ADVERTISEMENT

ADVERTISEMENT

ਅਮਰੀਕਾ: ਸ਼ਿਕਾਗੋ ਨੇੜੇ ਭਿਆਨਕ ਸੜਕ ਹਾਦਸਾ, 25 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ

 Representative image Representative image / Pexels

ਅਧਿਕਾਰੀਆਂ ਨੇ 18 ਮਈ ਨੂੰ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਸ਼ਿਕਾਗੋ ਨੇੜੇ ਹੋਏ ਇੱਕ ਦੁਖਦਾਈ ਸੜਕ ਹਾਦਸੇ ਵਿੱਚ 25 ਸਾਲਾ ਭਾਰਤੀ ਵਿਦਿਆਰਥਣ ਦੀ ਜਾਨ ਚਲੀ ਗਈ, ਜਦਕਿ ਛੇ ਹੋਰ ਲੋਕ ਜ਼ਖਮੀ ਹੋ ਗਏ। ਪੁਲਿਸ ਅਨੁਸਾਰ, ਇਹ ਘਾਤਕ ਹਾਦਸਾ 16 ਮਈ ਨੂੰ ਲੇਕ ਕਾਊਂਟੀ, ਇੰਡੀਆਨਾ ਵਿੱਚ ਕਰਾਊਨ ਪੁਆਇੰਟ ਨੇੜੇ ਇੰਟਰਸਟੇਟ 65 'ਤੇ ਵਾਪਰਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਵਿਦਿਆਰਥਣ ਦੀ ਪਛਾਣ ਨਵਿਆ ਗਾਦੂਸੂ ਵਜੋਂ ਹੋਈ ਹੈ। ਲੇਕ ਕਾਊਂਟੀ ਕੋਰੋਨਰ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਉਸ ਨੂੰ 17 ਮਈ ਨੂੰ ਤੜਕੇ 12:16 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਗਾਦੂਸੂ ਦੀ ਮੌਤ ਹਾਦਸੇ ਦੌਰਾਨ ਸਰੀਰ 'ਤੇ ਲੱਗੀਆਂ ਗੰਭੀਰ ਸੱਟਾਂ ਕਾਰਨ ਹੋਈ। ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਿਕਾਗੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਲਗਾਤਾਰ ਸੰਪਰਕ ਵਿੱਚ ਹਨ। ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ। "ਸ਼ਿਕਾਗੋ ਨੇੜੇ ਇੱਕ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਨਵਿਆ ਗਾਦੂਸੂ ਦੇ ਦੁਖਦਾਈ ਦੇਹਾਂਤ ਤੋਂ ਸਾਨੂੰ ਬਹੁਤ ਦੁੱਖ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿੱਚ ਉਸਦੇ ਪਰਿਵਾਰ ਅਤੇ ਦੋਸਤਾਂ ਨਾਲ ਸਾਡੀ ਦਿਲੀ ਹਮਦਰਦੀ ਹੈ। ਕੌਂਸਲੇਟ ਮ੍ਰਿਤਕਾ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਉਨ੍ਹਾਂ ਦੋਸਤਾਂ ਅਤੇ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਸੰਪਰਕ ਵਿੱਚ ਹਾਂ ਜੋ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਮਦਦ ਕਰ ਰਹੇ ਹਨ।"

ਇੰਡੀਆਨਾ ਸਟੇਟ ਪੁਲਿਸ ਅਨੁਸਾਰ ਇਹ ਹਾਦਸਾ 16 ਮਈ ਨੂੰ ਰਾਤ ਲਗਭਗ 11:15 ਵਜੇ ਵਾਪਰਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਸੱਤ ਬਾਲਗਾਂ ਨੂੰ ਲੈ ਕੇ ਜਾ ਰਹੀ ਇੱਕ ਲਾਲ ਰੰਗ ਦੀ ਮਿਨੀਵੈਨ ਇੱਕ ਹੋਰ ਗੱਡੀ ਦੇ ਪਿੱਛੇ 10 ਤੋਂ 15 ਮੀਲ ਪ੍ਰਤੀ ਘੰਟਾ ਦੀ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ, ਜਿਸ ਗੱਡੀ ਵਿੱਚ ਕਥਿਤ ਤੌਰ 'ਤੇ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ।

ਪੁਲਿਸ ਨੇ ਦੱਸਿਆ ਕਿ ਪਿੱਛੋਂ ਆ ਰਹੀ ਇੱਕ ਹੋਰ ਕਾਰ ਦਾ ਡਰਾਈਵਰ ਇਹ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਮਿਨੀਵੈਨ ਕਿੰਨੀ ਹੌਲੀ ਚੱਲ ਰਹੀ ਸੀ। ਉਸ ਨੇ ਟੱਕਰ ਤੋਂ ਬਚਣ ਲਈ ਆਪਣੀ ਕਾਰ ਨੂੰ ਖੱਬੇ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਗੱਡੀ ਮਿਨੀਵੈਨ ਦੇ ਖੱਬੇ ਪਾਸੇ ਜ਼ੋਰਦਾਰ ਤਰੀਕੇ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਮਿਨੀਵੈਨ ਸੜਕ ਤੋਂ ਉਤਰ ਕੇ ਇੱਕ ਖੱਡ ਵਿੱਚ ਜਾ ਡਿੱਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਸ ਖ਼ਰਾਬ ਗੱਡੀ ਦੇ ਪਿੱਛੇ ਮਿਨੀਵੈਨ ਚੱਲ ਰਹੀ ਸੀ, ਉਹ ਇਸ ਟੱਕਰ ਦੀ ਲਪੇਟ ਵਿੱਚ ਨਹੀਂ ਆਈ।

ਜਾਂਚ ਦੌਰਾਨ ਸਾਹਮਣੇ ਆਏ ਹੋਰ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਉਸ ਮਿਨੀਵੈਨ ਵਿੱਚ ਸਿਰਫ਼ ਅੱਗੇ ਦੀਆਂ ਦੋ ਸੀਟਾਂ ਹੀ ਲੱਗੀਆਂ ਹੋਈਆਂ ਸਨ। ਪੁਲਿਸ ਨੇ ਦੱਸਿਆ ਕਿ ਬਾਕੀ ਪੰਜ ਸਵਾਰੀਆਂ ਬਿਨਾਂ ਸੀਟ ਬੈਲਟ ਲਗਾਏ ਬੈਠੀਆਂ ਸਨ। ਇੰਡੀਆਨਾ ਸਟੇਟ ਪੁਲਿਸ ਵੱਲੋਂ ਇਸ ਹਾਦਸੇ ਦੇ ਹਾਲਾਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Comments

Related