ਇੱਕ ਭਾਰਤੀ ਨਾਗਰਿਕ ਜੋ ਲਗਭਗ 20 ਸਾਲ ਪਹਿਲਾਂ ਸੰਯੁਕਤ ਰਾਜ ਅਮਰੀਕਾ ਤੋਂ ਭੱਜ ਗਿਆ ਸੀ, ਉਸਨੂੰ ਨਸਾਉ ਕਾਊਂਟੀ (ਨਿਊਯਾਰਕ) ਵਿੱਚ ਹੱਤਿਆ ਦੇ ਦੋਸ਼ਾਂ (manslaughter charges) ਦਾ ਸਾਹਮਣਾ ਕਰਨ ਲਈ ਭਾਰਤ ਤੋਂ ਵਾਪਸ ਲਿਆਂਦਾ ਗਿਆ ਹੈ। ਇਹ 2017 ਤੋਂ ਬਾਅਦ ਭਾਰਤ ਤੋਂ ਅਮਰੀਕਾ ਦੀ ਪਹਿਲੀ ਹਵਾਲਗੀ ਹੈ।
54 ਸਾਲਾਂ ਗਣੇਸ਼ ਸ਼ੇਣੋਈ ਨੂੰ 26 ਸਤੰਬਰ ਨੂੰ ਜੱਜ ਹੇਲੇਨ ਗੁਗਰਟੀ ਦੇ ਸਾਹਮਣੇ 44 ਸਾਲਾ ਫਿਲਿਪ ਮਾਸਟ੍ਰੋਪੋਲੋ ਦੀ ਅਪ੍ਰੈਲ 2005 ਵਿੱਚ ਹੋਈ ਮੌਤ ਦੇ ਸਬੰਧ ਵਿੱਚ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਤਹਿਤ ਪੇਸ਼ ਕੀਤਾ ਗਿਆ। ਉਸਨੇ ਆਪਣਾ ਦੋਸ਼ ਕਬੂਲ ਨਹੀਂ ਕੀਤਾ ਪਰ ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਨਸਾਉ ਕਾਊਂਟੀ ਦੀ ਜ਼ਿਲ੍ਹਾ ਅਟਾਰਨੀ ਐਨ ਟੀ. ਡੋਨਲੀ ਨੇ ਕਿਹਾ, “ਕਈ ਦਹਾਕਿਆਂ ਤੱਕ ਕਾਨੂੰਨ ਤੋਂ ਭੱਜਣ ਅਤੇ ਮੁਕੱਦਮੇ ਤੋਂ ਬਚਣ ਦੇ ਬਾਵਜੂਦ, ਆਖਿਰਕਾਰ ਅਸੀਂ ਇਸ ਮੁਲਜ਼ਮ ਨੂੰ ਅਮਰੀਕਾ ਵਾਪਸ ਲੈ ਆਏ ਹਾਂ ਤਾਂ ਜੋ ਇੱਕ ਪਤੀ ਅਤੇ ਦੋ ਬੱਚਿਆਂ ਦੇ ਪਿਤਾ ਦੀ ਮੌਤ ਲਈ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਫਿਲਿਪ ਦੇ ਪਰਿਵਾਰ ਨੇ ਸਾਲਾਂ ਤੱਕ ਦਰਦ ਅਤੇ ਪੀੜਾ ਝੱਲੀ ਕਿ ਜਿਸ ਵਿਅਕਤੀ ਨੇ ਇਹ ਕੀਤਾ ਸੀ ਉਹ ਬਹੁਤ ਦੂਰ ਸੀ, ਪਰ ਹੁਣ ਨਹੀਂ। ਗਣੇਸ਼ ਸ਼ੇਣੋਈ ਹੁਣ ਆਪਣੇ ਕਾਰਨਾਮਿਆਂ ਲਈ ਜਵਾਬਦੇਹ ਹੋਵੇਗਾ।”
ਪ੍ਰੋਸੀਕਿਊਟਰਾਂ ਦੇ ਅਨੁਸਾਰ, 11 ਅਪ੍ਰੈਲ 2005, ਸਵੇਰੇ 6:00 ਵਜੇ, ਸ਼ੇਣੋਈ ਨੇ ਲੇਵਿੱਟਾਊਨ ਪਾਰਕਵੇਅ ਅਤੇ ਓਲਡ ਕੰਟਰੀ ਰੋਡ ਦੇ ਚੌਰਾਹੇ ’ਤੇ ਲਾਲ ਬੱਤੀ ਦੀ ਉਲੰਘਣਾ ਕੀਤੀ ਅਤੇ ਤੇਜ਼ ਰਫ਼ਤਾਰ ਨਾਲ ਚਲਦੇ ਹੋਏ ਕਾਰ ਨੂੰ ਟੱਕਰ ਮਾਰੀ। ਟੱਕਰ ਨੇ ਕਾਰ ਨੂੰ ਤਬਾਹ ਕਰ ਦਿੱਤਾ। ਮਾਸਟਰੋਪੋਲੋ, ਜੋ ਦੋ ਬੱਚਿਆਂ ਦੇ ਪਿਤਾ ਸਨ, ਨੂੰ ਮੌਕੇ ’ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।
ਹਾਦਸੇ ਤੋਂ ਬਾਅਦ, ਸ਼ੇਣੋਈ ਹਸਪਤਾਲ ਤੋਂ ਭੱਜ ਗਿਆ। ਭਾਵੇਂ ਉਸ ਦੇ ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਜ਼ਬਤ ਕਰ ਲਏ ਗਏ ਸਨ, ਉਹ 25 ਅਪ੍ਰੈਲ 2005 ਨੂੰ ਜੇ.ਐੱਫ.ਕੇ. ਏਅਰਪੋਰਟ ਤੋਂ ਉੱਡਾਨ ਭਰ ਕੇ ਮੁੰਬਈ ਪਹੁੰਚ ਗਿਆ।
ਅਗਸਤ 2005 ਵਿੱਚ ਉਸ ਦੇ ਖਿਲਾਫ ਹੱਤਿਆ ਦੀ ਚਾਰਜਸ਼ੀਟ ਦਾਇਰ ਕੀਤੀ ਗਈ, ਜਿਸ ਤੋਂ ਬਾਅਦ ਗ੍ਰਿਫਤਾਰੀ ਵਾਰੰਟ ਅਤੇ ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤਾ ਗਿਆ।
ਅਮਰੀਕੀ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ, ਜਸਟਿਸ ਡਿਪਾਰਟਮੈਂਟ ਦੇ ਇੰਟਰਨੈਸ਼ਨਲ ਅਫੇਅਰਜ਼ ਦਫਤਰ, ਅਤੇ ਯੂ.ਐਸ. ਮਾਰਸ਼ਲ ਸੇਵਾ ਦਾ ਧੰਨਵਾਦ ਕੀਤਾ, ਜੋ ਇਸ ਹਵਾਲਗੀ ਵਿੱਚ ਸਹਾਇਕ ਸਾਬਤ ਹੋਏ। ਸ਼ੇਣੋਈ 14 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਵੇਗਾ। ਜੇਕਰ ਦੋਸ਼ੀ ਕਰਾਰ ਦਿੱਤਾ ਗਿਆ, ਤਾਂ ਉਸਨੂੰ 5 ਤੋਂ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login