ਇੱਕ 73 ਸਾਲਾ ਸਿੱਖ ਮਹਿਲਾ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕਥਿਤ ਤੌਰ ‘ਤੇ ਹਿਰਾਸਤ ਵਿੱਚ ਲਿਆ ਗਿਆ, ਜਿਸ ਕਾਰਨ ਉਹਨਾਂ ਦੇ ਪਰਿਵਾਰ ਅਤੇ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹੈ। ਹਰਜੀਤ ਕੌਰ, ਜੋ 1992 ਤੋਂ ਐਲ ਸੋਬਰਾਂਤੇ ਦੀ ਰਹਿਣ ਵਾਲੀ ਹੈ, ਨੂੰ ਸੈਨ ਫਰਾਂਸਿਸਕੋ ਵਿੱਚ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨਾਲ ਇੱਕ ਰੁਟੀਨ ਚੈਕ-ਇਨ ਦੌਰਾਨ ਹਿਰਾਸਤ ਵਿੱਚ ਲਿਆ ਗਿਆ।
ਪਰਿਵਾਰ ਦੇ ਅਨੁਸਾਰ- ਬਜ਼ੁਰਗ ਮਹਿਲਾ, ਜਿਸ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ, ਪਿਛਲੇ 13 ਸਾਲਾਂ ਤੋਂ ਵੱਧ ਸਮੇਂ ਤੋਂ ਹਰ ਛੇ ਮਹੀਨੇ ਬਾਅਦ ICE ਦੇ ਕੋਲ ਰਿਪੋਰਟ ਕਰ ਰਹੀ ਸੀ। ਉਹਨਾਂ ਦੀ ਅਸਾਇਲਮ ਅਰਜ਼ੀ 2012 ਵਿੱਚ ਰੱਦ ਹੋ ਗਈ ਸੀ, ਪਰ ਉਹ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਪਾਲਣਾ ਕਰਦੇ ਰਹੇ।
ਕੌਰ ਦੀ ਹਿਰਾਸਤ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਲਈ ਵੱਡਾ ਝਟਕਾ ਸੀ। ਉਹਨਾਂ ਦੀ ਨੂੰਹ ਮਨਜੀਤ ਕੌਰ ਨੇ ABC7 ਨੂੰ ਦੱਸਿਆ, “ਇਹ ਡਰਾਉਣਾ ਸੁਪਨਾ ਬਣ ਗਿਆ ਹੈ ਕਿ ਉਹ ਹਿਰਾਸਤ ਵਿੱਚ ਹੈ। ਅਸੀਂ ਇਸਦੀ ਉਮੀਦ ਨਹੀਂ ਕੀਤੀ ਸੀ। ਉਹ 13 ਸਾਲਾਂ ਤੋਂ ICE ਚੈਕ-ਇਨ ਕਰ ਰਹੇ ਹਨ।”
ਉਹਨਾਂ ਦੀ ਪੋਤੀ ਸੁਖਮੀਤ ਸੰਧੂ ਨੇ ਕਿਹਾ, “ਉਹਨਾਂ ਸਿਰਫ ਇਹ ਕਿਹਾ ਕਿ ਅਸੀਂ ਤੁਹਾਡੀ ਦਾਦੀ ਨੂੰ ਹਿਰਾਸਤ ਵਿੱਚ ਲੈ ਰਹੇ ਹਾਂ ਅਤੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ, ਮੈਨੂੰ ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ। ਉਸ ਤੋਂ ਬਾਅਦ ਘੰਟਿਆਂ ਤੱਕ ਉਹਨਾਂ ਬਾਰੇ ਕੁਝ ਸੁਣਨ ਨੂੰ ਨਹੀਂ ਮਿਲਿਆ ਅਤੇ ਜਦੋਂ ਮਿਲਿਆ ਤਾਂ ਉਹ ਰੋ ਰਹੇ ਸੀ ਤੇ ਸਾਡੇ ਕੋਲ ਮਦਦ ਲਈ ਬੇਨਤੀ ਕਰ ਰਹੇ ਸੀ।”
ਕੌਰ ਨੂੰ ਇਸ ਸਮੇਂ ਬੇਕਰਸਫ਼ੀਲਡ ਵਿੱਚ ਰੱਖਿਆ ਗਿਆ ਹੈ, ਜੋ ਉਹਨਾਂ ਦੇ ਪਰਿਵਾਰ ਤੋਂ ਕਈ ਘੰਟਿਆਂ ਦੀ ਦੂਰੀ ‘ਤੇ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਖਰੀ ਗੱਲਬਾਤ ਦੌਰਾਨ ਉਹ ਬਹੁਤ ਪਰੇਸ਼ਾਨ ਸੀ। ਮਨਜੀਤ ਨੇ ਕਿਹਾ, “ਜਦੋਂ ਉਹਨਾਂ ਨੇ ਸਾਨੂੰ ਕਾਲ ਕੀਤੀ ਤਾਂ ਉਹ ਬਹੁਤ ਬੇਹਾਲ ਸੀ। ਅਸੀਂ ਸਿਰਫ ਉਹਨਾਂ ਤੋਂ ਕੋਈ ਖ਼ਬਰ ਸੁਣਨ ਦੀ ਉਡੀਕ ਕਰ ਰਹੇ ਸੀ। ਅਸੀਂ ਸਾਰੇ ਹੈਰਾਨ ਤੇ ਦੁਖੀ ਸੀ।”
