ADVERTISEMENT

ADVERTISEMENT

ਅਮਰੀਕਾ ਵਿੱਚ ‘ਬਰਥ ਟੂਰਿਜ਼ਮ’ ‘ਤੇ ਸਖ਼ਤੀ: ICE ਨੇ ਨਵੀਂ ਜਾਂਚ ਮੁਹਿੰਮ ਕੀਤੀ ਸ਼ੁਰੂ

ਅਮਰੀਕਾ ਵਿੱਚ ਬਰਥ ਟੂਰਿਜ਼ਮ ‘ਤੇ ਸਿੱਧਾ ਪੂਰਨ ਪ੍ਰਤੀਬੰਧ ਨਹੀਂ ਹੈ

18 ਮਈ, 2018 ਨੂੰ ਸੈਨ ਡਿਏਗੋ, ਕੈਲੀਫੋਰਨੀਆ, ਅਮਰੀਕਾ ਵਿੱਚ ਇਸ ਫਾਈਲ ਫੋਟੋ ਵਿੱਚ ਇੱਕ ICE ਅਧਿਕਾਰੀ ਦਿਖਾਈ ਦੇ ਰਿਹਾ ਹੈ। / REUTERS/Lucy Nicholson/File Photo

ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਕਥਿਤ “ਬਰਥ ਟੂਰਿਜ਼ਮ” (ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦੇ ਮਕਸਦ ਨਾਲ ਅਮਰੀਕਾ ਆ ਕੇ ਜਨਮ ਦੇਣਾ) ‘ਤੇ ਸਖ਼ਤੀ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਇੱਕ ਨਵੀਂ ਜਾਂਚ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਉਹਨਾਂ ਨੈੱਟਵਰਕਾਂ ਦਾ ਪਤਾ ਲਗਾਉਣਾ ਹੈ ਜੋ ਗਰਭਵਤੀ ਵਿਦੇਸ਼ੀ ਮਹਿਲਾਵਾਂ ਨੂੰ ਝੂਠੀ ਜਾਣਕਾਰੀ ਦੇ ਕੇ ਵੀਜ਼ਾ ਲੈਣ ਅਤੇ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇਣ ਵਿੱਚ ਮਦਦ ਕਰਦੇ ਹਨ।

ਰਾਇਟਰਜ਼ ਵੱਲੋਂ ਵੇਖੇ ਗਏ 9 ਅਪ੍ਰੈਲ ਦੇ ਇੱਕ ਅੰਦਰੂਨੀ ਈਮੇਲ ਮੁਤਾਬਕ, ICE ਨੇ ਦੇਸ਼ ਭਰ ਦੇ ਆਪਣੇ ਜਾਂਚ ਅਧਿਕਾਰੀਆਂ ਨੂੰ “ਬਰਥ ਟੂਰਿਜ਼ਮ ਇਨਿਸ਼ੀਏਟਿਵ” ਨਾਮ ਹੇਠ ਨਵਾਂ ਅਭਿਆਨ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਸ ਮੁਹਿੰਮ ਦੀ ਅਗਵਾਈ ICE ਦੀ ਹੋਮਲੈਂਡ ਸਿਕਿਊਰਿਟੀ ਇਨਵੈਸਟੀਗੇਸ਼ਨਜ਼ (HSI) ਸ਼ਾਖਾ ਕਰੇਗੀ।

ਇਸ ਪਹਿਲ ਦਾ ਮਕਸਦ ਉਹਨਾਂ ਸੁਗਠਿਤ ਨੈੱਟਵਰਕਾਂ ਨੂੰ ਬੇਨਕਾਬ ਕਰਨਾ ਹੈ, ਜੋ ਵਿਦੇਸ਼ੀ ਮਹਿਲਾਵਾਂ ਨੂੰ ਅਮਰੀਕਾ ਲਿਆ ਕੇ ਇੱਥੇ ਬੱਚੇ ਨੂੰ ਜਨਮ ਦਿਵਾਉਂਦੇ ਹਨ, ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ।

ਵ੍ਹਾਈਟ ਹਾਊਸ ਦੀ ਬੁਲਾਰਣ ਐਨਾ ਕੈਲੀ ਨੇ ਕਿਹਾ ਕਿ ਬੇਰੋਕ-ਟੋਕ ਬਰਥ ਟੂਰਿਜ਼ਮ ਅਮਰੀਕੀ ਟੈਕਸਦਾਤਿਆਂ ‘ਤੇ ਵੱਡਾ ਬੋਝ ਪਾਂਦਾ ਹੈ ਅਤੇ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਜਨਮ ਦੇ ਆਧਾਰ ‘ਤੇ ਆਪਣੇ ਆਪ ਨਾਗਰਿਕਤਾ ਨਹੀਂ ਦਿੰਦੇ।

