਗਿੱਧਾ ਕਲੱਬ ਇੱਕੋ ਮੰਚ 'ਤੇ ਇਕੱਠੇ ਹੋ ਕੇ ਪੰਜਾਬੀ ਵਿਰਸੇ ਦਾ ਮੁਜ਼ਾਹਰਾ ਕਰਨਗੇ। ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ 'ਪਾਰਕਵਿਲੇ ਪ੍ਰੀਸਿੰਕਟ' ਵਰਗੇ ਵਿਸ਼ਵ ਪੱਧਰੀ ਸਪੋਰਟਸ ਸੈਂਟਰ ਨੂੰ ਖ਼ਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਇਸ ਮਹਾਕੁੰਭ ਲਈ ਚੁਣਿਆ ਗਿਆ ਹੈ, ਜੋ ਆਸਟ੍ਰੇਲੀਆ ਦੀ ਮੁੱਖ ਧਾਰਾ ਵਿੱਚ ਸਿੱਖਾਂ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ।

Comments

Leave A Comment

Required fields are marked (*).

Related

Talk to us?