12 ਸਤੰਬਰ ਨੂੰ, ਭਾਈਚਾਰੇ ਦੇ ਮੈਂਬਰ ਉਹਨਾਂ ਦੀ ਹਿਰਾਸਤ ਦਾ ਵਿਰੋਧ ਕਰਨ ਅਤੇ ਉਹਨਾਂ ਦੀ ਰਿਹਾਈ ਦੀ ਮੰਗ ਕਰਨ ਲਈ ਐਪੀਅਨ ਵੇਅ ਅਤੇ ਸੈਨ ਪਾਬਲੋ ਡੈਮ ਰੋਡ ਦੇ ਨੇੜੇ, ਐਲ ਸੋਬਰਾਂਤੇ ਗੁਰਦੁਆਰੇ ਕੋਲ ਇਕੱਠੇ ਹੋਏ। ਪ੍ਰਬੰਧਕਾਂ ਨੇ ਕਿਹਾ ਕਿ ਇਕੱਠ ਦਾ ਮਕਸਦ ਏਕਤਾ ਦਿਖਾਉਣਾ ਸੀ। ਬਿਆਨ ਵਿੱਚ ਕਿਹਾ ਗਿਆ, “ਇਕੱਠੇ ਹੋ ਕੇ ਅਸੀਂ ਸਭ ਤੋਂ ਤਾਕਤਵਰ ਸੁਨੇਹਾ ਭੇਜਦੇ ਹਾਂ ਕਿ ਸਾਡੀ ਕਮਿਊਨਿਟੀ ਨੂੰ ਵੰਡਿਆ ਨਹੀਂ ਜਾ ਸਕਦਾ। ਇਕੱਠੇ ਮਿਲ ਕੇ ਅਸੀਂ ਹਰਜੀਤ ਕੌਰ ਨੂੰ ਘਰ ਵਾਪਸ ਲਿਆ ਸਕਦੇ ਹਾਂ।”
ਇਸ ਹਿਰਾਸਤ ਨੇ ਰਾਜਨੀਤਿਕ ਧਿਆਨ ਵੀ ਖਿੱਚਿਆ। ਕਾਂਗਰਸਮੈਨ ਜੌਨ ਗਰਾਮੇਂਡੀ ਦਾ ਦਫਤਰ ਇਸ ਵਿੱਚ ਸ਼ਾਮਲ ਹੋ ਗਿਆ ਹੈ। ਉਹਨਾਂ ਦੇ ਰਿਚਮੰਡ ਪ੍ਰਤਿਨਿਧੀ ਹਰਪ੍ਰੀਤ ਸੰਧੂ ਨੇ ਕਿਹਾ, “ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਹ ਰਿਹਾਅ ਹੋਣ ਅਤੇ ਜੇ ਉਹ ਖ਼ੁਦ ਦੇਸ਼ ਛੱਡਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਉਹ ਮੌਕਾ ਮਿਲੇਗਾ।”
ਸਟੇਟ ਸੈਨੇਟਰ ਜੈਸੀ ਅਰੇਗੁਇਨ ਨੇ ਐਕਸ ‘ਤੇ ICE ਦੀ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਕਿਹਾ, "ICE ਵੱਲੋਂ ਗ੍ਰਿਫ਼ਤਾਰ ਕੀਤੇ 70% ਤੋਂ ਵੱਧ ਲੋਕਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ। ਹੁਣ ਉਹ ਸ਼ਾਂਤ ਦਾਦੀਆਂ ਦੇ ਪਿੱਛੇ ਲੱਗ ਗਏ ਹਨ। ਇਹ ਸ਼ਰਮਨਾਕ ਕੰਮ ਸਾਡੀਆਂ ਕਮਿਊਨਿਟੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਮੈਂ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕਰਦਾ ਹਾਂ।”
ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਪ੍ਰੋਗਰੈਸਿਵ ਕਾਕਸ ਦੇ ਵਕੀਲ ਅਤੇ ਐਗਜ਼ੈਕਟਿਵ ਬੋਰਡ ਮੈਂਬਰ ਅਮਰ ਸ਼ੇਰਗਿੱਲ ਨੇ ਵੀ ਹਿਰਾਸਤ ਦੀ ਨਿੰਦਾ ਕੀਤੀ। ਉਸ ਨੇ ਐਕਸ ‘ਤੇ ਲਿਖਿਆ, “ਉਹ 73 ਸਾਲ ਦੀ ਹੈ, 13 ਸਾਲਾਂ ਤੋਂ ਬਿਨਾਂ ਕਿਸੇ ਸਮੱਸਿਆ ਦੇ ਇਮੀਗ੍ਰੇਸ਼ਨ ਚੈਕ-ਇਨ ਕਰਨ ਤੋਂ ਬਾਅਦ ਹੁਣ ਬੇਕਰਸਫ਼ੀਲਡ ਜੇਲ੍ਹ ਵਿੱਚ ਤੜਫ਼ ਰਹੀ ਹੈ। ਉਹ ਇਕ ਦਰਜ਼ੀ ਹੈ ਜੋ ਟੈਕਸ ਭਰਦੀ ਹੈ, ਆਪਣੇ ਪੋਤਰੇ-ਪੋਤਰੀਆਂ ਦੀ ਦੇਖਭਾਲ ਕਰਦੀ ਹੈ ਅਤੇ ਚੈਰਿਟੀਆਂ ਦਾ ਸਹਿਯੋਗ ਕਰਦੀ ਹੈ। ਅਸੀਂ ਦੇਸ਼ ਭਰ ਵਿੱਚ ਉਸ ਵਰਗੇ ਕਈ ਕੇਸਾਂ ਲਈ ਲੜ ਰਹੇ ਹਾਂ।”
Comments
Start the conversation
Become a member of New India Abroad to start commenting.
Sign Up Now
Already have an account? Login