ਹਾਲਾਂਕਿ, ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਊਰਿਟੀ (DHS) ਨੇ ਚੱਲ ਰਹੀਆਂ ਜਾਂਚਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ, ਪਰ ਇਹ ਮੰਨਿਆ ਹੈ ਕਿ ਕੁਝ ਨੈੱਟਵਰਕ ਇਸ ਤਰ੍ਹਾਂ ਦੀ ਯਾਤਰਾ ਨੂੰ ਸੁਗਮ ਬਣਾਉਂਦੇ ਹਨ। ਵਿਭਾਗ ਨੇ ਕਿਹਾ ਕਿ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇਣਾ ਆਪਣੇ ਆਪ ਵਿੱਚ ਗੈਰਕਾਨੂੰਨੀ ਨਹੀਂ ਹੈ, ਪਰ ਜੇਕਰ ਇਸ ਲਈ ਵੀਜ਼ਾ ਅਰਜ਼ੀ ਵਿੱਚ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਜਾਂ ਫੈਡਰਲ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਤਾਂ ਕਾਰਵਾਈ ਕੀਤੀ ਜਾਵੇਗੀ।

ਅਮਰੀਕਾ ਵਿੱਚ ਬਰਥ ਟੂਰਿਜ਼ਮ ‘ਤੇ ਸਿੱਧਾ ਪੂਰਨ ਪ੍ਰਤੀਬੰਧ ਨਹੀਂ ਹੈ। ਪਰ 2020 ਵਿੱਚ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਲਾਗੂ ਕੀਤੇ ਗਏ ਨਿਯਮ ਤਹਿਤ, ਟੂਰਿਸਟ ਜਾਂ ਬਿਜ਼ਨਸ ਵੀਜ਼ਾ ਦਾ ਇਸਤੇਮਾਲ ਮੁੱਖ ਤੌਰ ‘ਤੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦੇ ਮਕਸਦ ਨਾਲ ਨਹੀਂ ਕੀਤਾ ਜਾ ਸਕਦਾ।

ਜੇਕਰ ਕੋਈ ਵਿਅਕਤੀ ਇਸ ਮਕਸਦ ਲਈ ਝੂਠੀ ਜਾਣਕਾਰੀ ਦੇ ਕੇ ਵੀਜ਼ਾ ਲੈਂਦਾ ਹੈ, ਤਾਂ ਉਸ ‘ਤੇ ਧੋਖਾਧੜੀ ਜਾਂ ਹੋਰ ਸੰਬੰਧਿਤ ਅਪਰਾਧਾਂ ਹੇਠ ਕੇਸ ਚਲਾਇਆ ਜਾ ਸਕਦਾ ਹੈ।

ਅਮਰੀਕਾ ਵਿੱਚ ਹਰ ਸਾਲ ਕਿੰਨੀ ਵਿਦੇਸ਼ੀ ਮਹਿਲਾਵਾਂ ਸਿਰਫ਼ ਬੱਚੇ ਨੂੰ ਜਨਮ ਦੇਣ ਲਈ ਆਉਂਦੀਆਂ ਹਨ, ਇਸ ਬਾਰੇ ਕੋਈ ਅਧਿਕਾਰਕ ਅੰਕੜੇ ਮੌਜੂਦ ਨਹੀਂ ਹਨ। ਹਾਲਾਂਕਿ, ਘੱਟ ਇਮੀਗ੍ਰੇਸ਼ਨ ਦਾ ਸਮਰਥਨ ਕਰਨ ਵਾਲੀ ਸੰਸਥਾ ਸੈਂਟਰ ਫਾਰ ਇਮੀਗ੍ਰੇਸ਼ਨ ਸਟਡੀਜ਼ ਨੇ 2020 ਦੀ ਇੱਕ ਰਿਪੋਰਟ ਵਿੱਚ ਅਨੁਮਾਨ ਲਗਾਇਆ ਸੀ ਕਿ 2016-17 ਦੇ ਇੱਕ ਸਾਲ ਦੇ ਅਰਸੇ ਵਿੱਚ 20,000 ਤੋਂ 25,000 ਮਹਿਲਾਵਾਂ ਇਸ ਮਕਸਦ ਨਾਲ ਅਮਰੀਕਾ ਆਈਆਂ ਸਨ।

ਇਸ ਦੇ ਮੁਕਾਬਲੇ, 2025 ਵਿੱਚ ਅਮਰੀਕਾ ਵਿੱਚ ਕੁੱਲ 36 ਲੱਖ ਜਨਮ ਦਰਜ ਕੀਤੇ ਗਏ ਸਨ, ਇਸ ਲਈ ਬਰਥ ਟੂਰਿਜ਼ਮ ਕੁੱਲ ਜਨਮਾਂ ਦਾ ਇੱਕ ਛੋਟਾ ਹਿੱਸਾ ਹੀ ਮੰਨਿਆ ਜਾਂਦਾ ਹੈ।

ਰਿਪਬਲਿਕਨ ਨੇਤਾ ਲੰਮੇ ਸਮੇਂ ਤੋਂ ਬਰਥ ਟੂਰਿਜ਼ਮ ਨੂੰ ਜਨਮਸਿੱਧ ਨਾਗਰਿਕਤਾ (Birthright Citizenship) ਨੂੰ ਸੀਮਿਤ ਕਰਨ ਦੇ ਤਰਕ ਵਜੋਂ ਪੇਸ਼ ਕਰਦੇ ਆ ਰਹੇ ਹਨ। ਅਮਰੀਕਾ ਵਿੱਚ ਸੰਵਿਧਾਨ ਦੇ ਇੱਕ ਸੋਧ ਤਹਿਤ ਲੰਮੇ ਸਮੇਂ ਤੋਂ ਇਹ ਪ੍ਰਾਵਧਾਨ ਹੈ ਕਿ ਅਮਰੀਕੀ ਧਰਤੀ ‘ਤੇ ਜਨਮ ਲੈਣ ਵਾਲਾ ਬੱਚਾ ਨਾਗਰਿਕ ਮੰਨਿਆ ਜਾਂਦਾ ਹੈ।

ਟਰੰਪ ਨੇ ਜਨਵਰੀ 2025 ਵਿੱਚ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਇੱਕ ਕਾਰਜਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਬੱਚੇ ਦੇ ਮਾਪੇ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਹੀਂ ਹਨ, ਤਾਂ ਅਜਿਹੇ ਬੱਚਿਆਂ ਨੂੰ ਨਾਗਰਿਕਤਾ ਨਾ ਦਿੱਤੀ ਜਾਵੇ।

ਹਾਲਾਂਕਿ, ਕਈ ਫੈਡਰਲ ਜੱਜਾਂ ਨੇ ਇਸ ਹੁਕਮ ‘ਤੇ ਰੋਕ ਲਾ ਦਿੱਤੀ ਹੈ ਅਤੇ ਇਹ ਮਾਮਲਾ ਹੁਣ ਅਮਰੀਕੀ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ।

ਟਰੰਪ ਪ੍ਰਸ਼ਾਸਨ ਦੀ ਤਰਫ਼ੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਸਾਲਿਸਟਰ ਜਨਰਲ ਡੀ. ਜੌਨ ਸਾਵਰ ਨੇ ਦਲੀਲ ਦਿੱਤੀ ਕਿ ਜਨਮਸਿੱਧ ਨਾਗਰਿਕਤਾ ਦੀ ਮੌਜੂਦਾ ਪ੍ਰਥਾ ਨੇ “ਬਰਥ ਟੂਰਿਜ਼ਮ” ਦੇ ਇੱਕ ਵੱਡੇ ਉਦਯੋਗ ਨੂੰ ਜਨਮ ਦਿੱਤਾ ਹੈ।

ICE ਦਾ ਕਹਿਣਾ ਹੈ ਕਿ ਇਸ ਦਾ ਨਵਾਂ ਅਭਿਆਨ ਮੁੱਖ ਤੌਰ ‘ਤੇ ਧੋਖਾਧੜੀ, ਵਿੱਤੀ ਅਪਰਾਧ ਅਤੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਕਿਰਿਆ ਦਾ ਗਲਤ ਫਾਇਦਾ ਚੁੱਕਣ ਵਾਲੇ ਸੁਗਠਿਤ ਨੈੱਟਵਰਕਾਂ ‘ਤੇ ਕੇਂਦ੍ਰਿਤ ਹੋਵੇਗਾ। ਹਾਲਾਂਕਿ, ਅਜੇ ਇਹ ਸਪਸ਼ਟ ਨਹੀਂ ਹੈ ਕਿ ਇਸ ਮੁਹਿੰਮ ਤੋਂ ਕਿੰਨੇ ਮਾਮਲੇ ਸਾਹਮਣੇ ਆਉਣਗੇ।

ਇਸ ਤੋਂ ਪਹਿਲਾਂ 2019 ਵਿੱਚ ਦੱਖਣੀ ਕੈਲੀਫੋਰਨੀਆ ਵਿੱਚ “ਬਰਥ ਹਾਊਸ” ਚਲਾਉਣ ਵਾਲੇ ਇੱਕ ਵੱਡੇ ਗਿਰੋਹ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਇਸ ਮਾਮਲੇ ਵਿੱਚ ਚੀਨੀ ਨਾਗਰਿਕ ਡੋਂਗਯੁਆਨ ਲੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਸਨੂੰ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ। ਇੱਕ ਹੋਰ ਦੋਸ਼ੀ ਚਾਓ “ਐਡਵਿਨ” ਚੈਨ ਨੂੰ 2020 ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਉਹ ਅਮਰੀਕਾ ਛੱਡ ਕੇ ਚੀਨ ਭੱਜ ਗਿਆ ਸੀ।

ਇਹ ਨਵੀਂ ਮੁਹਿੰਮ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਸਖ਼ਤ ਬਣਾਉਣ ਅਤੇ ਵੀਜ਼ਾ ਧੋਖਾਧੜੀ ‘ਤੇ ਰੋਕ ਲਗਾਉਣ ਲਈ ਟਰੰਪ ਪ੍ਰਸ਼ਾਸਨ ਦੀ ਵੱਡੀ ਨੀਤੀ ਦਾ ਹਿੱਸਾ ਮੰਨੀ ਜਾ ਰਹੀ ਹੈ।

Comments

Related

To continue...

Already have an account? Log in

Create your free account or log in